ਲੁਧਿਆਣਾ: ਸੁਪਰੀਮ ਕੋਰਟ ਦੇ ਆਏ ਫੈਸਲੇ ਉੱਤੇ ਆਂਗਨਵਾੜੀ ਆਸ਼ਾ ਵਰਕਰਾਂ ਨੂੰ ਦਰਜਾ ਚਾਰ ਅਤੇ ਦਰਜਾ ਤਿੰਨ ਮੁਲਾਜ਼ਮਾਂ ਦੀ ਗਿਣਤੀ ਵਿੱਚ ਸ਼ਾਮਿਲ ਨਾ ਕਰਨ ਉੱਤੇ ਪੰਜਾਬ ਭਰ ਦੇ ਸਕੀਮ ਵਰਕਰ ਯਾਨੀ ਕਿ ਆਂਗਨਵਾੜੀ ਆਸ਼ਾ ਵਰਕਰਾਂ ਨੇ ਭਾਜਪਾ ਲੁਧਿਆਣਾ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਖਿਲਾਫ ਇਹ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ।
ਰਵਨੀਤ ਬਿੱਟੂ ਖ਼ਿਲਾਪ ਰੋਸ
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਉਹਨਾਂ ਦੀਆਂ ਮੰਗਾਂ ਨੂੰ ਚੁੱਕਣਗੇ ਪਰ ਹੁਣ ਉਹ ਮੰਤਰੀ ਹੋਣ ਬਾਵਜੂਦ ਕੋਈ ਕੰਮ ਨਹੀਂ ਕਰ ਰਹੇ। ਉਹਨਾਂ ਵੱਲੋਂ ਸਕੀਮ ਅਧੀਨ ਆਉਂਦੇ ਮੁਲਾਜ਼ਮਾਂ ਦੀਆਂ ਮੰਗਾਂ ਉੱਤੇ ਗੌਰ ਨਹੀਂ ਕੀਤੀ ਗਈ। ਇਸ ਦੌਰਾਨ ਆਸ਼ਾ ਵਰਕਾਂ ਨੇ ਮੰਗ ਕੀਤੀ ਹੈ ਕਿ ਮਹਿਕਮੇ ਦੇ ਮੰਤਰੀ ਅਨਪੁਰਨਾ ਦੇ ਨਾਲ ਉਨ੍ਹਾਂ ਦੀ ਮੀਟਿੰਗ ਕਰਾਈ ਜਾਵੇ।
ਭਾਜਪਾ ਦੇ ਵਿਰੋਧ ਦੀ ਤਿਆਰੀ
ਗੱਲਬਾਤ ਕਰਦਿਆਂ ਆਸ਼ਾ ਵਰਕਰ ਯੂਨੀਅਨ ਦੀ ਪ੍ਰਧਾਨ ਸੁਭਾਸ਼ ਰਾਣੀ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਪ੍ਰਦਰਸ਼ਨ ਕਰ ਰਹੇ ਨੇ। ਜਿੱਥੇ ਸੁਪਰੀਮ ਕੋਰਟ ਦੇ ਆਏ ਫੈਸਲੇ ਉੱਤੇ ਉਨ੍ਹਾਂ ਨੂੰ ਦਰਜਾ ਤਿੰਨ ਅਤੇ ਦਰਜਾ ਚਾਰ ਦੇ ਮੁਲਾਜ਼ਮਾਂ ਵਿੱਚ ਸ਼ਾਮਿਲ ਕਰਨ ਦੀ ਗੱਲ ਕਹੀ ਗਈ ਹੈ ਤਾਂ ਉੱਥੇ ਹੀ ਸਰਕਾਰ ਵੱਲੋਂ ਇਸ ਦੇ ਉੱਤੇ ਕੋਈ ਵੀ ਗੌਰ ਨਹੀਂ ਫਰਮਾਇਆ ਜਾ ਰਿਹਾ। ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਜ਼ਿਮਨੀ ਚੋਣਾਂ ਦਾ ਵੀ ਵਿਰੋਧ ਕਰਨਗੇ ਅਤੇ ਰਵਨੀਤ ਬਿੱਟੂ ਖਿਲਾਫ ਵੀ ਮੋਰਚਾ ਖੋਲ੍ਹਣਗੇ।
ਕੋਝੀ ਸਿਆਸਤ ਖੇਡਣਾ ਸਹੀ ਨਹੀਂ
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਗੱਲਬਾਤ ਦੌਰਾਨ ਕਿਹਾ ਕਿ ਆਸ਼ਾ ਵਰਕਰਾਂ ਦੀਆਂ ਜੋ ਮੰਗਾਂ ਨੇ ਉਹ ਜਾਇਜ਼ ਨੇ ਅਤੇ ਇਸ ਨੂੰ ਲੈ ਕੇ ਉਹਨਾਂ ਵੱਲੋਂ ਆਵਾਜ਼ ਅੱਗੇ ਪਹੁੰਚਾਈ ਜਾਵੇਗੀ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਵੋਟ ਪਾਉਣਾ ਸਭ ਦਾ ਅਧਿਕਾਰ ਹੈ ਪਰ ਵੋਟਾਂ ਪਵਾਉਣ ਲਈ ਕੋਝੀ ਸਿਆਸਤ ਖੇਡਣਾ ਸਹੀ ਨਹੀਂ ਹੈ।