ਪਟਿਆਲਾ: ਦਿੱਲੀ ਚਲੋ ਅੰਦੋਲਨ ਦੌਰਾਨ ਖਨੌਰੀ ਬਾਰਡਰ ’ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦਾ ਆਖਿਕਾਰ ਮੌਤ ਤੋਂ 8 ਦਿਨਾਂ ਬਾਅਦ ਬੁੱਧਵਾਰ ਦੇਰ ਰਾਤ ਪੋਸਟਮਾਰਟਮ ਕੀਤਾ ਗਿਆ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੱਧ ਕਰਨ ਉਪਰੰਤ 302 ਕਤਲ ਦੀ ਧਾਰਾ ਤਹਿਤ ਐੱਫਆਰਆਈ ਦਰਜ ਕਰ ਕੇ ਸਰਕਾਰੀ ਰਜਿੰਦਰਾ ਹਸਪਤਾਲ 'ਚ ਭਾਰੀ ਸੁਰੱਖਿਆ ਪ੍ਰਬੰਧਾਂ ਦੌਰਾਨ ਸਾਰੀ ਕਾਰਵਾਈ ਅਮਲ 'ਚ ਲਿਆਂਦੀ ਗਈ। ਪੁਲਿਸ ਕਾਰਵਾਈ ਉਪਰੰਤ ਪੰਜ ਮੈਂਬਰੀ ਡਾਕਟਰੀ ਬੋਰਡ ਵੱਲੋਂ ਸ਼ੁਭਕਰਨ ਸਿੰਘ ਪੋਸਟਮਾਰਟਮ ਕੀਤਾ ਗਿਆ। ਅੱਜ ਬਠਿੰਡਾ ਦੇ ਪਿੰਡ ਬੱਲੋ ਵਿੱਚ ਹੀ ਸ਼ੁੱਭਕਰਨ ਦਾ ਦੁਪਹਿਰ ਬਾਅਦ ਅੰਤਿਮ ਸਸਕਾਰ ਕੀਤਾ ਜਾਵੇਗਾ।
ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ, 'ਕਾਨੂੰਨੀ ਸਲਾਹ ਤੋਂ ਬਾਅਦ ਜ਼ੀਰੋ ਐਫਆਈਆਰ ਦਰਜ ਕੀਤੀ ਗਈ। ਅੱਜ ਅੰਤਿਮ ਸੰਸਕਾਰ ਕੀਤਾ ਜਾਵੇਗਾ। ਮਾਨਯੋਗ ਮੁੱਖ ਮੰਤਰੀ ਪੰਜਾਬ ਨੇ 1 ਕਰੋੜ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਪਰਿਵਾਰ ਦੀ ਇੱਛਾ ਅਨੁਸਾਰ ਸੁਭਕਰਨ ਦੀ ਭੈਣ ਨੂੰ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਜਾਵੇਗੀ। ਅਸੀਂ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਹਾਂ ਅਤੇ ਉਨ੍ਹਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।'
ਸੁਰੱਖਿਆ ਦੇ ਕਰੜੇ ਪ੍ਰਬੰਧ:ਪਟਿਆਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੀ ਇਸ ਕਾਰਵਾਈ ਦੌਰਾਨ ਮੌਕੇ ਉੱਤੇ ਮੌਜੂਦ ਸਨ। ਡਾਕਟਰਾਂ ਦੇ ਮਾਹਿਰ ਪੈਨਲ ਵਜੋਂ ਪੋਸਟਮਾਰਟਮ ਕੀਤਾ ਗਿਆ। ਇਸ ਤੋਂ ਇਲਾਵਾ ਪੋਸਟਮਾਰਮਟ ਹੋਣ ਮਗਰੋਂ ਹੀ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਮੁਤਾਬਿਕ ਪੁਲਿਸ ਵੱਲੋਂ ਐੱਫਆਈਆਰ ਦਰਜ ਕੀਤੀ ਗਈ। ਦੱਸ ਦਈਏ ਰਜਿੰਦਰਾ ਹਸਪਤਾਲ ਬਾਹਰ ਕਿਸੇ ਤਰ੍ਹਾਂ ਦਾ ਕੋਈ ਇਕੱਠ ਨਾ ਹੋਵੇ ਇਸ ਲਈ ਪੁਲਿਸ ਵੱਲੋਂ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਸਨ।
ਜਗਜੀਤ ਸਿੰਘ ਡੱਲੇਵਾਲ, ਕਿਸਾਨ ਆਗੂ ਮੰਗਾਂ ਮੰਨੇ ਜਾਣ ਮਗਰੋਂ ਹੋਈ ਸਹਿਮਤੀ:ਮੌਕੇ ਉੱਤੇ ਮੌਜੂਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅੱਜ ਬਠਿੰਡਾ ਵਿਖੇ ਮ੍ਰਿਤਕ ਨੌਜਵਾਨ ਦਾ ਸਸਕਾਰ ਉਸ ਦੇ ਜੱਦੀ ਪਿੰਡ ਕੀਤਾ ਜਾਵੇਗਾ। ਡੱਲੇਵਾਲ ਨੇ ਦੱਸਿਆ ਕਿ ਪੁਲਿਸ ਨੇ ਕਤਲ ਦੀ ਧਾਰਾ 302 ਤਹਿਤ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਅਤੇ ਪਰਿਵਾਰ ਦੇ ਜੀਅ ਨੂੰ ਨੌਕਰੀ ਦੇਣ ਦੀ ਗੱਲ ਵੀ ਮਨਜ਼ੂਰ ਕਰ ਲਈ ਹੈ। ਇਹ ਸਾਰੀਆਂ ਗੱਲਾਂ ਮੰਨੇ ਜਾਣ ਤੋਂ ਬਾਅਦ ਹੀ ਕਿਸਾਨ ਅਤੇ ਪਰਿਵਾਰ ਪੋਸਟਮਾਰਟਮ ਲਈ ਰਾਜੀ ਹੋਇਆ ਹੈ।
ਐੱਫਆਈਰ ਦਰਜ ਹੋਣ ਮਗਰੋਂ ਹੋਇਆ ਪੋਸਟਮਾਰਟਮ:ਦੱਸ ਦਈਏ ਕਿਸੇ ਵੀ ਤਰ੍ਹਾਂ ਦੇ ਧਰਨੇ ਜਾਂ ਹਲਚਲ ਤੋਂ ਬਚਣ ਲਈ ਜਦੋਂ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਬੈਰੀਕੇਡਿੰਗ ਕੀਤੀ ਗਈ ਤਾਂ ਉੱਥੇ ਮੌਜੂਦ ਕਿਸਾਨਾਂ ਵੱਲੋਂ ਨਾਅਰੇਬਾਜ਼ੀ ਕਰਦਿਆਂ ਆਖਿਆ ਗਿਆ ਕਿ ਜਦੋਂ ਤੱਕ ਐੱਫਆਰਆਈ ਦੀ ਕਾਪੀ ਨਹੀਂ ਮਿਲਦੀ ਉਦੋਂ ਤੱਕ ਪੋਸਟਮਾਰਟਮ ਨਹੀਂ ਹੋਣ ਦੇਣਗੇ ਅਤੇ ਕਿਸਾਨਾਂ ਵੱਲੋਂ ਐੱਫਆਰਆਈ ਦੀ ਕਾਪੀ ਲੈਣ ਉਪਰੰਤ ਹੀ ਪੋਸਟਮਾਰਟਮ ਦੀ ਕਾਰਵਾਈ ਹੋਣ ਦਿੱਤੀ ਗਈ। ਪੰਜਾਬ ਦੇ ਆਈਜੀਪੀ ਹੈੱਡਕੁਆਟਰ ਸੁਖਚੈਨ ਸਿੰਘ ਗਿੱਲ ਨੇ ਹੁਣ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸੂਬਾ ਸਰਕਾਰ ਮ੍ਰਿਤਕ ਸ਼ੁਭਕਰਨ ਦੇ ਪਰਿਵਾਰ ਨੂੰ ਜਿੱਥੇ ਇੱਕ ਕਰੋੜ ਦਾ ਮੁਆਵਜ਼ਾ ਦੇਵੇਗੀ ਉੱਥੇ ਹੀ ਉਸ ਦੀ ਭੈਣ ਨੂੰ ਵੀ ਪੰਜਾਬ ਪੁਲਿਸ ਵਿੱਚ ਬਤੌਰ ਹੈੱਡਕਾਂਸਟੇਬਲ ਨੌਕਰੀ ਦਿੱਤੀ ਜਾ ਰਹੀ ਹੈ।