ਬਰਨਾਲਾ: ਪੰਜਾਬ ਸਰਕਾਰ ਪੰਜਾਬ ਅੰਦਰ ਨੌਕਰੀਆਂ ਅਤੇ ਬੇਰੁਜ਼ਗਾਰੀ ਖਤਮ ਕਰਨ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਪਰ ਅੱਜ ਨੌਜਵਾਨ ਬੇਰੁਜ਼ਗਾਰੀ ਕਾਰਨ ਖੁਦਕੁਸ਼ੀਆਂ ਦੇ ਰਾਹ ਅਪਣਾ ਰਹੇ ਹਨ। ਅਜਿਹਾ ਮਾਮਲਾ ਜ਼ਿਲ੍ਹਾ ਬਰਨਾਲਾ ਦੀ ਸਬ-ਡਵੀਜ਼ਨ ਤਪਾ ਮੰਡੀ ਦੇ ਨੇੜਲੇ ਪਿੰਡ ਢਿੱਲਵਾਂ ਤੋ ਸਾਹਮਣੇ ਆਇਆ ਹੈ। ਜਿੱਥੇ ਇੱਕ ਨੌਜਵਾਨ ਨੇ ਆਪਣੇ ਹੀ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ 19 ਸਾਲ ਦੇ ਨੌਜਵਾਨ ਬਲਜਿੰਦਰ ਸਿੰਘ ਪੁੱਤਰ ਅੰਗਰੇਜ਼ ਸਿੰਘ ਉਰਫ ਕਾਲਾ ਪਿੰਡ ਢਿੱਲਵਾਂ ਦਾ ਰਹਿਣ ਵਾਲਾ ਸੀ। ਮ੍ਰਿਤਕ ਨੌਜਵਾਨ ਬਲਜਿੰਦਰ ਸਿੰਘ ਦਸਵੀਂ ਕਲਾਸ ਪਾਸ ਕਰਨ ਤੋਂ ਬਾਅਦ ਪੜ੍ਹਾਈ ਦੇ ਨਾਲ ਨਾਲ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਤੋਂ ਇਲਾਵਾ ਫ਼ੌਜ ਦੀ ਨੌਕਰੀ ਲਈ ਵੀ ਭਰਤੀਆਂ ਦੇਖ ਰਿਹਾ ਸੀ,ਪਰ ਕਿਸੇ ਪਾਸਿਓਂ ਉਸ ਨੂੰ ਸਫ਼ਲਤਾ ਹਾਸਿਲ ਨਾ ਹੋਣ ਦੇ ਚੱਲਦਿਆਂ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ।
ਘਰ ਦੇ ਹਲਾਤਾਂ ਤੋਂ ਤੰਗ ਹੋ ਕੇ ਕੀਤੀ ਖੁਦਕੁਸ਼ੀ : ਆਪਣੀ ਬਾਹਰਵੀਂ ਜਮਾਤ ਦੀ ਪੜ੍ਹਾਈ ਤੋਂ ਬਾਅਦ ਉਹ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਸਹਾਰਾ ਬਣ ਰਿਹਾ ਸੀ। ਉੱਥੇ ਨੌਕਰੀ ਲਈ ਵੀ ਆਪਣੀ ਮਿਹਨਤ ਕਰ ਰਿਹਾ ਸੀ ਪਰ ਪਿਛਲੇ ਦਿਨੀਂ ਉਹ ਇਸ ਤਰ੍ਹਾਂ ਅੰਦਰੋਂ ਟੁੱਟ ਗਿਆ ਕਿ ਉਸ ਨੇ ਆਪਣੇ ਪਰਿਵਾਰ ਦੇ ਆਰਥਿਕ ਪੱਖੋਂ ਕਮਜ਼ੋਰ ਹਾਲਾਤ ਦੇਖਦੇ ਹੋਏ ਖੁਦਕੁਸ਼ੀ ਕਰਨ ਦਾ ਫ਼ੈਸਲਾ ਕਰ ਲਿਆ। ਜਿਸ ਤੋਂ ਬਾਅਦ ਬਲਜਿੰਦਰ ਸਿੰਘ ਨੇ ਅਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।