ਤਿੰਨ ਸ਼ੱਕੀ ਦੇਖੇ ਗਏ (ETV BHARAT) ਪਠਾਨਕੋਟ: ਜ਼ਿਲ੍ਹਾ ਪਠਾਨਕੋਟ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਅਲਰਟ 'ਤੇ ਚੱਲ ਰਿਹਾ ਹੈ। ਕਈ ਥਾਵਾਂ 'ਤੇ ਲੋਕਾਂ ਵਲੋਂ ਵੱਖ-ਵੱਖ ਮੌਕੇ 'ਤੇ ਸ਼ੱਕੀ ਵਿਅਕਤੀ ਦੇਖੇ ਗਏ ਹਨ। ਇਸ ਦੇ ਚੱਲਦੇ ਪਠਾਨਕੋਟ ਦੇ ਪਿੰਡ ਫੰਗਤੋਲੀ ਵਿਖੇ ਬੀਤੀ ਰਾਤ ਇੱਕ ਵਾਰ ਫਿਰ ਤੋਂ ਤਿੰਨ ਸ਼ੱਕੀ ਵਿਅਕਤੀ ਦੇਖੇ ਜਾਨ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ।
ਤਿੰਨ ਸ਼ੱਕੀ ਦੇਖੇ ਗਏ:ਇਸ 'ਚ ਤਿੰਨ ਸ਼ੱਕੀ ਵਿਅਕਤੀ ਜੋ ਘਰ ਦੀ ਕੰਧ ਲੰਘ ਕੇ ਆਏ ਤੇ ਪਰਿਵਾਰ ਕੋਲੋਂ ਸ਼ੱਕੀ ਬੰਦਿਆਂ ਵੱਲੋਂ ਰੋਟੀ ਮੰਗੀ ਗਈ। ਇਸ ਦੌਰਾਨ ਪਰਿਵਾਰ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ, ਜਿਸ ਤੋਂ ਬਾਅਦ ਉਹ ਮੌਕੇ ਤੋਂ ਚਲੇ ਗਏ। ਪਰਿਵਾਰ ਨੇ ਇਸ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ। ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਛਾਣਬੀਨ ਕਰ ਰਹੀ ਹੈ ਅਤੇ ਵੱਖ-ਵੱਖ ਥਾਵਾਂ 'ਤੇ ਸਰਚ ਅਭਿਆਨ ਚਲਾਏ ਜਾ ਰਹੇ ਹਨ। ਇਸ ਮਾਮਲੇ 'ਚ ਹਾਲੇ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।
ਕੰਧ ਟੱਪ ਕੇ ਘਰ 'ਚ ਵੜੇ ਸ਼ੱਕੀ: ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਘਰ ਰਾਤ ਦੇ ਸਮੇਂ ਕਰੀਬ ਤਿੰਨ ਲੋਕ ਕੰਧ ਟੱਪ ਕੇ ਅੰਦਰ ਆ ਗਏ ਅਤੇ ਉਹਨਾਂ ਦੇ ਕਮਰੇ ਦਾ ਦਰਵਾਜ਼ਾ ਖੜਕਾਉਣ ਲੱਗੇ। ਉਹਨਾਂ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਕੁਝ ਸਮੇਂ ਬਾਅਦ ਉਹ ਵਾਪਸ ਚਲੇ ਗਏ। ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ੱਕੀ ਵਿਅਕਤੀਆਂ ਵਲੋਂ ਖਾਣ ਲਈ ਰੋਟੀ ਮੰਗੀ ਜਾ ਰਹੀ ਸੀ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਤਿੰਨ ਸ਼ੱਕੀ ਉਹ ਹੀ ਹੋ ਸਕਦੇ ਹਨ, ਜੋ ਕੁਝ ਦਿਨ ਪਹਿਲਾਂ ਵੀ ਪਿੰਡ 'ਚ ਦੇਖੇ ਗਏ ਸਨ। ਉਥੇ ਹੀ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਪਹਿਲਾਂ ਵੀ ਦੇਖੇ ਜਾ ਚੁੱਕੇ ਸ਼ੱਕੀ: ਦੱਸ ਦਈਏ ਕਿ 48 ਘੰਟੇ ਪਹਿਲਾਂ ਵੀ ਇਸੇ ਪਿੰਡ ਦੇ ਵਿੱਚ ਸੱਤ ਸ਼ੱਕੀ ਦੇਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਉਦੋਂ ਤੋਂ ਹੀ ਇਸ ਪਿੰਡ ਦੇ ਵਿੱਚ ਸਰਚ ਚਲਾਈ ਜਾ ਰਹੀ ਹੈ। ਫਿਲਹਾਲ ਹਾਲੇ ਤੱਕ ਪੁਲਿਸ ਅਤੇ ਫੌਜ ਵੱਲੋਂ ਚਲਾਏ ਗਏ ਸਾਂਝੇ ਸਰਚ ਆਪਰੇਸ਼ਨ ਦੇ ਵਿੱਚ ਕੁਝ ਵੀ ਹੱਥ ਨਹੀਂ ਲੱਗਿਆ ਹੈ। ਉਥੇ ਹੀ ਉਸ ਸਮੇਂ ਪੁਲਿਸ ਨੇ ਕਿਹਾ ਸੀ ਕਿ ਉਕਤ ਸ਼ੱਕੀ ਲੇਬਰ ਵਾਲੇ ਵੀ ਹੋ ਸਕਦੇ ਹਨ, ਕਿਉਂਕਿ ਪਿੰਡ ਦੇ ਬਿਲਕੁਲ ਨਾਲ ਜੰਗਲ ਦਾ ਇਲਾਕਾ ਹੈ। ਇਸ ਦੇ ਨਾਲ ਹੀ ਪੁਲਿਸ ਵਲੋਂ ਇੱਕ ਸ਼ੱਕੀ ਦਾ ਬੀਤੇ ਦਿਨ ਸਕੈਚ ਵੀ ਜਾਰੀ ਕੀਤਾ ਗਿਆ ਸੀ।