ਚੰਡੀਗੜ੍ਹ:ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਖਤ ਟਿੱਪਣੀ ਕੀਤੀ ਹੈ ਅਤੇ ਮਰਨ ਵਰਤ 'ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਜਲਦ ਤੋਂ ਜਲਦ ਹਸਪਤਾਲ ਭਰਤੀ ਕਰਵਾ ਕੇ ਉਹਨਾਂ ਦਾ ਇਲਾਜ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਡਾਕਟਰਾਂ ਨੂੰ ਵੀ ਝਾੜ ਪਾਈ ਹੈ ਕਿ ਕੋਈ ਕਿਸ ਤਰ੍ਹਾਂ ਕਹਿ ਸਕਦਾ ਹੈ ਕਿ 70 ਸਾਲ ਦਾ ਬਜ਼ੁਰਗ ਵਿਅਕਤੀ 24 ਦਿਨ ਦੀ ਭੂੱਖ ਹੜਤਾਲ ਤੋਂ ਬਾਅਦ ਵੀ ਤੰਦਰੁਸਤ ਹੈ।
ਡਾਕਟਰੀ ਜਾਂਚ ਦੀਆਂ ਰਿਪੋਰਟਾਂ ਦੀ ਕੀਤੀ ਮੰਗ
ਡੱਲੇਵਾਲ ਦੀ ਸਿਹਤ ਨੂੰ ਲੈਕੇ ਲਗਾਤਾਰ ਚਿੰਤਾ ਜ਼ਾਹਿਰ ਕਰ ਰਹੇ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਜਲਦ ਤੋਂ ਜਲਦ ਜਗਜੀਤ ਡੱਲੇਵਾਲ ਦੀ ਜਾਂਚ ਕਰਵਾਈ ਜਾਵੇ ਅਤੇ ਸਾਰੇ ਟੈਸਟ ਰਿਪੋਰਟ ਕੱਲ੍ਹ ਯਾਨੀ ਕਿ 20 ਦਸੰਬਰ ਦੋਪਹਿਰ ਇੱਕ ਵਜੇ ਤੱਕ ਅਦਾਲਤ ਨੂੰ ਸੋਂਪੇ ਜਾਣ। ਕੋਰਟ ਨੇ ਡੱਲੇਵਾਲ ਦੀ ਕੈਂਸਰ ਰਿਪੋਰਟ, ਬਲੱਡ ਟੈਸਟ ਦੀ ਰਿਪੋਰਟ ਅਤੇ ਨਾਲ ਹੀ ਸੀਟੀ ਸਕੈਨ ਦੀ ਰਿਪੋਰਟ ਵੀ ਮੰਗੀ ਹੈ ਤਾਂ ਜੋ ਅਦਾਲਤ ਅਗਲਾ ਫੈਸਲਾ ਦੇ ਸਕੇ। ਜਸਟਿਸ ਸੁਰਿਆਕਾਂਤ ਨੇ ਕਿਹਾ ਕਿ ਆਪਣਾ ਇਲਾਜ ਕਰਵਾਉਣ ਫਿਰ ਉਸ ਤੋਂ ਬਾਅਦ ਦੋਬਾਰਾ ਹੜਤਾਲ ਜਾਰੀ ਰੱਖ ਸਕਦੇ ਹਨ।
ਫਿਕਰ ਕਰਨ ਕਿਸਾਨ ਆਗੂ
ਨਾਲ ਹੀ ਕੋਰਟ ਨੇ ਕਿਹਾ ਕਿ ਕਿਸਾਨ ਆਗੂਆਂ ਨੂੰ ਵੀ ਆਪਣੇ ਕਿਸਾਨ ਆਗੂਆਂ ਦੀ ਚਿੰਤਾ ਕਰਨੀ ਚਾਹੀਦੀ ਹੈ। ਕੋਰਟ ਨੇ ਕਿਹਾ ਕਿ ਹੋਰਨਾਂ ਕਿਸਾਨ ਆਗੂਆਂ ਨੁੰ ਉਹਨਾਂ ਦੀ ਸਿਹਤ ਅਤੇ ਉਮਰ ਨੁੰ ਦੇਖਦੇ ਹੋਏ ਫਿਕਰ ਕਰਨ ਦੀ ਲੋੜ ਹੈ ਅਤੇ ਉਹਨਾਂ ਨੂੰ ਹਸਪਤਾਲ ਲਿਜਾਣ। ਡੱਲੇਵਾਲ ਦੇ ਇਲਾਜ ਦੌਰਾਨ ਕੋਈ ਹੋਰ ਉਹਨਾਂ ਦੀ ਜਗ੍ਹਾ ਧਰਨੇ 'ਤੇ ਬੈਠ ਸਕਦਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ (18 ਦਸੰਬਰ) ਦੀ ਸੁਣਵਾਈ ਵਿੱਚ ਸੁਪਰੀਮ ਕੋਰਟ ਨੇ ਕਿਸਾਨਾਂ ਨੂੰ ਸਿੱਧੇ ਉਨ੍ਹਾਂ ਕੋਲ ਆ ਕੇ ਆਪਣੇ ਵਿਚਾਰ ਪੇਸ਼ ਕਰਨ ਲਈ ਕਿਹਾ ਸੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ 24 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਸਿਹਤ ਦਾ ਖਿਆਲ ਰੱਖਣ ਲਈ ਕਿਹਾ ਗਿਆ। ਅੱਜ ਹੋਣ ਵਾਲੀ ਸੁਣਵਾਈ ਵਿੱਚ ਸੁਪਰੀਮ ਕੋਰਟ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਵੱਡਾ ਫੈਸਲਾ ਦੇ ਸਕਦੀ ਹੈ। ਕਿਸਾਨ 10 ਮਹੀਨਿਆਂ ਤੋਂ ਫਸਲਾਂ ਦੀ ਖਰੀਦ 'ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਗਰੰਟੀ ਦੇਣ ਲਈ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ।
18 ਦਸੰਬਰ ਨੂੰ ਸੁਪਰੀਮ ਕੋਰਟ ਦੀ ਸੁਣਵਾਈ ਦੀਆਂ 3 ਮੁੱਖ ਗੱਲਾਂ -
- ਸੁਪਰੀਮ ਕੋਰਟ ਵਿੱਚ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਕਿਹਾ ਕਿ ਡੱਲੇਵਾਲ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਜ਼ਿਆਦਾ ਉਚਿਤ ਹੋਵੇਗਾ। ਇਸ 'ਤੇ ਜਸਟਿਸ ਸੂਰਿਆ ਕਾਂਤ ਨੇ ਕਿਹਾ, "ਉਨ੍ਹਾਂ ਨਾਲ ਭਾਵਨਾਵਾਂ ਜੁੜੀਆਂ ਹੋਈਆਂ ਹਨ। ਰਾਜ ਨੂੰ ਕੁਝ ਕਰਨਾ ਚਾਹੀਦਾ ਹੈ। ਢਿੱਲ ਨਹੀਂ ਹੋ ਸਕਦੀ। ਤੁਹਾਨੂੰ ਸਥਿਤੀ ਨੂੰ ਸੰਭਾਲਣਾ ਹੋਵੇਗਾ।"
- ਸੁਪਰੀਮ ਕੋਰਟ ਨੇ ਕਿਹਾ, "ਡੱਲੇਵਾਲ ਇੱਕ ਜਨਤਕ ਸ਼ਖਸੀਅਤ ਹੈ। ਉਸ ਨਾਲ ਕਿਸਾਨਾਂ ਦੇ ਹਿੱਤ ਜੁੜੇ ਹੋਏ ਹਨ। ਉਸ ਦਾ ਕਹਿਣਾ ਹੈ ਕਿ 700 ਕਿਸਾਨਾਂ ਦੀ ਜਾਨ ਉਸ ਦੀ ਆਪਣੀ ਜਾਨ ਤੋਂ ਵੱਧ ਮਹੱਤਵਪੂਰਨ ਹੈ। ਇਸੇ ਲਈ ਉਹ ਡਾਕਟਰੀ ਸਹਾਇਤਾ ਦੇਣ ਤੋਂ ਇਨਕਾਰ ਕਰ ਰਿਹਾ ਹੈ। ਸਰਕਾਰ ਨਾਲ ਵਿਚਾਰਧਾਰਕ ਮਤਭੇਦ ਹੋ ਸਕਦੇ ਹਨ, ਪਰ ਡੱਲੇਵਾਲ ਦਾ ਪ੍ਰਦਰਸ਼ਨ ਕਰਨ ਲਈ ਸਿਹਤਮੰਦ ਹੋਣਾ ਜ਼ਰੂਰੀ ਹੈ।"
- ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਨੇ ਕਿਹਾ ਕਿ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਕਿਸਾਨਾਂ ਨੇ ਇਨਕਾਰ ਕਰ ਦਿੱਤਾ। ਇਸ 'ਤੇ ਸੁਪਰੀਮ ਕੋਰਟ ਨੇ ਕਿਹਾ, "ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਸਿੱਧੇ ਅਦਾਲਤ 'ਚ ਆਪਣੇ ਵਿਚਾਰ ਪ੍ਰਗਟ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਸਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਉਹ ਇੱਥੇ ਸਿੱਧੇ ਆ ਕੇ ਸੁਝਾਅ ਜਾਂ ਮੰਗਾਂ ਪੇਸ਼ ਕਰ ਸਕਦੇ ਹਨ ਜਾਂ ਆਪਣਾ ਪ੍ਰਤੀਨਿਧੀ ਭੇਜ ਸਕਦੇ ਹਨ।'
ਡੱਲੇਵਾਲ ਦੀ ਸਿਹਤ
ਜ਼ਿਕਰਯੋਗ ਹੈ ਕਿਕਿਸਾਨ ਆਗੂਜਗਜੀਤ ਸਿੰਘ ਡੱਲੇਵਾਲ, ਜੋ ਪਿਛਲੇ 23 ਦਿਨਾਂ ਤੋਂ ਮਰਨ ਵਰਤ 'ਤੇ ਹਨ। ਉਹਨਾਂ ਦੀ ਸਿਹਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ। ਡੱਲੇਵਾਲ ਨੇ ਪਿਛਲੇ 23 ਦਿਨ ਤੋਂ ਅੰਨ ਤਿਆਗ ਕੀਤਾ ਹੋਇਆ ਹੈ ਅਤੇ ਨਾਲ ਹੀ ਉਹਨਾਂ ਨੇ ਦਵਾਈ ਤੱਕ ਨਹੀਂ ਖਾਧੀ, ਜਿਸ ਤੋਂ ਬਾਅਦ ਉਹਨਾਂ ਦੀ ਹਾਲਤ ਮਾੜੀ ਹੋ ਰਹੀ ਹੈ। ਉਥੇ ਹੀ ਕਿਸਾਨ ਆਗੂਆਂ ਵਲੋਂ ਉਹਨਾਂ ਲਈ ਇੱਕ ਸ਼ੀਸ਼ੇ ਦਾ ਕਮਰਾ ਵੀ ਬਣਾਇਆ ਗਿਆ ਹੈ ਤਾਂ ਜੋ ਕਮਜ਼ੋਰ ਸਰੀਰ ਨੂੰ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਨਾ ਹੋ ਸਕੇ।
ਸਾਲ 2024 'ਚ ਪੰਜਾਬ ਸਰਕਾਰ ਦੇ ਵੱਡੇ ਫੈਸਲੇ, ਕਿੰਨੇ ਲੋਕਾਂ ਦੇ ਹਿੱਤ 'ਚ ਤੇ ਕਿਹੜੇ ਫੈਸਲਿਆਂ ਨੇ ਤੰਗ ਕੀਤੇ ਪੰਜਾਬੀ, ਦੇਖੋ ਲਿਸਟ
ਸੂਬੇ ਭਰ 'ਚ ਕਿਸਾਨਾਂ ਦਾ ਤਿੰਨ ਘੰਟਿਆਂ ਦਾ ਰੇਲ ਰੋਕੋ ਅੰਦੋਲਨ, ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ
'ਪਟਿਆਲਾ ਵਿੱਚ 'ਆਪ' ਦੀ ਗੁੰਡਾਗਰਦੀ', ਪਰਨੀਤ ਕੌਰ ਨੇ 'ਆਪ' ਵਲੋਂ ਕੀਤੀ ਜਾ ਰਹੀ ਦਹਿਸ਼ਤਗਰਦੀ ਦੀ ਕੀਤੀ ਨਿੰਦਾ