ਹੁਸ਼ਿਆਰਪੁਰ: ਅੱਜ ਸਵੇਰ ਤੋਂ ਹੋ ਰਹੀ ਭਾਰੀ ਬਰਸਾਤ ਕਾਰਨ ਪੰਜਾਬ ਹਿਮਾਚਲ ਦੀ ਸਰਹੱਦ 'ਤੇ ਜੈਜੋ ਦੁਆਬਾ ਦੇ ਬਾਹਰਵਾਰ ਚੋਅ ਵਿਖੇ ਇਕ ਇਨੋਵਾ ਗੱਡੀ ਹੜ੍ਹ 'ਚ ਰੁੜ੍ਹ ਗਈ ਅਤੇ ਕੁਝ ਦੂਰੀ 'ਤੇ ਜਾ ਕੇ ਫਸ ਗਈ। ਗੱਡੀ 'ਚ ਸਵਾਰ 11 ਲੋਕਾਂ 'ਚੋਂ ਹੁਣ ਤੱਕ 9 ਦੀ ਮੌਤ ਦੀ ਪੁਸ਼ਟੀ ਹੋ ਚੁਕੀ ਹੈ ਜਦੱਕਿ ਇੱਕ ਦੀ ਭਾਲ ਜਾਰੀ ਹੈ। ਦੱਸਣਯੋਗ ਹੈ ਕਿ ਕਾਰ ਡਰਾਈਵਰ ਨੂੰ ਪਹਿਲਾਂ ਹੀ ਬਚਾਅ ਲਿਆ ਗਿਆ ਸੀ। ਉਥੇ ਹੀ ਸਥਾਨਕ ਲੋਕਾਂ ਵੱਲੋਂ ਰਾਹਤ ਕਾਰਜ ਜਾਰੀ ਹੈ। ਨਾਲ ਹੀ ਬਚਾਅ ਟੀਮਾਂ ਵੀ ਮੌਕੇ 'ਤੇ ਪਹੁੰਚ ਕੇ ਭਾਲ ਵਿੱਚ ਜੁਟੀਆਂ ਰਹੀਆਂ। ਜਿਨਾਂ ਨੇ ਪਾਣੀ ਦੇ ਵਹਾਅ ਨਾਲ ਰੁੜ੍ਹੇ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਪਿੰਡ ਦੇ ਲੋਕਾਂ ਨੇ ਦੀਪਕ ਭਾਟੀਆ ਨਾਂ ਦੇ ਵਿਅਕਤੀ ਨੂੰ ਬਚਾਇਆ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੱਡੀ 'ਚ ਸਵਾਰ ਲੋਕ ਇੱਕ ਹੀ ਪਰਿਵਾਰ ਦੇ ਸਨ ਅਤੇ ਇਹ ਸਾਰੇ ਹਿਮਾਚਲ ਪ੍ਰਦੇਸ਼ ਦੇ ਪਿੰਡ ਡੇਹਰਾ ਮਹਿਤਪੁਰ ਤੋਂ ਵਿਆਹ ਲਈ ਨਵਾਂਸ਼ਹਿਰ ਜਾ ਰਹੇ ਸਨ। ਪੁਲਿਸ ਅਤੇ ਪਿੰਡ ਵਾਸੀ ਭਾਲ ਕਰ ਰਹੇ ਹਨ।
ਇੱਕ ਹੀ ਪਰਿਵਾਰ ਦੇ ਸਨ ਸਾਰੇ ਜੀਅ: ਮਿਲੀ ਜਾਣਕਾਰੀ ਮੁਤਾਬਿਕ ਘਟਨਾ ਜੇਜੋਂ ਨੇੜਲੇ ਚੋਅ ਵਿੱਚ ਵਾਪਰੀ। ਇਸ ਕਾਰ ਵਿੱਚ ਇੱਕ ਹੀ ਪਰਿਵਾਰ ਦੇ 11 ਲੋਕ ਸਵਾਰ ਸਨ। ਪਰਿਵਾਰ ਦੇ 9 ਜੀਆਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋ ਗਈਆਂ ਹਨ ਜਦਕਿ ਇੱਕ ਬੱਚੇ ਨੂੰ ਬਚਾ ਲਿਆ ਗਿਆ ਹੈ ਜਦਕਿ ਬਾਕੀ 1 ਦੀ ਭਾਲ ਅਜੇ ਜਾਰੀ ਹੈ। ਪਰਿਵਾਰ ਦੇ 10 ਲੋਕਾਂ ਤੋਂ ਇਲਾਵਾ ਕਾਰ ਦਾ ਡਰਾਈਵਰ ਵੀ ਰੁੜ੍ਹੀ ਜਾਂਦੀ ਕਾਰ ਵਿੱਚ ਸੀ ਪਰ ਉਸਨੂੰ ਵੀ ਬਚਾਅ ਲਿਆ ਗਿਆ ਹੈ ਅਤੇ ਉਸਨੂੰ ਮਾਹਲਪੁਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਿਮਾਚਲ ਵਿੱਚ ਊਨਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਇਹ ਪਰਿਵਾਰ ਨਵਾਂਸ਼ਹਿਰ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਮੂਲੀਅਤ ਲਈ ਜਾ ਰਿਹਾ ਸੀ ਜਦ ਐਤਵਾਰ ਲਗਪਗ 12.30 ਵਜੇ ਇਹ ਹਾਦਸਾ ਵਾਪਰ ਗਿਆ।