ਅੰਮ੍ਰਿਤਸਰ/ਰੂਪਨਗਰ: ਪੰਜਾਬ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਨੂੰ ਲੈ ਕੇ ਕੇਂਦਰ ਸਰਕਾਰ ਉੱਤੇ ਨਿਸ਼ਾਨਾਂ ਸਾਧਿਆ ਹੈ। ਉਨ੍ਹਾਂ ਕਿਹਾ ਕਿ ਟਰੰਪ ਸਰਕਾਰ ਨੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕੀਤੀ ਹੈ। ਜਿਸ ਤਰੀਕੇ ਭਾਰਤੀਆਂ ਨੂੰ ਜਹਾਜ਼ ਵਿੱਚ ਬੰਧਕ ਬਣਾਕੇ ਲਿਆਂਦਾ ਗਿਆ ਹੈ ਅਤੇ ਘੱਟੋ-ਘੱਟ 18 ਘੰਟੇ ਤੱਕ ਦੇ ਸਫ਼ਰ ਵਿੱਚ ਉਨ੍ਹਾਂ ਨੂੰ ਬੰਨ੍ਹੇਕੇ ਰੱਖਿਆ ਇਹ ਮਨੁੱਖੀ ਅਧਿਕਾਰਾਂ ਦਾ ਉਲੰਘਣਾ ਹੈ। ਕੁਲਦੀਪ ਧਾਲੀਵਾਲ ਨੇ ਕਿਹਾ ਕਿ ਜੋ ਏਜੰਟ ਡੰਕੀ ਵਾਲਾ ਬਹੁਤ ਵੱਡਾ ਨੈਟਵਰਕ ਚਲਾ ਰਹੇ ਹਨ, ਇਸਦਾ ਪਰਦਾਫਾਸ਼ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਡਿਪੋਰਟ ਹੋ ਕੇ ਆਏ ਭਾਰਤੀਆਂ ਨਾਲ ਜਦੋਂ ਗੱਲਬਾਤ ਹੋਈ ਤਾਂ ਪਤਾ ਲੱਗਾ ਕਿ ਜਿੰਨੇ ਵੀ ਏਜੰਟ ਡੰਕੀ ਲਗਵਾਉਂਦੇ ਹਨ, ਉਹ ਸਾਰੇ ਪੰਜਾਬ ਤੋਂ ਬਾਹਰੀ ਸੂਬਿਆਂ ਦੇ ਹਨ।
ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼
ਮੰਤਰੀ ਧਾਲੀਵਾਲ ਕਿਹਾ ਕਿ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੇ ਹਾਂ ਕਿ ਉਨ੍ਹਾਂ ਦੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਬਹੁਤ ਵਧੀਆ ਸਬੰਧੀ ਹਨ। ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਸਾਥ ਵੀ ਦਿੱਤਾ ਹੈ ਅਤੇ ਇਸ ਲਈ ਅਸੀਂ ਅਪੀਲ ਕਰਦੇ ਹਾਂ ਕਿ ਜੇਕਰ ਅਮਰੀਕਾ ਨੇ ਭਾਰਤੀਆਂ ਨੂੰ ਡਿਪੋਰਟ ਕਰਨਾ ਹੀ ਹੈ ਤਾਂ ਉਹ ਅਮਰੀਕਾ ਦੇ ਵਿੱਚ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਕੇ ਭਾਰਤੀਆਂ ਨੂੰ ਉਨ੍ਹਾਂ ਦੇ ਹਵਾਲੇ ਕਰ ਦਵੇ ਤਾਂ ਜੋ ਕਿ ਉਹ ਸਹੀ ਸਲਾਮਤ ਚੰਗੇ ਢੰਗ ਨਾਲ ਭਾਰਤ ਆ ਸਕਣ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚੋਂ ਸਿਰਫ ਅੰਮ੍ਰਿਤਸਰ ਦੇ ਇੰਟਰਨੈਸ਼ਨਲ ਏਅਰਪੋਰਟ ਉੱਤੇ ਹੀ ਅਮਰੀਕਾ ਦੇ ਫੌਜੀ ਜਹਾਜ਼ ਸੀ-17 ਨੂੰ ਉਤਾਰਨਾ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨਾ ਹੈ।
ਮੁੱਖ ਮੰਤਰੀ ਮਾਨ ਨੇ ਜਤਾਇਆ ਅਫ਼ਸੋਸ
ਜੋ ਅਮਰੀਕਾ ਨੇ ਕੀਤਾ, ਉਸਦਾ ਬੇਹੱਦ ਅਫ਼ਸੋਸ। ਅਮਰੀਕਾ ਦੁਆਰਾ ਹੱਥ ਕੜੀਆਂ ਤੇ ਬੇੜੀਆਂ ਲਾ ਕੇ ਸਾਡੇ ਨਾਗਰਿਕਾਂ ਨੂੰ ਭੇਜਣਾ ਸਾਡੇ ਦੇਸ਼ ਲਈ ਬਹੁਤ ਹੀ ਸ਼ਰਮ ਦੀ ਗੱਲ ਹੈ। ਮਾਨਸਿਕ ਅਤੇ ਆਰਥਿਕ ਤੌਰ 'ਤੇ ਟੁੱਟੇ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਾਉਣ ਦੀ ਥਾਂ ਮੋਦੀ ਜੀ ਦੀ ਹਰਿਆਣਾ ਸਰਕਾਰ ਵਲੋਂ ਪੁਲਿਸ ਦੀਆਂ ਕੈਦੀਆਂ ਵਾਲੀਆਂ ਗੱਡੀਆਂ 'ਚ ਲੈ ਕੇ ਜਾਣਾ, ਜ਼ਖ਼ਮਾਂ ਉੱਤੇ ਲੂਣ ਲਾਉਣ ਦੇ ਬਰਾਬਰ ਹੈ।- ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ
![AMERICA DEPORTED INDIANS](https://etvbharatimages.akamaized.net/etvbharat/prod-images/06-02-2025/23487709_cmmaan_aspera.jpg)
ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਕੇਂਦਰ ਸਰਕਾਰ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ। ਵਿਧਾਇਕ ਚਰਨਜੀਤ ਸਿੰਘ ਨੇ ਕਿਹਾ ਕਿ ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੋਸਤੀ ਅਮਰੀਕਾ ਦੇ ਰਾਸ਼ਟਰਪਤੀ ਨਾਲ ਹੈ ਤਾਂ ਉਸ ਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਹੈ। ਇੱਕ ਪਾਸੇ ਨਰਿੰਦਰ ਮੋਦੀ ਜੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਉਹ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣਾ ਭਰਾ ਕਹਿੰਦੇ ਹਨ। ਪਰ ਜੋ ਵਤੀਰਾ ਭਾਰਤੀਆਂ ਦੇ ਨਾਲ ਹੋਇਆ ਹੈ ਉਹ ਬਹੁਤ ਹੀ ਨਿੰਦਣਯੋਗ ਹੈ।
ਮਨੁੱਖੀ ਹੱਕਾਂ ਦਾ ਘਾਣ
ਵਿਧਾਇਕ ਨੇ ਕਿਹਾ ਕਿ ਪ੍ਰਵਾਸ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਦੇਸ਼ ਦੇ ਵਿੱਚ ਨੌਜਵਾਨਾਂ ਦੇ ਲਈ ਰੁਜ਼ਗਾਰ ਨਹੀਂ ਹੈ ਜਦੋਂਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇਹ ਕਿਹਾ ਗਿਆ ਸੀ ਕਿ ਹਰ ਸਾਲ ਉਹ 2 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣਗੇ। ਪਰ ਤੀਸਰੀ ਟਰਮ ਸ਼ੁਰੂ ਹੋ ਚੁੱਕੀ ਹੈ ਅਤੇ ਹੁਣ ਤੱਕ ਕੇਵਲ ਸੱਤ ਤੋਂ ਅੱਠ ਲੱਖ ਨੌਜਵਾਨਾਂ ਨੂੰ ਹੀ ਰੁਜ਼ਗਾਰ ਦਿੱਤਾ ਗਿਆ। ਜਦੋਂ ਕਿ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ ਜੋ ਅਜੇ ਤੱਕ ਪੂਰੇ ਨਹੀਂ ਕੀਤੇ ਗਏ। ਬੇਰੁਜ਼ਗਾਰੀ ਕਰਕੇ ਨੌਜਵਾਨ ਕਰਜ਼ਾ ਚੁੱਕ ਕੇ ਆਪਣੇ ਚੰਗੇ ਭਵਿੱਖ ਦੇ ਲਈ ਵਿਦੇਸ਼ ਜਾ ਰਹੇ ਹਨ।