ਬਠਿੰਡਾ:ਬੀਤੇ ਦਿਨੀ ਵਿਜੀਲੈਂਸ ਵਿਭਾਗ ਵੱਲੋਂ ਤਪਾ ਮੰਡੀ ਦੇ ਤਹਿਸੀਲਦਾਰ ਨੂੰ 20 ਹਜ਼ਾਰ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਅੱਜ ਸਮੁੱਚੇ ਸੂਬੇ ਵਿੱਚ ਤਹਿਸੀਲਦਾਰਾਂ ਦੇ ਸਮੂਹਿਕ ਛੁੱਟੀ ਜਾਣ ਮਗਰੋਂ ਰੈਵਨਿਊ ਵਿਭਾਗ ਦਾ ਕੰਮ ਕਾਜ ਬੁਰੀ ਤਰ੍ਹਾਂ ਠੱਪ ਹੋ ਗਿਆ। ਅਚਾਨਕ ਸਮੂਹਿਕ ਛੁੱਟੀ 'ਤੇ ਗਏ ਤਹਿਸੀਲਦਾਰਾਂ ਕਾਰਨ ਰਜਿਸਟਰੀਆਂ ਅਤੇ ਹੋਰ ਰੋਜ਼ਮਰਾ ਦੇ ਕੰਮਾਂ ਵਿੱਚ ਖੜੋਤ ਆ ਗਈ। ਤਹਿਸੀਲ ਵਿੱਚ ਕੰਮ ਕਰਾਉਣ ਆਏ ਲੋਕਾਂ ਨੂੰ ਖਾਲੀ ਹੱਥ ਘਰ ਵਾਪਸ ਪਰਤਣਾ ਪਿਆ।
ਤਹਿਸੀਲਦਾਰ ਦੇ ਸਮੂਹਿਕ ਛੁੱਟੀ 'ਤੇ ਜਾਣ ਮਗਰੋਂ ਲੋਕ ਪਰੇਸ਼ਾਨ (ETV BHARAT (ਬਠਿੰਡਾ, ਪੱਤਕਾਰ)) ਰਿਵਸ਼ਤ ਲੈਂਦਾ ਤਹਿਸੀਲਦਾਰ ਵਿਜੀਲੈਂਸ ਵਲੋਂ ਕਾਬੂ
ਇਸ ਮੌਕੇ ਬਠਿੰਡਾ ਦੀ ਤਹਿਸੀਲ ਵਿੱਚ ਕੰਮ ਕਰਵਾਉਣ ਆਏ ਐਡਵੋਕੇਟ ਹਰਪਾਲ ਸਿੰਘ ਢਿੱਲੋਂ ਅਤੇ ਸੁਖਦੇਵ ਸਿੰਘ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਭ੍ਰਿਸ਼ਟਾਚਾਰੀ ਕਰਦਾ ਹੈ ਤਾਂ ਉਸ ਖਿਲਾਫ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ। ਵਿਜੀਲੈਂਸ ਵਿਭਾਗ ਵੱਲੋਂ ਪਿਛਲੇ ਦਿਨੀ ਭ੍ਰਿਸ਼ਟਾਚਾਰਾਂ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤੇ ਗਏ ਤਹਿਸੀਲਦਾਰ ਨੂੰ ਲੈ ਕੇ ਸੂਬੇ ਭਰ ਦੇ ਵਿੱਚ ਸਮੂਹਿਕ ਛੁੱਟੀ ਦੇ ਗਏ ਅਧਿਕਾਰੀਆਂ ਖਿਲਾਫ ਵੀ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਤਹਿਸੀਲਦਾਰ ਦੇ ਹੱਕ 'ਚ ਸਮੂਹਿਕ ਛੁੱਟੀ
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਹੋਰ ਵਿਭਾਗ ਦਾ ਅਧਿਕਾਰੀ ਰਿਸ਼ਵਤ ਲੈਂਦਾ ਫੜਿਆ ਜਾਂਦਾ ਹੈ ਤਾਂ ਉਹ ਤਾਂ ਕਦੇ ਹੜਤਾਲ 'ਤੇ ਨਹੀਂ ਜਾਂਦੇ। ਪਰ ਰੈਵਨਿਊ ਵਿਭਾਗ ਇੱਕ ਅਜਿਹਾ ਵਿਭਾਗ ਹੈ ਜਿਸ ਦਾ ਕੋਈ ਵੀ ਅਧਿਕਾਰੀ ਰਿਸ਼ਵਤ ਲੈਂਦਾ ਫੜਿਆ ਜਾਂਦਾ ਹੈ ਤਾਂ ਉਸ ਦੇ ਸਾਥੀ ਹੜਤਾਲ 'ਤੇ ਚਲੇ ਜਾਂਦੇ ਹਨ। ਜਿਸ ਨਾਲ ਸਰਕਾਰ ਅਤੇ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਰਕਾਰ ਨੂੰ ਲੱਖਾਂ ਦਾ ਨੁਕਸਾਨ, ਲੋਕਾਂ ਨੇ ਕੀਤੀ ਕਾਰਵਾਈ ਦੀ ਮੰਗ
ਉਨ੍ਹਾਂ ਕਿਹਾ ਕਿ ਰੋਜ਼ਾਨਾ ਇਕੱਠਾ ਹੋਣ ਵਾਲਾ ਲੱਖਾਂ ਰੁਪਏ ਦਾ ਰੈਵਨਿਊ ਦਾ ਜਿੱਥੇ ਨੁਕਸਾਨ ਹੁੰਦਾ ਹੈ, ਉੱਥੇ ਹੀ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਜੇਕਰ ਤਹਸੀਲਦਾਰ ਨੇ ਭ੍ਰਿਸ਼ਟਾਚਾਰ ਨਹੀਂ ਕੀਤਾ ਤਾਂ ਅਦਾਲਤ ਉਸ ਨੂੰ ਬਰੀ ਕਰ ਦੇਵੇਗੀ, ਪਰ ਇਹ ਕੋਈ ਤਰੀਕਾ ਨਹੀਂ ਹੈ ਕਿ ਤੁਸੀਂ ਸਮੂਹਿਕ ਛੁੱਟੀ 'ਤੇ ਜਾ ਕੇ ਆਪਣੇ ਭ੍ਰਿਸ਼ਟਾਚਾਰ ਨਾਲ ਲਿਪਤ ਅਧਿਕਾਰੀ ਨੂੰ ਬਚਾਉਣ ਲਈ ਲੋਕਾਂ ਅਤੇ ਸਰਕਾਰ ਨੂੰ ਪਰੇਸ਼ਾਨ ਕਰੋ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਅਧਿਕਾਰੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਜੋ ਭ੍ਰਿਸ਼ਟਾਚਾਰੀ ਨਾਲ ਲਿਪਤ ਹਨ।