ਕਪੂਰਥਲਾ: ਕਪੂਰਥਲਾ ਦੇ ਸੁਲਤਾਨਪੁਰ ਲੋਧੀ ਨਿਵਾਸੀ ਵਪਾਰੀ ਗੁਰਚਰਨ ਸਿੰਘ ਉਰਫ਼ ਚੰਨ ਡੀਪੂ ਵਾਲਾ ਦੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਉਂਦੇ ਹੋਏ ਪੁਲਿਸ ਨੇ 2 ਮੁਲਜ਼ਮਾਂ ਨੂੰ 22 ਲੱਖ 75 ਹਜ਼ਾਰ ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਐੱਸ. ਐੱਸ. ਪੀ. ਕਪੂਰਥਲਾ ਸ੍ਰੀਮਤੀ ਵਤਸਲਾ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੇਜਿੰਦਰਪਾਲ ਸਿੰਘ ਪੁੱਤਰ ਲੇਟ ਜਗੀਰ ਸਿੰਘ ਵਾਸੀ ਨਿਊ ਮਾਡਲ ਟਾਊਨ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਨੇ ਆਪਣਾ ਬਿਆਨ ਦਰਜ ਕਰਵਾਇਆ ਸੀ ਕਿ ਉਨ੍ਹਾਂ ਦਾ ਵੱਡਾ ਭਰਾ ਗੁਰਚਰਨ ਸਿੰਘ ਉਰਫ਼ ਚੰਨ ਪੁੱਤਰ ਜਗੀਰ ਸਿੰਘ ਵਾਸੀ ਰੇਲਵੇ ਰੋਡ ਨਾਈਆ ਵਾਲੀ ਗਲੀ ਸੁਲਤਾਨਪੁਰ ਲੋਧੀ ਵਿੱਚ ਆਪਣੇ ਵੱਖਰੇ ਘਰ ਵਿੱਚ ਰਹਿੰਦਾ ਸੀ। ਪ੍ਰਾਪਰਟੀ ਖ਼ਰੀਦਣ ਅਤੇ ਵੇਚਣ ਅਤੇ ਲੋਕਾਂ ਨੂੰ ਰੁਪਏ ਵਿਆਜੀ ਦੇਣ ਦਾ ਕਾਰੋਬਾਰ ਵੀ ਕਰਦਾ ਸੀ। ਜੋ ਆਪਣੇ ਪਰਿਵਾਰ ਤੋਂ ਵੱਖਰੇ ਤੌਰ 'ਤੇ ਇਕੱਲਾ ਘਰ ਵਿੱਚ ਰਹਿੰਦਾ ਸੀ। ਉਕਤ ਵਿਅਕਤੀ ਦੀ ਇੱਕ ਰੀਟਾ ਵਾਸੀ ਜਲੰਧਰ ਨਾਮਕ ਔਰਤ ਨਾਲ ਕਾਫ਼ੀ ਸਾਲਾਂ ਤੋਂ ਨੇੜਤਾ ਸੀ ਅਤੇ ਜੋ ਅਕਸਰ ਉਨ੍ਹਾਂ ਦੇ ਘਰ ਆਉਂਦੀ-ਜਾਂਦੀ ਰਹਿੰਦੀ ਸੀ।
ਤੇਜ਼ਧਾਰ ਹਥਿਆਰ ਨਾਲ ਗੰਭੀਰ ਸੱਟਾਂ :ਮਿਤੀ 29 ਜੂਨ ਨੂੰ ਵਕਤ ਕਰੀਬ 10:30 ਸਵੇਰੇ ਉਸ ਨੂੰ ਪਤਾ ਲੱਗਾ ਕਿ ਚਰਨਜੀਤ ਸਿੰਘ ਦਾ ਉਸ ਦੇ ਘਰ ਦੇ ਕਮਰੇ ਵਿੱਚ ਕਿਸੇ ਨੇ ਸਿਰ ਵਿੱਚ ਸੁੱਟ ਮਾਰ ਕੇ ਕਤਲ ਕਰ ਦਿੱਤਾ ਹੈ। ਉਸ ਦੇ ਘਰ ਦਾ ਬਾਹਰਲਾ ਦਰਵਾਜ਼ਾ ਬਿਨ੍ਹਾਂ ਤਾਲੇ ਤੋਂ ਢੁਪਿਆ ਪਿਆ ਸੀ। ਜਿਸ ਨੇ ਜਾ ਕੇ ਵੇਖਿਆ ਤਾਂ ਚੰਨ ਜ਼ਮੀਨ 'ਤੇ ਬਿਸਤਰਾ ਲਗਾ ਕੇ ਪੁੱਠਾ ਲੇਟਿਆ ਹੋਇਆ ਸੀ ਅਤੇ ਉਸ ਦੇ ਸਿਰ 'ਤੇ ਪੁੱਠਾ ਸਿਰਹਾਣਾ ਰੱਖਿਆ ਹੋਇਆ ਸੀ। ਉਸ ਦੇ ਆਸ-ਪਾਸ ਅਤੇ ਬਿਸਤਰੇ 'ਤੇ ਕਾਫੀ ਖੂਨ ਡੁੱਲਿਆ ਪਿਆ ਸੀ। ਜਦੋਂ ਸਿਰਹਾਣਾ ਚੁੱਕ ਕੇ ਵੇਖਿਆ ਤਾਂ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੇ ਸਿਰ ਦੇ ਪਿਛਲੇ ਪਾਸੇ ਕਰੀਬ 5-6 ਵਾਰ ਤੇਜ਼ਧਾਰ ਹਥਿਆਰ ਨਾਲ ਗੰਭੀਰ ਸੱਟਾਂ ਮਾਰ ਕੇ ਮਿਤੀ 28/29-06-2024 ਦੀ ਦਰਮਿਆਨੀ ਰਾਤ ਨੂੰ ਉਸ ਦਾ ਕਤਲ ਕਰ ਦਿੱਤਾ ਸੀ। ਉਸ ਦੇ ਬਿਸਤਰੇ 'ਤੇ ਅਤੇ ਕਮਰੇ ਦੇ ਫਰਸ਼ ਦੇ ਆਸ-ਪਾਸ ਕਾਫੀ ਖੂਨ ਫੈਲਿਆ ਹੋਇਆ ਸੀ। ਜਿਸ 'ਤੇ ਮੁਕੱਦਮਾ ਨੰਬਰ 128 ਮਿਤੀ 29-06-2024 ਅ/ਧ 302 IPC ਵਾਧਾ ਜੁਰਮ 460 IPC ਥਾਣਾ ਸੁਲਤਾਨਪੁਰ ਲੋਧੀ ਦਰਜ ਰਜਿਸਟਰ ਕੀਤਾ ਗਿਆ ਹੈ।