ਪੰਜਾਬ ਪੁਲਿਸ ਦੀਆਂ ਟੁਕੜੀਆਂ ਨੇ ਦਿੱਤਾ ਗਾਰਡ ਆਫ ਆਨਰ (ETV BHARAT (ਰਿਪੋਟਰ, ਅੰਮ੍ਰਿਤਸਰ)) ਅੰਮ੍ਰਿਤਸਰ: ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਦੇਸ਼ ਦੁਨੀਆਂ ਦੇ ਵਿੱਚ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਲੈ ਕੇ ਸੰਗਤਾਂ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਜਦ ਦਰਿਆ ਬਿਆਸ ਪੁੱਲ ਰਾਹੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਦਾਖਲ ਹੋਈਆਂ ਤਾਂ ਇਸ ਦੌਰਾਨ ਦਰਿਆ ਕੰਢੇ ਸਥਿਤ ਹਾਈਟੈਕ ਪੁਲਿਸ ਨਾਕਾ ਬਿਆਸ ਵਿਖੇ ਡੀਐਸਪੀ ਬਾਬਾ ਬਕਾਲਾ ਸਾਹਿਬ ਸੁਵਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਲੈ ਕੇ ਪੁੱਜੀਆਂ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਸੰਗਤਾਂ ਦਾ ਨਿੱਘਾ ਸਵਾਗਤ
ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ ਦਾਖਲ ਹੋਣ ਉੱਤੇ ਪੰਜਾਬ ਪੁਲਿਸ ਦੀਆਂ ਵੱਖ-ਵੱਖ ਟੁਕੜੀਆਂ ਵੱਲੋਂ ਬਾਬਾ ਨਾਨਕ ਜੀ ਦੀ ਬਰਾਤ ਨੂੰ ਸਤਿਕਾਰ ਵਜੋਂ ਗਾਰਡ ਆਫ ਆਨਰ ਦਿੱਤਾ ਗਿਆ। ਇਸ ਦੌਰਾਨ ਗੱਲਬਾਤ ਕਰਦੇ ਹੋਏ ਡੀਐਸਪੀ ਬਾਬਾ ਬਕਾਲਾ ਸਾਹਿਬ ਸੁਵਿੰਦਰ ਪਾਲ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਬੇਹੱਦ ਖੁਸ਼ੀ ਅਤੇ ਮਾਣ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ਦੀ ਪਵਿੱਤਰ ਧਰਤੀ ਵਿੱਚ ਦਾਖਲ ਹੋਣ ਉੱਤੇ ਪੁਲਿਸ ਟੀਮਾਂ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਰਾਤ ਲੈ ਕੇ ਆ ਰਹੀਆਂ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਸਤਿਕਾਰਯੋਗ ਪੁਲਿਸ ਟੀਮਾਂ ਵੱਲੋਂ ਗਾਰਡ ਆਫ ਅਨਰ ਦਿੱਤਾ ਗਿਆ ਹੈ।
ਪੁਲਿਸ ਸੁਰੱਖਿਆ ਕੀਤੀ ਪ੍ਰਦਾਨ
ਡੀਐਸਪੀ ਬਾਬਾ ਬਕਾਲਾ ਸਾਹਿਬ ਸੁਵਿੰਦਰ ਪਾਲ ਸਿੰਘ ਨੇ ਅੱਗੇ ਦੱਸਿਆ ਕਿ ਹੁਣ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਦਾਖਲ ਹੋਣ ਉੱਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਦੇ ਨਾਲ ਵੱਖ ਵੱਖ ਪੁਲਿਸ ਸੁਰੱਖਿਆ ਟੀਮਾਂ ਬਟਾਲੇ ਜ਼ਿਲ੍ਹੇ ਦੀ ਹੱਦ ਤੱਕ ਜਾਣਗੀਆਂ ਅਤੇ ਇਸ ਦੌਰਾਨ ਮੁਕੰਮਲ ਸੁਰੱਖਿਆ ਪ੍ਰਦਾਨ ਕਰਨਗੀਆਂ। ਇਸ ਦੌਰਾਨ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਵੱਧ ਚੜ ਕੇ ਸੰਗਤਾਂ ਨੇ ਇਸ ਬਰਾਤ ਸਮਾਗਮ ਦੇ ਵਿੱਚ ਹਿੱਸਾ ਲਿਆ।