ਪੁੱਤ ਹੀ ਨਿਕਲਿਆ ਪਿਓ ਦਾ ਕਤਲ (ETV Bharat (ਪੱਤਰਕਾਰ, ਸ੍ਰੀ ਮੁਕਤਸਰ ਸਾਹਿਬ)) ਸ੍ਰੀ ਮੁਕਤਸਰ ਸਾਹਿਬ : ਅੱਜ ਸਮਾਜ ‘ਚ ਰਿਸ਼ਤੇ ਤਾਰ-ਤਾਰ ਹੋ ਰਹੇ ਹਨ ਅਤੇ ਖ਼ੂਨ ਪਾਣੀ ਬਣ ਗਿਆ ਹੈ। ਇਸ ਜਿਊਂਦੀ-ਜਾਗਦੀ ਮਿਸਾਲ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਮਰਾੜ ਕਲਾਂ ਵਿਖੇ ਹੋਏ ਕਤਲਕਾਂਡ ਤੋਂ ਨਜ਼ਰ ਆਉਂਦੀ ਹੈ। ਜ਼ਿਲ੍ਹਾ ਮੁਕਤਸਰ ਸਾਹਿਬ ਪੁਲਿਸ ਮੁਖੀ ਤੁਸ਼ਾਰ ਗੁਪਤਾ ਆਈ. ਪੀ. ਐੱਸ. ਦੀ ਯੋਗ ਅਗਵਾਈ ਹੇਠ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪਿੰਡ ਮਰਾੜ ਕਲਾ ਵਿਖੇ ਹੋਈ ਅੰਨੇ ਕਤਲ ਅਤੇ ਲੁੱਟ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਮ੍ਰਿਤਕ ਲਖਵੀਰ ਸਿੰਘ ਦੇ ਪੁੱਤਰ ਪਿਆਰਜੀਤ ਸਿੰਘ ਨੇ ਖ਼ੁਦ ਹੀ ਸਾਜ਼ਿਸ਼ ਰਚੀ ਸੀ ਅਤੇ ਲੁੱਟ ਦੀ ਝੂਠੀ ਵਾਰਦਾਤ ਅਤੇ ਆਪ ਹੀ ਆਪਣੇ ਪਿਤਾ ਦਾ ਕਾਤਲ ਨਿਕਲਿਆ।
ਕੰਨ 'ਤੇ ਪਿਸਤੌਲ ਤਾਣ ਕੇ ਮੋਬਾਇਲ ਅਤੇ ਪਰਸ ਖੋਹਣ ਲੱਗੇ
ਐੱਸ. ਐੱਸ. ਪੀ. ਤੁਸ਼ਾਰ ਗੁਪਤਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਆਰਜੀਤ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਬਾਜਾ ਮਰਾੜ ਨੇ ਪੁਲਿਸ ਪਾਸ ਬਿਆਨ ਦਿੱਤਾ ਕਿ ਉਹ ਆਪਣੇ ਪਿਤਾ ਲਖਵੀਰ ਸਿੰਘ ਨੂੰ ਦਵਾਈ ਦਿਵਾਉਣ ਲਈ ਆਲਟੋ ਕਾਰ ਵਿੱਚ ਜਾ ਰਹੇ ਸਨ। ਜਦ ਉਹ ਪਿੰਡ ਮਰਾੜ ਕਲਾ ਫਾਟਕ ਨੇੜੇ ਪਹੁੰਚੇ ਤਾਂ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ, ਉਸ ਦੇ ਕੰਨ 'ਤੇ ਪਿਸਤੌਲ ਤਾਣ ਲਈ ਅਤੇ ਉਸ ਦਾ ਮੋਬਾਇਲ ਅਤੇ ਪਰਸ ਖੋਹਣ ਲੱਗੇ।
ਅਸਲਾ ਐਕਟ ਤਹਿਤ ਥਾਣਾ ਬਰੀਵਾਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ
ਇਸੇ ਦੌਰਾਨ ਇੱਕ ਨਾ-ਮਾਲੂਮ ਵਿਅਕਤੀ ਵੱਲੋਂ ਉਸ ਦੇ ਪਿਤਾ ਦੇ ਗੱਲ ਵਿੱਚ ਲੋਹੇ ਦੇ ਸਰੀਏ ਨਾਲ ਵਾਰ ਕੀਤੇ ਗਏ ਅਤੇ ਬਾਅਦ 'ਚ ਉਹ ਆਪਣੇ ਹਥਿਆਰਾਂ ਸਮੇਤ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ। ਉਸ ਦੇ ਬਿਆਨਾ 'ਤੇ ਥਾਣਾ ਬਰੀਵਾਲਾ ਵਿਖੇ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ। ਜਿਸ ਦੇ ਬਿਆਨਾ 'ਤੇ ਮੁਕੱਦਮਾ ਨੰਬਰ 63 ਮਿਤੀ 06-09-2024 ਧਾਰਾ 103(1), 304, 62, 324(3), 191(3), 190 ਬੀ.ਐਨ.ਐਸ. 25,27/54/59 ਅਸਲਾ ਐਕਟ ਤਹਿਤ ਥਾਣਾ ਬਰੀਵਾਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ।
ਪਿਤਾ ਦਾ ਚਾਕੂ ਮਾਰ ਕੇ ਕੀਤਾ ਕਤਲ
ਇਸ ਵਾਰਦਾਤ ਨੂੰ ਟਰੇਸ ਕਰਨ ਲਈ ਪੁਲਿਸ ਵੱਲੋਂ ਵੱਖ-ਵੱਖ ਟੀਮਾ ਬਣਾ ਕੇ, ਆਧੁਨਿਕ ਢੰਗ ਤਰੀਕਿਆਂ ਦੀ ਵਰਤੋਂ ਕਰਦਿਆਂ ਸਾਰੇ ਪਹਿਲੂਆਂ ਤੋਂ ਤਫਤੀਸ਼ ਸ਼ੁਰੂ ਕੀਤੀ ਗਈ। ਦੌਰਾਨੇ ਤਫ਼ਤੀਸ਼ ਖ਼ੁਲਾਸਾ ਹੋਇਆ ਕਿ ਮ੍ਰਿਤਕ ਲਖਵੀਰ ਸਿੰਘ ਦੇ ਪੁੱਤਰ ਪਿਆਰਜੀਤ ਸਿੰਘ ਵੱਲੋਂ ਹੀ ਆਪਣੇ ਪਿਤਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਆਪਣੀ ਕਹੀ ਦੇ ਦਸਤੇ ਨਾਲ ਆਪਣੀ ਗੱਡੀ ਦੀ ਭੰਨ ਤੋੜ ਕਰਕੇ, ਲੁੱਟ ਦਾ ਝੂਠਾ ਡਰਾਮਾ ਰਚਿਆ ਸੀ ਤੇ ਬਾਅਦ ਵਿੱਚ ਮੁੱਦਈ ਬਣਕੇ ਮੁਕੱਦਮਾ ਦਰਜ ਕਰਵਾ ਦਿੱਤਾ ਸੀ।
ਆਨਲਾਈਨ ਗੇਮ ਦੌਰਾਨ ਕਰੀਬ 25 ਲੱਖ ਰੁਪਏ ਹਾਰਿਆ
ਪੁਲਿਸ ਵੱਲੋਂ ਪਿਆਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਨੇ ਆਪਣੀ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਕੇ ਉਹ ਆਨਲਾਈਨ ਗੇਮ ਦੌਰਾਨ ਕਰੀਬ 25 ਲੱਖ ਰੁਪਏ ਹਾਰ ਗਿਆ ਸੀ ਅਤੇ ਉਸ ਦਾ ਪਿਤਾ ਮ੍ਰਿਤਕ ਲਖਵੀਰ ਸਿੰਘ, ਪਿਆਰਜੀਤ ਸਿੰਘ ਤੋਂ ਪੈਸਿਆਂ ਦਾ ਹਿਸਾਬ ਮੰਗਦਾ ਸੀ, ਜਿਸ ਕਾਰਨ ਉਸ ਨੇ ਆਪਣੇ ਪਿਤਾ ਲਖਵੀਰ ਸਿੰਘ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ।