ਚੰਡੀਗੜ੍ਹ: ਇਹਨੀਂ ਦਿਨੀਂ ਸ਼੍ਰੋਮਣੀ ਅਕਾਲੀ ਦਲ ਵਿੱਚ ਅਸਤੀਫਿਆਂ ਦਾ ਦੌਰ ਚੱਲ ਰਿਹਾ ਹੈ, ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਅਸਤੀਫੇ ਤੋਂ ਬਾਅਦ ਅੱਜ ਅਕਾਲੀ ਆਗੂ ਐਨ. ਕੇ ਸ਼ਰਮਾ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਦਰਅਸਲ ਐਨ ਕੇ ਸ਼ਰਮਾ ਨੇ ਅੱਜ ਕੌਰ ਕਮੇਟੀ ਦੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਅਸਤੀਫਾ ਦਿੱਤਾ ਅਤੇ ਕਿਹਾ ਕਿ, "ਜਿਵੇਂ ਸੁਖਬੀਰ ਬਾਦਲ ਨੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਇਸ ਲਈ ਮੇਰੀ ਇਸ ਪਾਰਟੀ ਵਿੱਚ ਬਣੇ ਰਹਿਣ ਦੀ ਕੋਈ ਇਛਾ ਨਹੀਂ ਹੈ।" ਹਾਲਾਂਕਿ, ਐਨ.ਕੇ ਸ਼ਰਮਾ ਨੇ ਇਹ ਵੀ ਕਿਹਾ ਕਿ, ਜੇਕਰ ਸੁਖਬੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣੇ ਰਹਿੰਦੇ ਹਨ ਤਾਂ, ਉਹ ਪਾਰਟੀ ਵਿੱਚ ਇਸੇ ਤਰ੍ਹਾਂ ਹੀ ਪਾਰਟੀ ਵਰਕਰ ਦੇ ਤੌਰ 'ਤੇ ਕੰਮ ਕਰਦੇ ਰਹਿਣਗੇ।
ਸਾਜਿਸ਼ ਤਹਿਤ ਫਸਾਏ ਗਏ ਸੁਖਬੀਰ ਬਾਦਲ
ਐਨ. ਕੇ ਸ਼ਰਮਾ ਨੇ ਕਿਹਾ ਕਿ ਦੂਸਰੀਆਂ ਤਾਕਤਾਂ ਪਾਰਟੀ ਨੂੰ ਕਮਜ਼ੋਰ ਕਰ ਰਹੀਆਂ ਹਨ। ਉਹਨਾਂ ਇਸ ਮੌਕੇ ਸੁਧਾਰ ਲਹਿਰ ਨੂੰ ਵੀ ਨਿਸ਼ਾਨੇ 'ਤੇ ਲਿਆ ਅਤੇ ਕਿਹਾ ਕਿ ਚੰਦੂਮਾਜਰਾ ਅਤੇ ਬੀਬੀ ਜਗੀਰ ਕੌਰ ਦੇ ਕਿਰਦਾਰ ਤੋਂ ਸਾਰੇ ਵਾਕਿਫ ਹਨ, ਬਾਵਜੂਦ ਇਸ ਦੇ ਸਿਰਫ ਸੁਖਬੀਰ ਸਿੰਘ ਬਾਦਲ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ। ਅੱਗੇ ਬੋਲਦੇ ਹੋਏ ਉਹਨਾਂ ਕਿਹਾ ਕਿ ਸੁਖਬੀਰ ਬਾਦਾਲ ਨੂੰ ਸੋਚੀ ਸਮਝੀ ਸਾਜਿਸ਼ ਤਹਿਤ ਜਲ਼ੀਲ ਕੀਤਾ ਜਾ ਰਿਹਾ ਹੈ। ਅੱਜ ਜੇਕਰ ਸੁਖਬੀਰ ਬਾਦਲ ਪਾਰਟੀ ਛੱਡਦੇ ਹਨ ਤਾਂ ਮੇਰਾ ਵੀ ਪਾਰਟੀ 'ਚ ਰਹਿਣਾ ਮੁਸ਼ਕਿਲ ਹੈ।
ਸੁਖਬੀਰ ਬਾਦਲ ਦੇ ਅਸਤੀਫੇ 'ਤੇ ਨਹੀਂ ਆਇਆ ਕੋਈ ਫੈਸਲਾ
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ, ਹਾਲਾਂਕਿ ਇਸ ਮੀਟਿੰਗ ਵਿੱਚ ਦੋ ਘੰਟਿਆਂ ਬਾਅਦ ਵੀ ਕੋਈ ਵੀ ਫੈਸਲਾ ਨਹੀਂ ਆਇਆ। ਉਥੇ ਹੀ ਇਸ ਮੌਕੇ ਅਕਾਲੀ ਦਲ 'ਚ ਸੁਖਬੀਰ ਬਾਦਲ ਦੇ ਸਮਰਥਕਾਂ ਨੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਅਪੀਲ ਕੀਤੀ ਕਿ ਉਹ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਨਾ ਕਰਨ। ਜੇਕਰ ਉਹਨਾਂ ਦਾ ਅਸਤੀਫਾ ਮਨਜ਼ੂਰ ਹੋਇਆ ਤਾਂ ਹੋਰ ਆਗੂ ਵੀ ਪਾਰਟੀ ਛੱਡ ਦੇਣਗੇ।