ਪਟਿਆਲਾ:ਪਟਿਆਲਾ ਸਥਿਤ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ (ਆਰਜੀਐਨਯੂਐਲ) ਦੇ ਵਿਦਿਆਰਥੀਆਂ ਵੱਲੋਂ ਐਤਵਾਰ ਸ਼ਾਮ ਨੂੰ ਵਾਈਸ ਚਾਂਸਲਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥਣਾਂ ਮੁਤਾਬਿਕ ਵੀਸੀ ਪ੍ਰੋ. ਜੈ ਸ਼ੰਕਰ ਬਿਨਾਂ ਉਨ੍ਹਾਂ ਨੂੰ ਦੱਸੇ ਅਚਾਨਕ ਹੀ ਹੋਸਟਲ ਦੇ ਕਮਰੇ ਵਿੱਚ ਦਾਖ਼ਲ ਹੋ ਗਏ ਅਤੇ ਉਹਨਾਂ ਦੇ ਕੱਪੜਿਆਂ ਨੂੰ ਲੈਕੇ ਉਹਨਾਂ ਉੱਤੇ ਸਵਾਲ ਚੁੱਕੇ। ਵਿਦਿਆਰਥਣਾਂ ਦਾ ਇਲਜ਼ਾਮ ਹੈ ਕਿ ਇਸ ਹਰਕਤ ਨਾਲ ਉਨ੍ਹਾਂ ਦੇ ਹੋਸਟਲ ਵਿੱਚ ਵਿਦਿਆਰਥਣਾਂ ਦੀ ਨਿੱਜਤਾ ਨੂੰ ਕਥਿਤ ਤੌਰ 'ਤੇ ਭੰਗ ਕੀਤਾ ਗਿਆ ਹੈ ਜਿਸ ਕਾਰਨ ਵਾਈਸ-ਚਾਂਸਲਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਕੈਂਪਸ ਵਿੱਚ ਸਥਿਤ ਵਾਈਸ-ਚਾਂਸਲਰ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ। ਵਿਦਿਆਰਥੀਆਂ ਦੇ ਅਨੁਸਾਰ, ਵਾਈਸ-ਚਾਂਸਲਰ ਨੇ ਕਥਿਤ ਤੌਰ 'ਤੇ ਲੜਕੀਆਂ ਦੀ ਨਿੱਜਤਾ ਦੀ ਉਲੰਘਣਾ ਕੀਤੀ ਹੈ।
ਕੋਈ ਵੀ ਪੁਰਸ਼ ਕੁੜੀਆਂ ਦੇ ਨਿਜੀ ਕਮਰੇ 'ਚ ਨਹੀਂ ਹੋ ਸਕਦਾ ਦਾਖ਼ਲ
ਉਥੇ ਹੀ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਇਲਜ਼ਾਮ ਹਨ ਕਿ ਕਿਸੇ ਵੀ ਪੁਰਸ਼ ਮੈਂਬਰ ਨੂੰ ਵਿਦਿਆਰਥਣਾਂ ਦੇ ਕਮਰਿਆਂ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ, ਚਾਹੇ ਉਸ ਦੇ ਨਾਲ ਕਿੰਨੀਆਂ ਵੀ ਮਹਿਲਾ ਫੈਕਲਟੀ ਮੈਂਬਰ ਜਾਂ ਗਾਰਡ ਹੋਣ। ਉਨ੍ਹਾਂ ਨੇ ਕਿਹਾ ਕਿ ਇਹ ਐਕਟ ਵਿਦਿਆਰਥਣਾਂ ਦੀ ਅਖੰਡਤਾ ਅਤੇ ਨਿੱਜਤਾ ਦੀ ਪੂਰੀ ਤਰ੍ਹਾਂ ਅਣਦੇਖੀ ਹੈ।
ਐਤਵਾਰ ਦੁਪਹਿਰ ਸਮੇਂ ਵਾਈਸ ਚਾਂਸਲਰ ਬਿਨਾਂ ਕਿਸੇ ਨੋਟਿਸ ਅਤੇ ਜਾਣਕਾਰੀ ਦੇ ਸਾਡੀ ਮੈਸ 'ਚ ਆਏ ਸਨ। ਇਸ ਦੌਰਾਨ ਉਨ੍ਹਾਂ ਨਾਲ ਦੋ ਮੇਲ (ਪੁਰਸ਼ ਮੈਂਬਰ) ਅਤੇ ਕੁਝ ਫੀਮੇਲ (ਮਹਿਲਾ ਮੁਲਾਜ਼ਮ) ਵਾਰਡਨ ਨਾਲ ਆਏ ਸਨ, ਜਦਕਿ ਅੱਜ ਤੋਂ ਪਹਿਲਾਂ ਅਜਿਹਾ ਕਦੇ ਵੀ ਨਹੀਂ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਹੀ ਕਿਹਾ ਕਿ ਉਹ ਲੜਕੀਆਂ ਦੇ ਕਮਰਿਆਂ ਦਾ ਦੌਰਾ ਕਰਨਗੇ ਕਿ ਉਨ੍ਹਾਂ ਦੀ ਰਹਿਣ ਸਹਿਣ ਦੇ ਬਾਰੇ ਦੇਖਿਆ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਸਿਰਫ ਫਰਸਟ ਯੀਅਰ ਦੇ ਕਮਰਿਆਂ 'ਚ ਜਾਣ ਦੀ ਗੱਲ ਆਖੀ ਸੀ, ਪਰ ਉਹ ਆਪਣੇ ਆਪ ਹੀ ਥਰਡ ਯੀਅਰ ਦੀਆਂ ਕੁੜੀਆਂ ਦੇ ਕਮਰੇ ਵਿੱਚ ਵੀ ਚਲੇ ਗਏ। ਉਹ ਤਕਰੀਬਨ 15/20 ਕਮਰਿਆਂ ਵਿੱਚ ਗਏ ਅਤੇ ਇਸ ਦੌਰਾਨ ਉਹਨਾਂ ਨੇ ਕੁੜੀਆਂ ਦੇ ਰਹਿਣ ਸਹਿਣ ਅਤੇ ਉਹਨਾਂ ਦੇ ਪੜ੍ਹਨ ਦੇ ਤਰੀਕੇ ਅਤੇ ਕੁੜੀਆਂ ਦੇ ਕੱਪੜਿਆਂ ਉੱਤੇ ਵੀ ਕੁਮੈਂਟ ਕੀਤੇ। ਕੁੜੀਆਂ ਇਥੇ ਲੰਮੇਂ ਸਮੇਂ ਤੋਂ ਰਹਿ ਰਹੀਆਂ ਹਨ ਅਤੇ ਇਸ ਦੌਰਾਨ ਕੋਈ ਵੀ ਪੁਰਸ਼ ਕੁੜੀਆਂ ਦੇ ਕਮਰਿਆਂ ਵਿੱਚ ਨਹੀਂ ਆਉਂਦਾ, ਇਥੋਂ ਤੱਕ ਕਿ ਸਾਡੇ ਮਾਂ-ਬਾਪ ਵੀ। ਫਿਰ ਉਹ ਵੀਸੀ ਨੂੰ ਅੰਦਰ ਕਿੱਦਾਂ ਆ ਸਕਦੇ ਹਨ। ਉੱਤੋਂ ਵੀਸੀ ਨੇ ਕਿਹਾ ਕਿ ਤੁਸੀਂ (ਕੁੜੀਆਂ) ਨੇ ਮੈਨੂੰ ਅੰਦਰ ਆਉਣ ਲਈ ਕਿਹਾ, ਜਦਕਿ ਅਜਿਹਾ ਕੁਝ ਵੀ ਨਹੀਂ ਸੀ। ਕੁੜੀਆਂ ਵੀਸੀ ਨੂੰ ਆਪਣੇ ਕਮਰਿਆਂ ਵਿੱਚ ਕਿਉਂ ਬੁਲਾਉਣਗੀਆਂ। ਵੀਸੀ ਨੂੰ ਪਤਾ ਹੈ ਕਿ ਇਸ ਕਾਲਜ ਵਿੱਚ ਦੂਰ ਦੇਸ਼ਾਂ ਤੋਂ ਵਿਦਿਆਰਥੀ ਆਉਂਦੇ ਹਨ. ਉਨ੍ਹਾਂ ਦੇ ਕਮਰਿਆਂ ਵਿੱਚ ਇੰਨੇ ਸੀਨੀਅਰ ਕਿੱਦਾਂ ਆ ਸਕਦੇ ਹਨ। ਇਸ ਲਈ ਇਹ ਧਰਨਾ ਦਿੱਤਾ ਜਾ ਰਿਹਾ ਹੈ। ਨਾਲ ਹੀ ਵੀਸੀ ਨੇ ਜਦੋਂ ਸਵਾਲ ਕੀਤਾ ਕਿ ਤੁਸੀਂ ਇਥੇ ਕਿਦਾਂ ਆਏ ਤਾਂ ਅੱਗੋਂ ਵੀਸੀ ਨੇ ਕਿਹਾ ਕਿ ਤੁਸੀਂ ਮੇਰੀਆਂ ਬੱਚੀਆਂ ਵਾਂਗ ਹੋ ਇਸ ਲਈ ਤੁਹਾਡੇ ਨਾਲ ਮੈਂ ਮਾੜਾ ਸਲੂਕ ਕਿਦਾਂ ਕਰ ਸਕਦਾ ਹਾਂ? ਇਹ ਗੱਲ ਸਾਨੂੰ ਚੰਗੀ ਨਹੀਂ ਲੱਗੀ ਇਸ ਲਈ ਅਸੀਂ ਵੀਸੀ ਖਿਲਾਫ ਕਾਰਵਾਈ ਚਾਹੁੰਦੇ ਹਾਂ, ਵੀਸੀ ਅਸਤੀਫਾ ਦੇਵੇ ਤੇ ਰਿਪਲੇਸਮੈਂਟ ਹੋਵੇ।