ਹੁਸ਼ਿਆਰਪੁਰ:ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਚੋਰੀਆਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਲੁਟੇਰਿਆਂ 'ਤੇ ਸ਼ਿਕੰਜਾ ਕੱਸਣ 'ਚ ਵੀ ਨਾਕਾਮ ਸਾਬਤ ਹੋ ਰਿਹਾ ਹੈ। ਇਨ੍ਹੀਂ ਦਿਨੀਂ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਚੌਰਾਹਿਆਂ 'ਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਪਰ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ 'ਚ ਨਹੀਂ ਆ ਰਹੇ।
ਨਨਾਣ ਨੂੰ ਮਿਲਣ ਆਈ ਮਹਿਲਾ ਪੁਲਿਸ ਮੁਲਾਜ਼ਮ ਹੋਈ ਲੁੱਟ ਦਾ ਸ਼ਿਕਾਰ:ਆਲਮ ਇਹ ਹੈ ਕਿ ਹੁਣ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਨੇ ਕਿ ਸ਼ਹਿਰ ਹੁਸ਼ਿਆਰਪੁਰ ਵਿੱਚ ਚੋਰ ਪੁਲਿਸ ਮੁਲਾਜ਼ਮਾਂ ਨੂੰ ਵੀ ਨਿਸ਼ਾਨਾ ਬਣਾਉਣ ਲੱਗੇ ਹਨ ਅਤੇ ਕਿਹਾ ਜਾ ਸਕਦਾ ਕਿ ਸ਼ਹਿਰ ਹੁਸ਼ਿਆਰਪੁਰ ਵਿੱਚ ਹੁਣ ਪੁਲਿਸ ਖੁਦ ਵੀ ਸੁਰੱਖਿਅਤ ਨਜ਼ਰੀ ਨਹੀਂ ਆ ਰਹੀ। ਜੀ ਹਾਂ ਤਾਜ਼ਾ ਮਾਮਲਾ ਸ਼ਹਿਰ ਹੁਸ਼ਿਆਰਪੁਰ ਦੇ ਬਹਾਦਰਪੁਰ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਮਹਿਲਾ ਪੁਲਿਸ ਮੁਲਾਜ਼ਮ ਆਪਣੀ ਨਨਾਣ ਨੂੰ ਕਿਸੇ ਕੰਮ ਦੇ ਸਿਲਸਿਲੇ ਵਿੱਚ ਮਿਲਣ ਆਈ ਹੋਈ ਸੀ, ਜਦੋਂ ਉਹ ਗਲੀ ਵਿੱਚ ਖੜੀ ਮੋਬਾਈਲ ਉੱਤੇ ਕਿਸੇ ਨਾਲ ਗੱਲ ਕਰ ਰਹੀ ਸੀ ਤਾਂ ਇੰਨੀ ਦੇਰ ਵਿੱਚ ਹੀ ਲੁਟੇਰਿਆਂ ਨੇ ਉਸਦੇ ਗਲੇ ਦੀ ਚੇਨ ਤੋੜੀ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਲੁੱਟ ਦੀ ਵੀਡੀਓ ਗਲੀਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।