ਚੰਡੀਗੜ੍ਹ:ਪਿਛਲੇ 43 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਾਮਲੇ 'ਚ ਸੁਪਰੀਮ ਕੋਰਟ ਵੱਲੋਂ ਹਿੋਣ ਵਾਲੀ ਸੁਣਵਾਈ ਟਲ ਗਈ ਹੈ ਹੁਣ ਇਹ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ। ਉਥੇ ਹੀ ਇਸ ਦੇ ਨਾਲ ਹੀ ਅੱਜ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਹਾਈ ਪਾਵਰ ਕਮੇਟੀ ਦੇ ਮੈਂਬਰਾਂ ਵੱਲੋਂ ਖਨੌਰੀ ਬਾਰਡਰ ਪਹੁੰਚ ਕੇ ਕਿਸਾਨ ਆਗੂ, ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਜਾਵੇਗੀ। ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਕਿ ਸੋਮਵਾਰ ਦੁਪਹਿਰ ਬਾਅਦ ਹੋਣ ਵਾਲੀ ਹਾਈ ਪਾਵਰ ਕਮੇਟੀ ਦੀ ਡੱਲੇਵਾਲ ਨਾਲ ਮੁਲਾਕਾਤ ਦੌਰਾਨ ਹਾਂ-ਪੱਖੀ ਨਤੀਜਾ ਨਿਕਲ ਸਕਦਾ ਹੈ। ਇਸ ਲਈ ਉਨ੍ਹਾਂ ਨੂੰ ਕੁਝ ਹੋਰ ਸਮਾਂ ਦਿੱਤਾ ਜਾਵੇ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਸੁਣਵਾਈ ਲਈ ਅਗਲੀ ਤਰੀਕ 10 ਜਨਵਰੀ ਤੈਅ ਕੀਤੀ ਹੈ।
3 ਵਜੇ ਮੁਲਾਕਾਤ ਲਈ ਪਹੁੰਚ ਰਹੀ ਹਾਈ ਪਾਵਰ ਕਮੇਟੀ
ਦੱਸਣਯੋਗ ਹੈ ਇਸ ਮਾਮਲੇ 'ਚ ਸਾਬਕਾ ਜਸਟਿਸ ਨਵਾਬ ਸਿੰਘ ਦੀ ਅਗਵਾਈ ’ਚ ਖੇਤੀ ਮਾਹਰ ਦੇਵੇਂਦਰ ਸ਼ਮਰਾ, ਖੇਤੀ ਆਰਥਿਕ ਨੀਤੀਆਂ ਦੇ ਮਾਹਰ ਆਰਐੱਸ ਘੁੰਮਣ, ਪੰਜਾਬ ਕਿਸਾਨ ਕਮਿਸ਼ਨ ਦੇ ਮੁਖੀ ਡਾਕਟਰ ਸੁਖਪਾਲ ਸਿੰਘ ਤੇ ਸਾਬਕਾ ਡੀਜੀਪੀ ਬੀਐੱਸ ਸੰਧੂ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨਾਲ ਦੁਪਹਿਰ 3 ਵਜੇ ਮੁਲਾਕਾਤ ਕਰਨਗੇ। ਇਸ ਮੁਲਾਕਾਤ ਦਾ ਕੀ ਸਿੱਟਾ ਨਿਕਲਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ। ਉਥੇ ਹੀ ਕਿਸਾਨ ਆਗੂਆਂ ਨੇ ਕਿਹਾ ਕਿ ਸਾਡੇ ਵੱਲੋਂ ਹਰ ਇੱਕ ਨੂੰ ਜੀ ਆਇਆਂ ਨੂੰ ਹੀ ਕਿਹਾ ਗਿਆ ਹੈ। ਕਿਸਾਨ ਸਭ ਦੇ ਸਾਂਝੇ ਹਨ ਇਸ ਲਈ ਕੋਈ ਪਾਰਟੀ ਦਾ ਆਗੂ ਹੋਵੇ ਚਾਹੇ ਧਾਰਮਿਕ ਜਾਂ ਫਿਰ ਕਲਾ ਨਾਲ ਜੁੜਿਆ ਵਿਅਕਤੀ ਵਿਸ਼ੇਸ਼ ਹੋਵੇ,ਉਸ ਨੂੰ ਡਲੇਵਾਲ ਨਾਲ ਮੁਲਾਕਾਤ ਕਰਨ ਦਾ ਅਧਿਕਾਰ ਹੈ।