ਲੁਧਿਆਣਾ:26 ਜਨਵਰੀ ਦਿਨ, ਐਤਵਾਰ ਨੂੰ ਦੇਸ਼ ਭਰ ਵਿੱਚ 76ਵਾਂ ਗਣਤੰਤਰ ਦਿਵਸ ਮਨਾਇਆ ਜਾਵੇਗਾ। ਇਸ ਨੂੰ ਲੈ ਕੇ ਦਿੱਲੀ ਦੇ ਰਾਜਪਥ ਉੱਤੇ ਹਰ ਸੂਬੇ ਦੀ ਝਾਕੀ ਦਿਖਾਈ ਦੇਵੇਗੀ ਜਿਸ ਵਿੱਚ ਇਸ ਵਾਰ ਪੰਜਾਬ ਦੀ ਝਾਕੀ ਵੀ ਆਪਣਾ ਰੰਗ ਦਿਖਾਏਗੀ। ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਆਪਣੇ ਐਕਸ ਅਕਾਊਂਟ 'ਤੇ ਪੰਜਾਬ ਦੀ ਝਾਕੀ ਦੀਆਂ ਤਸਵੀਰਾਂ ਇਸ ਵਾਰ ਸ਼ੇਅਰ ਕੀਤੀਆਂ ਗਈਆਂ ਹਨ।
ਰਵਨੀਤ ਬਿੱਟੂ ਨੇ ਲਿਖਿਆ ਹੈ ਕਿ ਮੇਰਾ ਦਿਲ ਪੰਜਾਬ ਦੇ ਲਈ ਧੜਕਦਾ ਹੈ ਅਤੇ ਇਸ ਕਰਕੇ ਮੈਂ ਪੰਜਾਬ ਦੀ ਝਾਕੀ ਦੀਆਂ ਤਸਵੀਰਾਂ ਲੈਣ ਤੋਂ ਨਹੀਂ ਰਹਿ ਪਾਇਆ। ਹੁਣੇ ਹੀ ਦਿੱਲੀ ਵਿੱਚ ਗਣਤੰਤਰ ਦਿਵਸ ਰਿਹਰਸਲ ਲਈ ਜਾ ਰਹੀ ਪੰਜਾਬ ਦੀ ਝਾਕੀ ਦੇਖੀ - ਇਹ ਸੱਚਮੁੱਚ ਮਨਮੋਹਕ ਸੀ।ਪੰਜਾਬ ਦੀ ਝਾਕੀ ਇਸ ਵਾਰ ਗਣਤੰਤਰ ਦਿਹਾੜੇ ਮੌਕੇ ਪੇਸ਼ ਹੋਵੇਗੀ।
ਗਣਤੰਤਰ ਦਿਹਾੜੇ ਨੂੰ ਲੈ ਕੇ ਦਿੱਲੀ ਦੇ ਵਿੱਚ ਚੱਲ ਰਹੀ ਰਿਹਰਸਲ ਦੇ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਪੰਜਾਬ ਦੀ ਝਾਕੀ ਦੀ ਇਹ ਤਸਵੀਰ ਖਿੱਚੀ ਗਈ ਅਤੇ ਆਪਣੇ ਐਕਸ ਅਕਾਊਂਟ ਉੱਤੇ ਸਾਂਝੀ ਕੀਤੀ ਗਈ ਹੈ। ਉਨ੍ਹਾਂ ਨੇ ਜ਼ਾਹਿਰ ਕੀਤਾ ਹੈ ਕਿ ਇਸ ਵਾਰ ਪੰਜਾਬ ਦੀ ਝਾਕੀ ਵੀ ਸ਼ਾਮਿਲ ਕੀਤੀ ਗਈ ਹੈ।
4 ਹਿੱਸਿਆਂ ਵਿੱਚ ਦਰਸਾਇਆ ਜਾਵੇਗਾ ਪੰਜਾਬ
ਇਸ ਵਾਰ ਪੰਜਾਬ ਦੀ ਝਾਕੀ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਜਿਸ ਵਿੱਚ ਪੰਜਾਬ ਦੀ ਖੇਤੀਬਾੜੀ ਨੂੰ ਦਰਸਾਇਆ ਗਿਆ ਹੈ। ਇਸ ਤੋਂ ਇਲਾਵਾ ਲੋਕ ਗੀਤ ਤੇ ਫੁਲਕਾਰੀ, ਪੰਜਾਬ ਦੇ ਸੱਭਿਆਚਾਰ ਅਤੇ ਪੰਜਾਬ ਦੇ ਵਿਰਸੇ ਨੂੰ ਇਹ ਝਾਂਕੀ ਪੇਸ਼ ਕਰਦੀ ਹੈ। ਇਸ ਤੋਂ ਇਲਾਵਾ ਚੌਥੇ ਹਿੱਸੇ ਵਿੱਚ ਪੰਜਾਬੀ ਦੇ ਮਹਾਨ ਕਵੀ ਬਾਬਾ ਸ਼ੇਖ ਫ਼ਰੀਦ ਨੂੰ ਦਰਸਾਇਆ ਗਿਆ ਹੈ। ਇਹ ਪੰਜਾਬ ਦੇ ਸੱਭਿਆਚਾਰ ਨੂੰ ਪੇਸ਼ ਕਰਨ ਵਾਲੀ ਝਾਕੀ ਹੈ।
ਪਿਛਲੇ ਸਾਲ ਪੰਜਾਬ ਦੀ ਝਾਕੀ ਨੂੰ ਨਹੀ ਕੀਤਾ ਗਿਆ ਸੀ ਸ਼ਾਮਲ
ਇਸ ਤੋਂ ਇਲਾਵਾ, ਜੇਕਰ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਝਾਕੀ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਦੀ ਝਾਕੀ ਨੂੰ ਉਸ ਸਮੇਂ ਗਣਤੰਤਰ ਦਿਹਾੜੇ ਮੌਕੇ ਸ਼ਾਮਿਲ ਨਹੀਂ ਕੀਤਾ ਗਿਆ ਹੈ। ਇਸ ਨੂੰ ਲੈ ਕੇ ਕਾਫੀ ਰਾਜਨੀਤੀ ਵੀ ਗਰਮਾਈ ਰਹੀ। ਇੰਨਾ ਹੀ ਨਹੀਂ, ਪੰਜਾਬ ਦੀ ਝਾਕੀ ਨੂੰ ਪੰਜਾਬ ਵਿੱਚ ਘੁੰਮਾਇਆ ਗਿਆ। ਖਾਸ ਕਰਕੇ ਪਿਛਲੇ ਸਾਲ, ਗਣਤੰਤਰ ਦਿਹਾੜੇ ਮੌਕੇ ਪੰਜਾਬ ਦੀ ਝਾਕੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੈਦਾਨ ਦੇ ਵਿੱਚ ਪ੍ਰਦਰਸ਼ਿਤ ਕੀਤੀ ਗਈ। ਇਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਵੀ ਉਸ ਝਾਕੀ ਨੂੰ ਵਿਖਾਇਆ ਗਿਆ। ਪਰ, ਇਸ ਸਾਲ ਪੰਜਾਬ ਦੀ ਝਾਕੀ ਨੂੰ ਰਾਜਪਥ ਉੱਤੇ ਉਤਾਰਨ ਲਈ ਸ਼ਾਮਿਲ ਕੀਤਾ ਗਿਆ ਹੈ।