ਬਠਿੰਡਾ : ਆਰਜੀ ਕਾਰ ਮੈਡੀਕਲ ਕਾਲਜ ਕੋਲਕਾਤਾ ਵਿਖੇ ਇੱਕ ਮਹਿਲਾ ਡਾਕਟਰ ਨਾਲ 9 ਅਗਸਤ ਦੀ ਰਾਤ ਨੂੰ ਬਲਾਤਕਾਰ ਤੋਂ ਬਾਅਦ ਕਤਲ ਦੀ ਘਿਨਾਉਣੀ ਕਾਰਵਾਈ ਵਿਰੁੱਧ ਦੇਸ਼ ਭਰ ਦੇ ਲੋਕਾਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ। ਇਸੇ ਤਹਿਤ ਬਠਿੰਡਾ ਵਿੱਚ ਵੀ ਸਮਾਜ ਸੇਵੀ ਅਤੇ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਡਾਕਟਰ ਨੂੰ ਇਨਸਾਫ ਦਿਵਾਉਣ ਅਤੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰੀ ਰਜਿੰਦਰਾ ਕਾਲਜ ਤੋਂ ਬੱਸ ਸਟੈਂਡ ਤੱਕ ਰੋਸ ਮਾਰਚ ਕੀਤਾ ਗਿਆ।
ਇਸ ਰੋਸ ਮਾਰਚ ਦੌਰਾਨ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਸਮਾਜ ਸੇਵੀ ਔਰਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਦਸ਼ਨਕਾਰੀਆਂ ਵੱਲੋਂ ਸਰਕਾਰਾਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਇਨਸਾਫ ਦੀ ਮੰਗ ਕੀਤੀ ਗਈ। ਇਸੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇੱਕ ਪਾਸੇ ਅਸੀਂ ਦੇਸ਼ ਅੰਦਰ ਆਜ਼ਾਦੀ ਦਿਹਾੜੇ ਮਨਾ ਰਹੇ ਹਾਂ, ਪਰ ਇੱਥੇ ਔਰਤਾਂ ਕਿੱਥੇ ਆਜ਼ਾਦ ਹਨ, ਦੇਸ਼ ਅੰਦਰ ਏਆਈ ਟੈਕਨੋਲੋਜੀ ਆ ਗਈ ਹੈ ਪਰ ਅਜੇ ਤੱਕ ਮੁਲਜ਼ਮਾਂ ਨੂੰ ਫੜਿਆ ਨਹੀਂ ਗਿਆ, ਭਾਵੇਂ ਕਿ ਹਸਪਤਾਲ ਵਿੱਚ ਸੈਂਕੜੇ ਕੈਮਰੇ ਲੱਗੇ ਹੋਏ ਹਨ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਔਰਤ ਨਾਲ ਦੇਸ਼ ਅੰਦਰ ਇਹ ਕੋਈ ਪਹਿਲੀ ਜਾਂ ਆਖਰੀ ਘਟਨਾ ਨਹੀਂ ਹੈ ਲਗਾਤਾਰ ਔਰਤਾਂ ਨਾਲ ਜਬਰ ਜਨਾਹ ਦੇ ਮਾਮਲੇ ਵੱਧ ਰਹੇ ਹਨ, ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰਾਂ ਦੋਸ਼ੀਆਂ ਨੂੰ ਫੜਨ ਦੀ ਬਜਾਏ ਸਬੂਤ ਮਿਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਹਨਾਂ ਮੰਗ ਕੀਤੀ ਕਿ ਜਲਦੀ ਹੀ ਦੋਸ਼ੀਆਂ ਨੂੰ ਫੜ ਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ, ਨਹੀਂ ਤਾਂ ਵੱਡੇ ਪੱਧਰ ਤੇ ਰੋਸ ਪ੍ਰਦਸ਼ਨ ਕੀਤੇ ਜਾਣਗੇ।