ਅੰਮ੍ਰਿਤਸਰ: ਇੱਕ ਅਕਤੂਬਰ ਨੂੰ ਪੰਜਾਬ ਭਰ ਦੀਆਂ ਦਾਣਾ ਮੰਡੀਆਂ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ। ਪਰ ਇਸ ਖਰੀਦ ਤੋਂ ਪਹਿਲਾਂ ਹੀ ਜਿੱਥੇ ਰਾਈਸ ਮਿਲਰਜ, ਆੜਤੀਆ ਐਸੋਸੀਏਸ਼ਨ ਅਤੇ ਗੱਲਾ ਮਜ਼ਦੂਰ ਯੂਨੀਅਨ ਵੱਲੋਂ ਵੱਖ ਵੱਖ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਜਾਣ ਦਾ ਐਲਾਨ ਕੀਤਾ ਗਿਆ ਸੀ।
ਝੋਨੇ ਦੀ ਸਰਕਾਰੀ ਖਰੀਦ ਸ਼ੁਰੂ
ਝੋਨੇ ਦੀ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਮੰਡੀ ਮਜ਼ਦੂਰਾਂ ਦਾ ਵੱਡਾ ਐਲਾਨ (ETV Bharat (ਪੱਤਰਕਾਰ, ਅੰਮ੍ਰਿਤਸਰ)) ਉੱਥੇ ਹੀ ਹੁਣ ਦਾਣਾ ਮੰਡੀ ਦੇ ਮਜ਼ਦੂਰਾਂ ਵੱਲੋਂ ਵੀ ਕੱਲ ਇੱਕ ਅਕਤੂਬਰ ਤੋਂ ਵੱਖ-ਵੱਖ ਲੇਬਰ ਰੇਟ ਦੀਆਂ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਇੱਕ ਅਪੀਲ ਕਰਦਿਆਂ ਕਿਹਾ ਗਿਆ ਹੈ ਕਿ ਕੱਲ ਨੂੰ ਬੇਸ਼ੱਕ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ। ਪਰ ਮੰਡੀ ਮਜ਼ਦੂਰਾਂ ਵੱਲੋਂ ਦਾਣਾ ਮੰਡੀ ਰਈਆ ਦੇ ਗੇਟਾਂ ਨੂੰ ਬੰਦ ਕਰਕੇ ਉੱਥੇ ਟੈਂਟ ਲਗਾਏ ਜਾਣਗੇ ਅਤੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜਿਸ ਦੌਰਾਨ ਕੋਈ ਵੀ ਕਿਸਾਨ ਭਰਾ ਮੰਡੀ ਵਿੱਚ ਫਸਲ ਲਿਆਉਣ ਲਈ ਉਨ੍ਹਾਂ ਦੇ ਨਾਲ ਆਣ ਕੇ ਬਹਿਸ ਨਾ ਕਰੇ ਅਤੇ ਸਹੀ ਹੈ ਕਿ ਉਹ ਫਿਲਹਾਲ ਮਜ਼ਦੂਰਾਂ ਦੇ ਨਾਲ ਖੜਦੇ ਹੋਏ, ਮਜ਼ਦੂਰਾਂ ਦੀਆਂ ਮੰਗਾਂ ਮੰਨੇ ਜਾਣ ਤੱਕ ਮੰਡੀ ਵਿੱਚ ਫਸਲ ਨਾ ਹੀ ਲੈ ਕੇ ਆਉਣ।
ਮੰਗਾਂ ਦੇ ਸਬੰਧੀ ਜਾਣਕਾਰੀ
ਇਸ ਦੌਰਾਨ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਾਜਰ ਸਿੰਘ ਨੇ ਦੱਸਿਆ ਕਿ ਉਹ ਕਾਫੀ ਲੰਬੇ ਸਮੇਂ ਤੋਂ ਵੱਖ-ਵੱਖ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਰਾਬਤਾ ਕਰ ਰਹੇ ਹਨ। ਪਰ ਸਰਕਾਰ ਜਾਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਕਿਤੇ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ। ਜਿਸ ਕਾਰਨ ਆਖਰਕਾਰ ਉਨ੍ਹਾਂ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਇਸ ਦੇ ਨਾਲ ਹੀ ਮੰਗਾਂ ਦੇ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ਸੂਬੇ ਦੀਆਂ ਮੰਡੀਆਂ ਦੇ ਮਜ਼ਦੂਰਾਂ ਦੇ ਬਰਾਬਰ ਉਨ੍ਹਾਂ ਨੂੰ ਲੇਬਰ ਰੇਟ ਦਿੱਤੇ ਜਾਣ, ਲੋਡਿੰਗ ਰੇਟ ਘੱਟ ਤੋਂ ਘੱਟ ਪੰਜ ਰੁਪਏ ਪ੍ਰਤੀ ਬੋਰੀ ਦਿੱਤੀ ਜਾਵੇ ਜੌ ਕਿ ਫਿਲਹਾਲ 1 ਰੁਪਏ 80 ਪੈਸੇ ਹੈ, ਮਜ਼ਦੂਰੀ 25 ਪ੍ਰਤੀਸ਼ਤ ਵਧਾਈ ਜਾਵੇ, ਘੱਟ ਵੱਧ ਭਰਤੀਆਂ ਇੱਕ ਸਾਰ ਇੱਕ ਰੇਟ ਕੀਤਾ ਜਾਵੇ।
ਅਨਾਜ ਮੰਡੀਆਂ ਦੇ ਵਿੱਚ ਹੜਤਾਲ ਕਰਨ ਦਾ ਫੈਸਲਾ
ਜ਼ਿਲ੍ਹਾ ਪ੍ਰਧਾਨ ਨਾਜਰ ਸਿੰਘ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਚੰਡੀਗੜ੍ਹ ਦੇ ਵਿੱਚ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਵੀ ਉਨ੍ਹਾਂ ਵੱਲੋਂ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਿਤੇ ਵੀ ਮਜ਼ਦੂਰਾਂ ਦੀ ਸੁਣਵਾਈ ਨਾ ਹੁੰਦੀ ਦੇਖ ਕੇ ਆਖਿਰਕਾਰ ਉਨ੍ਹਾਂ ਵੱਲੋਂ ਹੁਣ ਅਨਾਜ ਮੰਡੀਆਂ ਦੇ ਵਿੱਚ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ ਹੈ। ਜਿੰਨਾ ਚਿਰ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਵੱਲੋਂ ਮੰਨਿਆ ਨਹੀਂ ਜਾਂਦਾ, ਉਨੀ ਦੇਰ ਤੱਕ ਅਨਾਜ ਮੰਡੀਆਂ ਦੇ ਬੂਹੇ ਬੰਦ ਕਰਕੇ ਮਜ਼ਦੂਰਾਂ ਵੱਲੋਂ ਹੜਤਾਲ ਜਾਰੀ ਰਹੇਗੀ।