ਲੁਧਿਆਣਾ: ਨਗਰ ਨਿਗਮ ਚੋਣਾਂ ਦੇ ਨਤੀਜੇ ਕਾਫੀ ਹੈਰਾਨੀਜਨਕ ਰਹੇ ਹਨ। ਪਰਿਵਾਰਵਾਦ ਦੇ ਚੱਲਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਆਪਣੀਆਂ ਪਤਨੀਆਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਸਨ। ਲੁਧਿਆਣਾ ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਪੱਛਮੀ ਹਲਕੇ ਤੋਂ ਗੁਰਪ੍ਰੀਤ ਗੋਗੀ ਅਤੇ ਕੇਂਦਰੀ ਹਲਕੇ ਤੋਂ ਅਸ਼ੋਕ ਪਰਾਸ਼ਰ ਦੋਵੇਂ ਹੀ ਆਪਣੀਆਂ ਪਤਨੀਆਂ ਨੂੰ ਆਪਣੇ ਵਾਰਡਾਂ ਦੇ ਵਿੱਚੋਂ ਜਿਤਵਾਉਣ 'ਚ ਨਾਕਾਮ ਰਹੇ ਹਨ।

ਆਪ ਵਿਧਾਇਕਾਂ ਦੀਆਂ ਪਤਨੀਆਂ ਦੀ ਹਾਰ
ਵਿਧਾਇਕ ਗੁਰਪ੍ਰੀਤ ਗੋਗੀ ਦੀ ਧਰਮ ਪਤਨੀ ਡਾਕਟਰ ਸੁਖਚੈਨ ਕੌਰ ਨੂੰ ਵਾਰਡ ਨੰਬਰ 61 ਤੋਂ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਇੰਦਰਜੀਤ ਇੰਦੀ ਦੀ ਪਤਨੀ ਨੇ 86 ਵੋਟਾਂ ਦੇ ਫਰਕ ਦੇ ਨਾਲ ਮਾਤ ਦਿੱਤੀ ਹੈ। ਇਸੇ ਤਰਾਂ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਦੀ ਪਤਨੀ ਮੀਨੂ ਪਰਾਸ਼ਰ ਵੀ ਹਾਰ ਗਏ। ਮੀਨੂ ਨੂੰ ਭਾਜਪਾ ਦੀ ਪੂਨਮ ਰਤਰਾ ਨੇ ਵਾਰਡ ਨੰਬਰ 77 ਤੋਂ 574 ਵੋਟਾਂ ਦੇ ਨਾਲ ਮਾਤ ਦਿੱਤੀ।

ਸਾਬਕਾ ਮੰਤਰੀ ਦੀ ਪਤਨੀ ਤੇ ਭਾਬੀ ਵੀ ਚੋਣ ਹਾਰੇ
ਦੱਸ ਦਈਏ ਕਿ ਹਾਰ ਦਾ ਸਾਹਮਣਾ ਸਿਰਫ ਵਿਧਾਇਕਾਂ ਦੀ ਪਤਨੀਆਂ ਨੂੰ ਹੀ ਨਹੀਂ ਕਰਨਾ ਪਿਆ, ਸਗੋਂ ਸਾਬਕਾ ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਧਰਮ ਪਤਨੀ ਮਮਤਾ ਆਸ਼ੂ ਨੂੰ ਵੀ ਵਾਰਡ ਨੰਬਰ 60 ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਲਗਾਤਾਰ ਦੋ ਵਾਰ ਇਸ ਵਾਰਡ ਤੋਂ ਕੌਂਸਲਰ ਰਹੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਬੱਬਲ ਨੇ 168 ਵੋਟਾਂ ਦੇ ਨਾਲ ਮਮਤਾ ਆਸ਼ੂ ਨੂੰ ਮਾਤ ਦਿੱਤੀ ਹੈ। ਮਮਤਾ ਆਸ਼ੂ ਇਸ ਹਲਕੇ ਦੇ ਵਿੱਚ ਮਜ਼ਬੂਤ ਉਮੀਦਵਾਰ ਸਨ। ਇੰਨਾ ਹੀ ਨਹੀਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਭਾਬੀ ਵੀ ਇੰਨ੍ਹਾਂ ਚੋਣਾਂ 'ਚ ਨਹੀਂ ਜਿੱਤ ਸਕੇ। ਉਨ੍ਹਾਂ ਨੂੰ ਵੀ ਹਾਰ ਦਾ ਮੂੰਹ ਵੇਖਣਾ ਪਿਆ। ਵਾਰਡ ਨੰਬਰ 71 ਤੋਂ ਭਾਰਤ ਭੂਸ਼ਨ ਆਸ਼ੂ ਦੇ ਭਰਾ ਨਰਿੰਦਰ ਕਾਲਾ ਦੀ ਪਤਨੀ ਲੀਨਾ ਸ਼ਰਮਾ ਆਪ ਦੀ ਨੰਦਨੀ ਜੈਰਥ ਤੋਂ ਹਾਰ ਗਈ।

ਆਪ ਵਰਕਰ ਦੀ ਟਿਕਟ ਕੱਟਣਾ ਪਿਆ ਭਾਰੀ
ਕਾਬਿਲੇਗੌਰ ਹੈ ਕਿ ਟਿਕਟਾਂ ਕੱਟੇ ਜਾਣ ਦਾ ਅਸਰ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਦੀ ਪਤਨੀਆਂ ਦੇ ਹਾਰਨ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਵਾਰਡ ਤੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਟਿਕਟ ਕੱਟੇ ਜਾਣਾ ਵਿਧਾਇਕਾਂ ਨੂੰ ਭਾਰੀ ਪਿਆ ਹੋ ਸਕਦਾ ਹੈ। ਗੁਰਪ੍ਰੀਤ ਗੋਗੀ ਦੀ ਧਰਮ ਪਤਨੀ ਸੁਖਚੈਨ ਕੌਰ ਵਾਰਡ ਨੰਬਰ 61 ਤੋਂ ਹਾਰ ਗਈ।

'ਆਪ' ਤੋਂ ਬਾਗੀ ਹੋ ਲੜੀ ਸ਼੍ਰੋਮਣੀ ਅਕਾਲੀ ਦਲ ਤੋਂ ਚੋਣ
ਦਰਅਸਲ ਵਾਰਡ ਨੰਬਰ 61 ਤੋ ਆਮ ਆਦਮੀ ਪਾਰਟੀ ਦੇ ਵਰਕਰ ਐਡਵੋਕੇਟ ਭਨੋਟ ਕਾਫੀ ਸਮੇਂ ਤੋਂ ਐਕਟਿਵ ਸਨ, ਪਰ ਜਦੋਂ ਟਿਕਟਾਂ ਦੇਣ ਦੀ ਵਾਰੀ ਆਈ ਤਾਂ ਗੁਰਪ੍ਰੀਤ ਗੋਗੀ ਨੇ ਆਪਣੇ ਧਰਮ ਪਤਨੀ ਨੂੰ ਟਿਕਟ ਦੇ ਦਿੱਤੀ। ਜਿਸ ਕਰਕੇ ਸ਼੍ਰੋਮਣੀ ਭਨੋਟ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਅਤੇ ਉਨਾਂ ਨੇ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜੀ। ਇਸ ਕਰਕੇ ਵੋਟਾਂ ਵੰਡੀਆਂ ਗਈਆਂ ਅਤੇ ਸੁਖਚੈਨ ਕੌਰ ਗੋਗੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ।

ਵਰਕਰਾਂ ਨੂੰ ਨਜਰਅੰਦਾਜ਼ ਕਰਨਾ ਪਿਆ ਭਾਰੀ
ਦੂਜੇ ਪਾਸੇ ਵਿਧਾਇਕ ਅਸ਼ੋਕ ਪਰਾਸ਼ਰ ਨੂੰ ਵੀ ਆਪਣੇ 77 ਨੰਬਰ ਵਾਰਡ ਦੇ ਵਿੱਚ ਵਰਕਰਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੁਧਿਆਣਾ ਦੇ ਕੇਂਦਰੀ ਹਲਕੇ ਦੇ ਵਿੱਚ ਭਾਜਪਾ ਕਾਫੀ ਮਜਬੂਤ ਵੀ ਹੈ, ਜਿਸ ਕਰਕੇ ਮੀਨੂ ਪਰਾਸ਼ਰ ਹਾਰ ਗਏ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਵਰਕਰਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਤੇ ਨਤੀਜਾ ਹਾਰ ਪੱਲੇ ਪੈ ਗਈ।

- ਮੋਹਾਲੀ 'ਚ ਬਹੁ-ਮੰਜ਼ਿਲਾ ਇਮਾਰਤ ਡਿੱਗਣ ਨਾਲ ਇੱਕ ਹੋਰ ਮੌਤ, ਹੁਣ ਤੱਕ ਦੋ ਲੋਕਾਂ ਦੀ ਮੌਤ ਤੇ ਜਾਨੀ ਨੁਕਸਾਨ ਵੱਧਣ ਦਾ ਖਦਸ਼ਾ, ਬਚਾਅ ਕਾਰਜ ਜਾਰੀ
- ਕਿਤੇ ਕਾਂਗਰਸ ਤਾਂ ਕਿਤੇ AAP ਨੇ ਗੱਡੇ ਝੰਡੇ, ਦਿੱਗਜਾਂ ਦੇ ਪਰਿਵਾਰਕ ਮੈਂਬਰਾਂ ਦੇ ਹਿੱਸੇ ਵੀ ਆਈ ਹਾਰ, ਜਾਣੋਂ ਓਵਰਆਲ ਨਤੀਜੇ
- ਗਿਆਨੀ ਹਰਪ੍ਰੀਤ ਸਿੰਘ ਦੇ ਹੱਕ 'ਚ ਆਏ ਅੰਮ੍ਰਿਤਪਾਲ ਸਿੰਘ ਦੇ ਪਿਤਾ, ਅਕਾਲੀ ਦਲ 'ਤੇ ਸਾਧੇ ਨਿਸ਼ਾਨੇ, ਪ੍ਰਧਾਨ ਧਾਮੀ ਦੇ ਅਸਤੀਫੇ ਦੀ ਕੀਤੀ ਮੰਗ