ਜਲੰਧਰ: ਦੇਸ਼ 'ਚ ਤੀਜੀ ਵਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਰਕਾਰ ਨੇ ਸੱਤਾ ਹਾਸਿਲ ਕੀਤੀ ਹੈ। ਜਿਸ ਤੋਂ ਬਾਅਦ ਉਨ੍ਹਾਂ ਦੀ ਨਵੀਂ ਸਰਕਾਰ ਦਾ ਪਹਿਲਾ ਬਜਟ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤਾ ਗਿਆ ਹੈ। ਇਸ ਬਜਟ ਨੂੰ ਲੈਕੇ ਸਭ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਸਨ। ਇਸ ਬਜਟ 'ਚ ਵਾਪਰੀ ਤੋਂ ਲੈਕੇ ਕਿਸਾਨ ਤੱਕ ਦਾ ਇਹ ਕਹਿਣਾ ਕਿ ਸਰਕਾਰ ਨੇ ਪੰਜਾਬ ਨੂੰ ਨਜ਼ਰਅੰਦਾਜ ਕੀਤਾ ਹੈ। ਉਥੇ ਹੀ ਜਲੰਧਰ ਦੀ ਸਪੋਰਟਸ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਖੇਡ ਵਪਾਰੀ ਵੀ ਇਸ ਬਜਟ ਤੋਂ ਨਾਖੁਸ਼ ਨਜ਼ਰ ਆ ਰਹੇ ਹਨ।
ਸਪੋਰਟਸ ਇੰਡਸਟਰੀ ਬਜਟ ਤੋਂ ਨਾਖੁਸ਼: ਇਸ ਸਬੰਧੀ ਗੱਲਬਾਤ ਕਰਦਿਆਂ ਜਲੰਧਰ ਸਪੋਰਟਸ ਸਮਾਲ ਸਕੇਲ ਇੰਡਸਟਰੀ ਦੇ ਪ੍ਰਧਾਨ ਰਵਿੰਦਰ ਧੀਰ ਨੇ ਦੱਸਿਆ ਕਿ ਇਸ ਵਾਰ ਦੇ ਬਜਟ ਤੋਂ ਉਹਨਾਂ ਨੂੰ ਕਾਫੀ ਉਮੀਦ ਸੀ ਪਰ ਹੋਇਆ ਇਸ ਦੇ ਬਿਲਕੁਲ ਉਲਟ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਉਹਨਾਂ ਨੂੰ ਬਜਟ 'ਚ ਕੁਝ ਵੀ ਨਹੀਂ ਦਿੱਤਾ ਗਿਆ, ਜਿਸ ਕਾਰਨ ਪੰਜਾਬ ਦੀ ਸਪੋਰਟਸ ਇੰਡਸਟਰੀ ਨੂੰ ਸਰਵਾਈਵ ਕਰਨਾ ਕਾਫੀ ਮੁਸ਼ਕਿਲ ਹੋ ਜਾਵੇਗਾ। ਉਹਨਾਂ ਕਿਹਾ ਕਿ ਵਿੱਤ ਮੰਤਰੀ ਨੇ ਸੋਨਾ ਚਾਂਦੀ ਤਾਂ ਸਸਤਾ ਕਰ ਦਿੱਤਾ ਪਰ ਉਹਨਾਂ ਨੇ ਦੂਸਰੀ ਇੰਡਸਟਰੀ ਜਾਂ ਫਿਰ ਪੰਜਾਬ ਲਈ ਕੁਝ ਨਹੀਂ ਸੋਚਿਆ।