ਪੁਲਿਸ ਅਧਿਕਾਰੀ ਮਾਮਲੇ ਦੀ ਜਾਣਕਾਰੀ ਦਿੰਦਾ ਹੋਇਆ ਹੁਸ਼ਿਆਰਪੁਰ: ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਦੇ 2 ਹੈੱਡ ਕਾਂਸਟੇਬਲਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ 3 ਭੱਜਣ ਵਿੱਚ ਕਾਮਯਾਬ ਹੋ ਗਏ ਹਨ। ਇਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਮਿਲ ਕੇ ਇੱਕ ਗਿਰੋਹ ਬਣਾਇਆ ਸੀ, ਜੋ ਦਿੱਲੀ ਪੁਲਿਸ ਦੇ ਰਿਕਾਰਡ ਵਿੱਚ ਭਗੌੜੇ ਕਰਾਰ ਦਿੱਤੇ ਮੁਲਜ਼ਮਾਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ ਪਰਿਵਾਰਾਂ ਤੋਂ ਪੈਸੇ ਵਸੂਲਦਾ ਸੀ।
ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ਕਾਬੂ:ਹੁਸ਼ਿਆਰਪੁਰ ਦੇ ਦਸੂਹਾ 'ਚ ਜਦੋਂ ਉਹ ਇਸ ਤਰ੍ਹਾਂ ਪੈਸੇ ਵਸੂਲਣ ਤੋਂ ਬਾਅਦ ਭਗੌੜਾ ਕਰਾਰ ਮੁਲਜ਼ਮ ਨੂੰ ਲਿਜਾਉਣ ਲੱਗੇ ਤਾਂ ਕਿਸੇ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕਰ ਕੇ ਬਿਨਾਂ ਨੰਬਰ ਦੀ ਸਕਾਰਪੀਓ ਗੱਡੀ ਸਮੇਤ 2 ਨੂੰ ਕਾਬੂ ਕਰ ਲਿਆ। ਹੁਸ਼ਿਆਰਪੁਰ ਪੁਲਿਸ ਮੁਤਾਬਕ ਦਿੱਲੀ ਪੁਲਿਸ ਦੇ 5 ਹੈੱਡ ਕਾਂਸਟੇਬਲਾਂ ਮਨੋਜ, ਰਾਜਾ, ਜੋਗਿੰਦਰ ਸਿੰਘ, ਦਸਬੀਰ ਸਿੰਘ ਅਤੇ ਸ਼੍ਰੀ ਪਾਲ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਮਨੋਜ ਅਤੇ ਰਾਜਾ ਫੜੇ ਗਏ ਹਨ। ਮੁਲਜ਼ਮਾਂ ਦੇ ਕੋਲੋਂ 1.50 ਲੱਖ ਰੁਪਏ ਵੀ ਬਰਾਮਦ ਕੀਤੇ ਗਏ ਹਨ।
ਅਗਵਾ ਕਰਨ ਦੀ ਮਿਲੀ ਸੀ ਜਾਣਕਾਰੀ: ਇਸ ਸਬੰਧੀ ਐੱਸਐੱਚਓ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਕਾਲੇ ਰੰਗ ਦੀ ਸਕਾਰਪੀਓ ਗੱਡੀ ਜਿਸ ਦਾ ਨੰਬਰ ਨਹੀਂ ਸੀ ਆਉਣ ਦੀ ਸੂਚਨਾ ਮਿਲੀ ਸੀ ਕਿ ਇਸ ਕਾਰ ਵਿੱਚ ਬੈਠੇ 5 ਵਿਅਕਤੀ ਇੱਕ ਵਿਅਕਤੀ ਨੂੰ ਅਗਵਾ ਕਰਕੇ ਮੁਕੇਰੀਆਂ ਤੋਂ ਫ਼ਰਾਰ ਹੋ ਗਏ ਹਨ। ਇਸ ਮਗਰੋਂ ਪੁਲਿਸ ਨੇ ਦਸੂਹਾ ਵਿਖੇ ਨਾਕਾਬੰਦੀ ਕਰ ਦਿੱਤੀ। ਪੁਲਿਸ ਨੇ ਸਕਾਰਪੀਓ ਨੂੰ ਰੋਕਿਆ ਤਾਂ ਜੋਗਿੰਦਰ, ਦਸਬੀਰ ਅਤੇ ਸ੍ਰੀ ਪਾਲ ਭੱਜਣ ਵਿੱਚ ਕਾਮਯਾਬ ਹੋ ਗਏ, ਜਦੋਂ ਕਿ ਮਨੋਜ ਅਤੇ ਰਾਜਾ ਨੂੰ ਪੁਲਿਸ ਨੇ ਕਾਬੂ ਕਰ ਲਿਆ।
ਪੁਲਿਸ ਵਾਲੇ ਮਿਲ ਕੇ ਚਲਾ ਰਹੇ ਸੀ ਗਿਰੋਹ: ਪੁਲਿਸ ਪੁੱਛਗਿੱਛ ਦੌਰਾਨ ਮਨੋਜ ਅਤੇ ਰਾਜਾ ਨੇ ਦੱਸਿਆ ਕਿ ਦੋਵੇਂ ਦਿੱਲੀ ਪੁਲਿਸ 'ਚ ਹੈੱਡ ਕਾਂਸਟੇਬਲ ਹਨ। ਬਾਕੀ ਤਿੰਨ ਵੀ ਇਸੇ ਅਹੁਦੇ ’ਤੇ ਹਨ, ਪਰ ਇਨ੍ਹਾਂ ਵਿੱਚੋਂ ਦੋ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਨ੍ਹਾਂ ਪੰਜਾਂ ਨੇ ਮਿਲ ਕੇ ਇੱਕ ਗਿਰੋਹ ਬਣਾ ਲਿਆ ਹੈ, ਜੋ ਦਿੱਲੀ ਦੇ ਪੀਓ ਐਲਾਨੇ ਗਏ ਮੁਲਜ਼ਮਾਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ ਪੈਸੇ ਵਸੂਲਦਾ ਸੀ। ਮੁਕੇਰੀਆਂ ਵਿੱਚ ਵੀ ਇਹ ਪੰਜੇ ਜਣੇ ਹਰਪ੍ਰੀਤ ਸਿੰਘ ਨਾਂ ਦੇ ਪੀਓ ਦੇ ਘਰ ਆਏ ਸਨ। ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 384 (ਜਬਰਦਸਤੀ) ਅਤੇ 120ਬੀ (ਸਾਜ਼ਿਸ਼) ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਦਸਤਾਵੇਜ਼ਾਂ ਅਨੁਸਾਰ ਮੁਲਜ਼ਮਾਂ ਨੇ ਪਰਿਵਾਰ ਨੂੰ ਡਰਾ ਧਮਕਾ ਕੇ 1.50 ਲੱਖ ਰੁਪਏ ਹੜੱਪ ਲਏ ਸਨ।
ਹੁਸ਼ਿਆਰਪੁਰ ਪੁਲਿਸ ਨੂੰ ਨਹੀਂ ਸੀ ਜਾਣਕਾਰੀ: ਪੁਲਿਸ ਅਨੁਸਾਰ ਇਨ੍ਹਾਂ ਮੁਲਜ਼ਮਾਂ ਨੇ ਹੁਸ਼ਿਆਰਪੁਰ ਪੁਲਿਸ ਨੂੰ ਬਿਨਾਂ ਸੂਚਿਤ ਕੀਤੇ ਛਾਪੇਮਾਰੀ ਕੀਤੀ। ਇੰਨਾ ਹੀ ਨਹੀਂ ਮੁਲਜ਼ਮ ਬਿਨਾਂ ਨੰਬਰੀ ਸਕਾਰਪੀਓ ਕਾਰ ਸਮੇਤ ਪੁਲਿਸ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਫਿਲਹਾਲ ਪੁਲਿਸ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਗਿਰੋਹ ਵੱਲੋਂ ਕੀਤੀਆਂ ਹੋਰ ਵਾਰਦਾਤਾਂ ਬਾਰੇ ਜਾਣਕਾਰੀ ਹਾਸਲ ਕਰੇਗੀ। ਇਸ ਦੇ ਨਾਲ ਹੀ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।