ਸਾਬਕਾ ਜੇਈ ਨੇ ਕਰਤੀ ਕਮਾਲ, ਗਰਮੀ 'ਚ ਰੁੱਖਾਂ ਦੀ ਛਾਂ ਨੂੰ ਤਰਸਦੇ ਲੋਕਾਂ ਲਈ ਬਣਾ ਦਿੱਤਾ ਜੰਗਲ ਅੰਮ੍ਰਿਤਸਰ : ਇੱਕ ਚੰਗੀ ਪ੍ਰੇਰਨਾ ਕਿਵੇਂ ਕਿਸੇ ਦੀ ਜ਼ਿੰਦਗੀ ਬਦਲ ਦਿੰਦੀ ਹੈ, ਇਸ ਦੀ ਮਿਸਾਲ ਅੰਮ੍ਰਿਤਸਰ ਦਿਹਾਤੀ ਦੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਕਸਬਾ ਰਈਆ ਵਿੱਚ ਵੇਖਣ ਨੂੰ ਮਿਲੀ ਹੈ। ਜਿੱਥੇ ਇੱਕ ਪਰਿਵਾਰ ਨੂੰ ਵਾਤਾਵਰਨ ਦੀ ਸੇਵਾ ਕਰਨ ਵਾਲੇ ਅਤੇ ਦੇਸ਼ ਭਰ ਦੇ ਵਿੱਚ ਵੱਖ-ਵੱਖ ਜਗ੍ਹਾ ਵਾਤਾਵਰਨ ਵਾਸਤੇ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ, ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਤੋਂ ਅਜਿਹੀ ਪ੍ਰੇਰਨਾ ਮਿਲੀ। ਜਿਸ ਨੇ ਬਿਜਲੀ ਬੋਰਡ ਤੋਂ ਰਿਟਾਇਰ ਹੋਏ ਸਾਬਕਾ ਜੇਈ ਦਾ ਪਰਿਵਾਰ ਬੇਹੱਦ ਪ੍ਰਭਾਵਿਤ ਹੋਇਆ ਅਤੇ ਕੁਦਰਤ ਦੇ ਨਾਲ ਨਾਲ ਲੋਕਾਂ ਦੀ ਸੇਵਾ ਲਈ ਇੱਕ ਵਿਲੱਖਣ ਕੰਮ ਕਰ ਵਿਖਾਇਆ ਹੈ।
ਪਿਤਾ ਦੀ ਯਾਦ 'ਚ ਬਣਾਇਆ ਜੰਗਲ:ਅੱਜ ਕੱਲ ਦੀ ਭੱਜ ਦੌੜ ਭਰੀ ਜ਼ਿੰਦਗੀ 'ਚ ਜਿੱਥੇ ਹਰ ਕੋਈ ਵਿਅਕਤੀ ਪੈਸੇ ਦੇ ਪਿੱਛੇ ਭੱਜ ਰਿਹਾ ਹੈ, ਉੱਥੇ ਹੀ ਅੱਜ ਤੁਹਾਨੂੰ ਇੱਕ ਅਜਿਹੇ ਸ਼ਖਸ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਜਿਸ ਨੇ ਪੈਸੇ ਦਾ ਲਾਲਚ ਛੱਡ ਕੇ ਕੁਦਰਤ ਦੀ ਸੇਵਾ ਕਰ ਰਹੇ ਸੰਤਾਂ ਤੋਂ ਪ੍ਰੇਰਿਤ ਹੋ ਕੇ ਆਪਣੇ ਸਵਰਗਵਾਸੀ ਪਿਤਾ ਦੀ ਯਾਦ ਦੇ ਵਿੱਚ ਕਰੀਬ ਡੇਢ ਕਿੱਲ੍ਹਾ ਜ਼ਮੀਨ ਦੇ ਵਿੱਚ ਜੰਗਲ ਲਗਾਇਆ ਹੈ। ਇਸ ਸਬੰਧੀ ਗੱਲਬਾਤ ਦੌਰਾਨ ਸਾਬਕਾ ਜੇਈ ਨਰਿੰਦਰ ਸਿੰਘ ਨੇ ਦੱਸਿਆ ਕਿ ਇਕ ਦਿਨ ਉਹ ਪਰਿਵਾਰ ਸਮੇਤ ਖਡੂਰ ਸਾਹਿਬ ਵਿਖੇ ਸੰਤ ਬਾਬਾ ਸੇਵਾ ਸਿੰਘ ਜੀ ਅਤੇ ਸੰਤ ਬਾਬਾ ਦਵਿੰਦਰ ਸਿੰਘ ਜੀ ਦੇ ਦਰਸ਼ਨਾਂ ਦੇ ਲਈ ਪੁੱਜੇ, ਜਿੱਥੇ ਬਾਬਾ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਆਪਣੇ ਸਵਰਗਵਾਸੀ ਪਿਤਾ ਦੀ ਯਾਦ ਵਿੱਚ ਤਿੰਨਾਂ ਭਰਾਵਾਂ ਦੀ ਸਾਂਝੀ ਜ਼ਮੀਨ ਜੋ ਕਿ ਠੇਕੇ 'ਤੇ ਦਿੱਤੀ ਹੋਈ ਸੀ, ਉਸ ਨੂੰ ਜੰਗਲ ਦੇ ਰੂਪ ਵਿੱਚ ਬਦਲਣ ਦਾ ਫੈਸਲਾ ਲਿਆ।
ਸਾਬਕਾ ਜੇਈ ਨੇ ਕਰਤੀ ਕਮਾਲ, ਗਰਮੀ 'ਚ ਰੁੱਖਾਂ ਦੀ ਛਾਂ ਨੂੰ ਤਰਸਦੇ ਲੋਕਾਂ ਲਈ ਬਣਾ ਦਿੱਤਾ ਜੰਗਲ 1500 ਲਗਾਏ ਬੂਟੇ: ਨਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਭਰਾਵਾਂ ਅਤੇ ਪਰਿਵਾਰ ਦੇ ਨਾਲ ਸਲਾਹ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਬਾਬਾ ਦਵਿੰਦਰ ਸਿੰਘ ਨੂੰ ਡੇਢ ਕਿੱਲੇ ਜ਼ਮੀਨ 'ਚ ਜੰਗਲ ਲਗਾਉਣ ਦੀ ਅਪੀਲ ਕੀਤੀ ।ਜਿਸ ਦੇ ਉੱਤੇ ਬਾਬਾ ਦਵਿੰਦਰ ਸਿੰਘ ਵੱਲੋਂ ਸੇਵਾਦਾਰਾਂ ਦੇ ਨਾਲ 1500 ਬੂਟੇ ਜੋ ਕਿ ਕਰੀਬ 50 ਵੱਖ-ਵੱਖ ਕਿਸਮਾਂ ਦੇ ਫਲ,ਫੁੱਲ ਤੇ ਦਰਖਤ ਲਗਾ ਦਿੱਤੇ ਗਏ। ਨਰਿੰਦਰ ਸਿੰਘ ਨੇ ਦੱਸਿਆ ਕੀ ਬਿਨਾਂ ਪਾਣੀ ਬਿਨਾਂ ਖਾਦ ਦੇ ਇਹਨਾਂ ਬੂਟਿਆਂ ਨੂੰ ਇਵੇਂ ਇੱਕਦਮ ਪ੍ਰਫੁੱਲਿਤ ਹੁੰਦਿਆਂ ਦੇਖ ਉਹ ਵੀ ਹੈਰਾਨ ਹਨ ਅਤੇ ਇਸ ਜਗ੍ਹਾ ਦੇ ਉੱਤੇ ਦੋ ਤੋਂ ਚਾਰ ਵਾਰ ਦੋਵਾਂ ਸਾਲਾਂ ਦਰਮਿਆਨ ਗੋਡੀ ਕੀਤੀ ਗਈ ਹੈ।
ਵਾਤਾਵਰਣ ਨਾਲ ਛੇੜ-ਛਾੜ: ਉਹਨਾਂ ਦੱਸਿਆ ਕਿ ਇਹ ਜ਼ਮੀਨ ਪਹਿਲਾਂ ਕਰੀਬ 1 ਲੱਖ ਰੁਪਏ ਸਲਾਨਾ ਠੇਕੇ ਦੇ ਉੱਤੇ ਦਿੱਤੀ ਹੋਈ ਸੀ ਲੇਕਿਨ ਕੁਦਰਤ ਅਤੇ ਲੋਕਾਂ ਦੀ ਸੇਵਾ ਅਤੇ ਅੱਜ ਦੇ ਦੂਸ਼ਿਤ ਹੁੰਦੇ ਪੌਣ-ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਇਹਨਾਂ ਨੇ ਇੱਥੇ ਜੰਗਲ ਬਣਵਾ ਦਿੱਤਾ।ਹੁਣ ਵੱਖ-ਵੱਖ ਕਿਸਮਾਂ ਦੇ ਪੰਛੀ ਇੱਥੇ ਰਹਿਣ ਦੇ ਨਾਲ ਨਾਲ ਖਾਣਾ ਖਾਣ ਆਉਂਦੇ ਹਨ। ਜਿਸ ਨਾਲ ਰੂਹ ਨੂੰ ਮਿਲਣ ਵਾਲੇ ਸਕੂਨ ਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ ਬੇਹਦ ਔਖਾ ਹੈ।ਉਹਨਾਂ ਕਿਹਾ ਕਿ ਅਜੋਕੇ ਦੌਰ ਵਿੱਚ ਜੇਕਰ ਸਮੇਂ ਸਿਰ ਵਾਤਾਵਰਨ ਦੇ ਲਈ ਅਸੀਂ ਗੰਭੀਰ ਨਾ ਹੋਏ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦੇ ਸਿੱਟੇ ਗੰਭੀਰ ਹੋ ਸਕਦੇ ਹਨ ਕਿਉਂਕਿ ਇੱਕ ਪਾਸੇ ਜਿੱਥੇ ਧਰਾਤਲ ਵਿੱਚ ਆਏ ਦਿਨ ਪਾਣੀ ਦੀ ਕਮੀ ਹੋ ਰਹੀ ਹੈ ਉੱਥੇ ਹੀ ਬੇਹੱਦ ਵਾਹਨਾਂ ਅਤੇ ਵੱਡੀਆਂ ਸੜਕਾਂ ਦੇ ਜਾਲ ਬਣਾਉਂਦਿਆਂ ਪੰਜਾਬ ਦੀ ਧਰਤੀ ਤੋਂ ਰੁੱਖ ਅਲੋਪ ਹੁੰਦੇ ਜਾ ਰਹੇ ਹਨ। ਇਹੀ ਕਾਰਨ ਹੈ ਕਿ ਮੌਸਮੀ ਬਦਲਾਵ ਨਾਲ ਗਲਤ ਸਮੇਂ ਦੇ ਉੱਤੇ ਬਾਰਿਸ਼ਾਂ ਅਤੇ ਹੜ੍ਹ ਜਿਹੀਆਂ ਸਥਿਤੀਆਂ ਦੇ ਨਾਲ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ।
ਆਮ ਲੋਕਾਂ ਨੂੰ ਅਪੀਲ: ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਅੱਜ ਗਰਮੀ ਵਿੱਚ ਇਨਸਾਨ ਤਾਂ ਕੀ ਪਸ਼ੂ-ਪੰਛੀ ਅਤੇ ਜਾਨਵਰ ਵੀ ਛਾਂ ਲੱਭ ਰਹੇ ਹਨ ਪਰ ਪੰਜਾਬ ਦੇ ਲਈ ਇਹ ਬੜੀ ਬਦਕਿਸਮਤੀ ਦੀ ਗੱਲ ਹੈ ਕੀ ਹੁਣ ਸ਼ਾਨਦਾਰ ਰੁੱਖਾਂ ਦੇ ਨਾਲ ਭਰੇ ਰਹਿਣ ਵਾਲੇ ਪੰਜਾਬ ਦੇ ਵਿੱਚ ਟਾਵੀਂ ਟਾਵੀਂ ਜਗ੍ਹਾ ਛਾਂ ਦਿਖਾਈ ਦਿੰਦੀ ਹੈ। ਜਿਸ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਹਰ ਵਿਅਕਤੀ ਆਪਣੇ ਘਰ ਦੇ ਵਿੱਚ ਘੱਟ ਤੋਂ ਘੱਟ ਦੋ ਬੂਟੇ ਅਤੇ ਜੇਕਰ ਉਹਦੇ ਕੋਲ ਸਮਰੱਥਾ ਅਨੁਸਾਰ ਜ਼ਮੀਨ ਅਤੇ ਕਮਾਈ ਦੇ ਹੋਰ ਸਰੋਤ ਹਨ ਤਾਂ ਉਹ ਅਪੀਲ ਕਰਨਾ ਚਾਹੁੰਦੇ ਹਨ ਕਿ ਉਹ ਵਿਅਕਤੀ ਕੁਦਰਤ ਦੀ ਸੇਵਾ ਦੇ ਲਈ ਅਜਿਹੀ ਕੋਸ਼ਿਸ਼ ਜ਼ਰੂਰ ਕਰੇ ਅਤੇ ਵੱਧ ਤੋਂ ਵੱਧ ਪੌਦੇ ਲਗਾ ਕੇ ਜੰਗਲ ਤਿਆਰ ਕਰੇ ।ਜਿਸ ਨਾਲ ਜਿੱਥੇ ਇਨਸਾਨਾਂ ਨੂੰ ਸਾਫ਼ ਅਤੇ ਸ਼ੁੱਧ ਆਕਸੀਜਨ ਮਿਲੇਗੀ, ਉਥੇ ਹੀ ਪਸ਼ੂ-ਪੰਛੀਆਂ ਨੂੰ ਉਹਨਾਂ ਦਾ ਖਾਣਾ ਅਤੇ ਰਹਿਣ ਲਈ ਥਾਂ ਮਿਲੇਗੀ।