ਅੰਮ੍ਰਿਤਸਰ:ਅੰਮ੍ਰਿਤਸਰ ਦਿਹਾਤੀ ਦੇ ਵੱਖ-ਵੱਖ ਖੇਤਰਾਂ ਵਿੱਚ ਆਏ ਦਿਨ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਜ਼ਿਲ੍ਹੇ ਭਰ ਦੇ ਵਿੱਚ ਰੋਜ਼ਾਨਾ ਹੀ ਕਈ ਜਗ੍ਹਾ ਨਕਾਬਪੋਸ਼ ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ ਉੱਤੇ ਆਮ ਜਨਤਾ ਨੂੰ ਨਿਸ਼ਾਨਾ ਬਣਾ ਕੇ ਲਗਾਤਾਰ ਲੁੱਟਖੋਹ ਕੀਤੀ ਜਾ ਰਹੀ ਹੈ। ਜਿਸ ਕਾਰਨ ਰੋਜ਼ਾਨਾ ਆਪਣੀਆਂ ਦੁਕਾਨਾਂ ਉੱਤੇ ਕੰਮ ਕਾਰ ਕਰਨ ਵਾਲੇ ਅਤੇ ਕੰਮ ਕਾਜ ਤੋਂ ਵਾਪਸ ਆਪਣੇ ਘਰਾਂ ਨੂੰ ਦੁਪਹੀਆ ਵਾਹਨਾਂ 'ਤੇ ਜਾਣ ਵਾਲੇ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ।
ਨਕਾਬਪੋਸ਼ਾਂ ਨੇ ਦੁਕਾਨ 'ਚ ਵੜ ਕੇ ਕੀਤੀ ਲੁੱਟ (ETV BHARAT) ਦੁਕਾਨਦਾਰ ਨਾਲ ਕੀਤੀ ਗਈ ਲੁੱਟ
ਅਜਿਹਾ ਹੀ ਇੱਕ ਮਾਮਲਾ ਥਾਣਾ ਬਿਆਸ ਅਧੀਨ ਪੈਂਦੇ ਕਸਬਾ ਰਈਆ ਵਿੱਚ ਸਾਹਮਣੇ ਆਇਆ ਹੈ। ਜਿੱਥੇ ਕਿ ਐਕਟੀਵਾ 'ਤੇ ਸਵਾਰ ਹੋ ਕੇ ਆਏ ਤਿੰਨ ਨਕਾਬਪੋਸ਼ ਲੁਟੇਰਿਆਂ ਵੱਲੋਂ ਇੱਕ ਸਟੋਰ ਦੇ ਅੰਦਰ ਵੜ ਕੇ ਦੁਕਾਨਦਾਰ ਨੂੰ ਮਾਰ ਦੇਣ ਦੀ ਧਮਕੀ ਦਿੰਦਿਆਂ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਬਾਅਦ ਵਿੱਚ ਉਸ ਕੋਲੋਂ ਕਰੀਬ 50 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਮੌਕੇ ਉੱਤੋਂ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਦਿੰਦਿਆਂ ਪੀੜਤ ਦੁਕਾਨਦਾਰ ਪਵਨ ਕੁਮਾਰ ਨੇ ਦੱਸਿਆ ਕਿ ਕਸਬਾ ਰਈਆ ਦੇ ਫੇਰੂਮਾਨ ਰੋਡ ਉੱਪਰ ਈਜੀ ਵੇਅ ਸ਼ਾਪਿੰਗ ਪੁਆਇੰਟ ਨਾਮ 'ਤੇ ਉਸ ਦੀ ਦੁਕਾਨ ਹੈ, ਜੋ ਕਿ ਉਸ ਵੱਲੋਂ ਕੁਝ ਮਹੀਨੇ ਪਹਿਲਾਂ ਹੀ ਇੱਥੇ ਸ਼ੁਰੂ ਕੀਤੀ ਗਈ ਹੈ।
ਲੁੱਟ ਤੋਂ ਪਹਿਲਾਂ ਦੁਕਾਨਦਾਰ ਦੀ ਕੁੱਟਮਾਰ
ਉਨ੍ਹਾਂ ਨੇ ਦੱਸਿਆ ਕਿ ਦੇਰ ਸ਼ਾਮ ਤਿੰਨ ਮੂੰਹ ਬੰਨ੍ਹੇ ਹੋਏ ਲੁਟੇਰੇ ਉਨ੍ਹਾਂ ਦੀ ਦੁਕਾਨ ਵਿੱਚ ਦਾਖਲ ਹੋਏ, ਜਿਨਾਂ ਵਿੱਚੋਂ ਦੋ ਮੋਨੇ ਨੌਜਵਾਨ ਸਨ ਅਤੇ ਇੱਕ ਸਰਦਾਰ ਨੌਜਵਾਨ ਸੀ। ਜਿੰਨਾਂ ਵੱਲੋਂ ਦੁਕਾਨ ਅੰਦਰ ਵੜਦਿਆਂ ਹੀ ਉਸ ਨੂੰ ਗੋਲੀ ਮਾਰ ਦੇਣ ਦੀ ਧਮਕੀ ਦਿੰਦਿਆਂ ਜੋ ਕੁਝ ਵੀ ਹੈ, ਦੇਣ ਨੂੰ ਕਿਹਾ ਗਿਆ। ਜਦ ਉਸ ਨੇ ਦੇਖਿਆ ਕਿ ਲੁਟੇਰਿਆਂ ਦੇ ਕੋਲ ਕੋਈ ਹਥਿਆਰ ਨਹੀਂ ਦਿਖਾਈ ਦੇ ਰਿਹਾ ਤਾਂ ਉਸ ਨੇ ਲੁਟੇਰਿਆਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਉਕਤ ਤਿੰਨਾਂ ਲੁਟੇਰਿਆਂ ਵੱਲੋਂ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਬਾਅਦ ਵਿੱਚ ਉਸ ਦੀ ਜੇਬ ਵਿੱਚ ਪਏ 50 ਹਜ਼ਾਰ ਰੁਪਏ ਦੀ ਨਗਦੀ ਖੋਹੀ ਅਤੇ ਫਰਾਰ ਹੋ ਗਏ।
ਦੁਕਾਨਦਾਰਾਂ 'ਚ ਲੁੱਟ ਤੋਂ ਬਾਅਦ ਖੌਫ਼
ਉਕਤ ਘਟਨਾ ਦੀ ਸੂਚਨਾ ਪੁਲਿਸ ਨੂੰ ਦੇਣ 'ਤੇ ਡੀਐਸਪੀ ਬਾਬਾ ਬਕਾਲਾ ਸਾਹਿਬ ਅਰੁਣ ਸ਼ਰਮਾ, ਐਸਐਚਓ ਬਿਆਸ ਇੰਸਪੈਕਟਰ ਗਗਨਦੀਪ ਸਿੰਘ ਅਤੇ ਜਾਂਚ ਅਧਿਕਾਰੀ ਹਰਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਉੱਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਦੁਕਾਨਦਾਰ ਨੇ ਦੱਸਿਆ ਕਿ ਦੁਕਾਨ ਨਵੀਂ ਸ਼ੁਰੂ ਹੋਣ ਕਾਰਨ ਫਿਲਹਾਲ ਹਾਲੇ ਅੰਦਰ ਸੀਸੀਟੀਵੀ ਲੱਗਣ ਵਾਲੇ ਸਨ, ਲੇਕਿਨ ਬਾਹਰ ਦੇ ਸੀਸੀਟੀਵੀ ਦੇ ਵਿੱਚ ਉਕਤ ਲੁਟੇਰੇ ਦੁਕਾਨ ਦੇ ਅੰਦਰ ਜਾਂਦੇ ਹੋਏ ਅਤੇ ਘਟਨਾ ਤੋਂ ਬਾਅਦ ਵਾਪਸ ਫਰਾਰ ਹੁੰਦੇ ਹੋਏ ਦੀਆਂ ਤਸਵੀਰਾਂ ਦੇ ਅਧਾਰ ਉੱਤੇ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ।
ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ
ਪੀੜਤ ਦੁਕਾਨਦਾਰ ਦੇ ਨਜ਼ਦੀਕੀ ਦੁਕਾਨਦਾਰਾਂ ਨੇ ਘਟਨਾ ਤੋਂ ਬਾਅਦ ਖੌਫਜਦਾ ਹੁੰਦਿਆਂ ਕਿਹਾ ਕਿ ਰੋਜ਼ਾਨਾ ਹੀ ਇਸ ਰੋਡ ਉੱਤੇ ਭਾਰੀ ਭੀੜ ਭਾੜ ਰਹਿੰਦੀ ਹੈ, ਲੇਕਿਨ ਬਾਵਜੂਦ ਇਸਦੇ ਇਲਾਕੇ ਦੇ ਵਿੱਚ ਕੋਈ ਵੀ ਪੁਲਿਸ ਗਸ਼ਤ ਨਾ ਹੋਣ ਕਾਰਨ ਹਮੇਸ਼ਾ ਲੁੱਟ ਖੋਹ ਦਾ ਡਰ ਬਣਿਆ ਰਹਿੰਦਾ ਹੈ। ਉਨਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਐਕਟੀਵਾ ਸਵਾਰ ਤਿੰਨੋਂ ਲੁਟੇਰਿਆਂ ਦੀ ਭਾਲ ਕਰਕੇ ਉਹਨਾਂ ਦੀ ਲੁੱਟੀ ਗਈ ਨਗਦੀ ਵਾਪਸ ਦਵਾਈ ਜਾਵੇ। ਉਧਰ ਇਸ ਸਬੰਧੀ ਫੋਨ 'ਤੇ ਜਾਣਕਾਰੀ ਦਿੰਦਿਆਂ ਡੀਐਸਪੀ ਬਾਬਾ ਬਕਾਲਾ ਅਰੁਣ ਸ਼ਰਮਾ ਨੇ ਦੱਸਿਆ ਕਿ ਪੁਲਿਸ ਵੱਲੋਂ ਉਕਤ ਮਾਮਲੇ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਲੁਟੇਰਿਆਂ ਦੀ ਭਾਲ ਕਰਕੇ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ।