ਤਰਨ ਤਾਰਨ :ਪੰਜਾਬ ਵਿੱਚ ਗੈਂਗਵਾਰ ਗੈਂਗਸਟਰ ਅਤੇ ਗੈਂਗਸਟਰਾਂ ਦੇ ਨਾਮ 'ਤੇ ਫਿਰੌਤੀਆਂ ਮੰਗਣਾ ਹੁਣ ਆਮ ਜਿਹਾ ਹੋ ਗਿਆ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਤੋਂ ਜਿਥੇ ਵਿਦੇਸ਼ 'ਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਨਾਮ ਦੀ ਵਰਤੋਂ ਕਰਦੇ ਹੋਏ ਕਸਬਾ ਖੇਮਕਰਨ ਦੇ ਇਕ ਆੜਤੀ ਪਾਸੋਂ 30 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ। ਪਰ ਫਿਰੌਤੀ ਮੰਗਣ ਵਾਲੇ ਥੋੜੇ ਕੱਚੇ ਖਿਡਾਰੀ ਨਿਕਲੇ ਅਤੇ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਫਿਰੌਤੀ ਮੰਗਣ ਵਾਲੇ ਤਿੰਨ ਮੈਂਬਰੀ ਗਿਰੋਹ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ। ਇਸ ਦੌਰਾਨ ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਪਾਸੋਂ ਇਕ ਖਿਡੌਣਾ ਪਿਸਤੌਲ ਤੋਂ ਇਲਾਵਾ ਬਿਨਾਂ ਨੰਬਰੀ ਮੋਟਰਸਾਈਕਲ ਅਤੇ ਫਿਰੌਤੀ ਲਈ ਵਰਤੇ ਗਏ ਚਾਰ ਵੱਖ-ਵੱਖ ਮੋਬਾਇਲਾਂ ਨੂੰ ਬਰਾਮਦ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਫਿਰੌਤੀ ਮਾਮਲੇ ਵਿਚ ਮੁੱਖ ਮੁਲਜ਼ਮ ਵੱਲੋਂ 20 ਸਾਲ ਤੱਕ ਮੁੱਦਈ ਪਾਸ ਮੁਨੀਮੀ ਵਜੋਂ ਨੌਕਰੀ ਕੀਤੀ ਗਈ ਸੀ।
ਐੱਸਐੱਸਪੀ ਨੇ ਪ੍ਰੈਸ ਕਾਨਫਰਸ ਦੌਰਾਨ ਦੱਸਿਆ ਕਿ ਕਸਬਾ ਖੇਮਕਰਨ ਵਿਖੇ ਆੜਤ ਦਾ ਕਾਰੋਬਾਰ ਕਰਦੇ ਅਮਿਤ ਕੁਮਾਰ ਪੁੱਤਰ ਪ੍ਰੇਮਪਾਲ ਵਾਸੀ ਖੇਮਕਰਨ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਮੋਬਾਇਲ ਉੱਪਰ ਗੈਂਗਸਟਰ ਗੋਲਡੀ ਬਰਾੜ ਦੇ ਨਾਮ ਲੈ ਕੇ ਉਸ ਪਾਸੋਂ ਪਹਿਲਾਂ 10 ਲੱਖ ਰੁਪਏ ਅਤੇ ਬਾਅਦ ਵਿਚ 20 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਫਿਰੌਤੀ ਨਾਂ ਦੇਣ ਦੇ ਚਲਦਿਆਂ ਉਸਦੇ ਬੇਟੇ ਅਤੇ ਜਵਾਈ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਪੁਲਸ ਨੇ ਤਕਨੀਕੀ ਮਾਹਿਰਾਂ ਅਤੇ ਆਪਣੀ ਇਨਵੈਸਟੀਗੇਸ਼ਨ ਨੂੰ ਤੇਜ਼ ਕਰਦੇ ਹੋਏ ਫਿਰੌਤੀ ਮੰਗਣ ਵਾਲੇ ਤਿੰਨ ਮੈਂਬਰੀ ਗਿਰੋਹ ਦਾ ਪਰਦਾ ਫਾਸ਼ ਕਰਦੇ ਹੋਏ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਅੰਮ੍ਰਿਤਸਰ ਪੁਲਿਸ ਨੇ 12 ਘੰਟਿਆਂ 'ਚ ਸੁਲਝਾਇਆ ਲੁੱਟ ਦਾ ਮਾਮਲਾ, ਲੁਟੇਰੇ ਕੀਤੇ ਕਾਬੂ