ਪੰਜਾਬ

punjab

ETV Bharat / state

ਭਾਰਤੀ ਕਿਸਾਨ ਯੂਨੀਅਨ ਏਕਤਾ ਭਾਕਿਯੂ ਉਗਰਾਹਾਂ ਦੀ ਸੂਬਾਈ ਮੀਟਿੰਗ ਵਿੱਚ ਅਹਿਮ ਲਏ ਫ਼ੈਸਲੇ - Bharatiya Kisan Union Ekta Ugrahan - BHARATIYA KISAN UNION EKTA UGRAHAN

BHARATIYA KISAN UNION EKTA UGRAHAN: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੀ ਅਹਿਮ ਮੀਟਿੰਗ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਪਿੰਡ ਚੀਮਾ ਦੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ। ਜਿਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਸੰਸਦ ਮੈਂਬਰਾਂ ਨੂੰ ਕਿਸਾਨੀ ਮੰਗਾਂ ਨੂੰ ਲੈ ਕੇ ਮੰਗ ਪੱਤਰ ਦੇਣ ਦਾ ਫ਼ੈਸਲਾ ਕੀਤਾ ਗਿਆ।

BHARATIYA KISAN UNION EKTA UGRAHAN
ਪਿੰਡ ਚੀਮਾ ਵਿਖੇ ਸੂਬਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ (ETV Bharat Barnala)

By ETV Bharat Punjabi Team

Published : Jul 15, 2024, 9:15 PM IST

ਬਰਨਾਲਾ:ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੀ ਅਹਿਮ ਮੀਟਿੰਗ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਪਿੰਡ ਚੀਮਾ ਦੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ। ਜਿਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਸੰਸਦ ਮੈਂਬਰਾਂ ਨੂੰ ਕਿਸਾਨੀ ਮੰਗਾਂ ਨੂੰ ਲੈ ਕੇ ਮੰਗ ਪੱਤਰ ਦੇਣ ਦਾ ਫ਼ੈਸਲਾ ਕੀਤਾ ਗਿਆ। ਜੱਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ 16, 17 ਅਤੇ 18 ਜੁਲਾਈ ਨੂੰ ਸੰਸਦ ਮੈਂਬਰਾਂ ਨੂੰ ਕਿਸਾਨੀ ਮੰਗਾਂ ਸਬੰਧੀ ਵੱਡੇ ਜਨਤਕ ਵਫ਼ਦਾਂ ਦੁਆਰਾ ਮੰਗ ਪੱਤਰ ਸੌਂਪੇ ਜਾਣਗੇ ਅਤੇ ਸੰਸਦ ਦੇ ਬਜ਼ਟ ਇਜਲਾਸ ਸਮੇਂ ਇਨ੍ਹਾਂ ਹੱਕੀ ਮੰਗਾਂ ਦੀ ਪ੍ਰਵਾਨਗੀ ਸੰਬੰਧੀ ਮਤੇ ਪੇਸ਼ ਕਰਨ 'ਤੇ ਪੈਰਵੀ ਕਰਨ ਦੀ ਮੰਗ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਪੰਜਾਬ ਦੀਆਂ ਜਨਤਕ ਜਮਹੂਰੀ ਜੱਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੁਆਰਾ ਮੜ੍ਹੇ ਜਾ ਰਹੇ ਤਿੰਨ ਫਾਸ਼ੀਵਾਦੀ ਕਾਲੇ ਕਾਨੂੰਨਾਂ ਖਿਲਾਫ਼ 21 ਜੁਲਾਈ ਨੂੰ ਜਲੰਧਰ ਵਿਖੇ ਕੀਤੇ ਜਾ ਰਹੇ ਰੋਸ ਮਾਰਚ ਵਿੱਚ ਚੰਗੀ ਸ਼ਮੂਲੀਅਤ ਕੀਤੀ ਜਾਵੇਗੀ। ਇਸਤੋਂ ਇਲਾਵਾ ਸਮੂਹ ਜ਼ਿਲ੍ਹਿਆਂ ਦੇ ਜਥੇਬੰਦਕ ਫ਼ੰਡਾਂ ਦੇ ਹਿਸਾਬ-ਕਿਤਾਬ ਅਤੇ ਸਾਂਭ-ਸੰਭਾਲ ਸੰਬੰਧੀ ਵਿਸਥਾਰੀ ਚਰਚਾ ਰਾਹੀਂ ਇਸ ਸੰਬੰਧੀ ਸੂਬਾ ਕਮੇਟੀ ਕੋਲ ਲਿਖਤੀ ਜ਼ਿਲ੍ਹਾ ਰਿਪੋਰਟਾਂ ਪੇਸ਼ ਕਰਨ ਦਾ ਫ਼ੈਸਲਾ ਕੀਤਾ ਗਿਆ। ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਵੱਲੋਂ ਘਰਾਚੋਂ ਕੇਸ ਸੰਬੰਧੀ 10 ਜੁਲਾਈ ਨੂੰ ਦੇਰ ਰਾਤ ਤੱਕ ਪੁਲਿਸ/ਸਿਵਲ ਅਧਿਕਾਰੀਆਂ ਨਾਲ ਚੱਲੀ ਗੱਲਬਾਤ ਅਤੇ ਫ਼ੈਸਲਿਆਂ ਬਾਰੇ ਜਾਣਕਾਰੀ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ ਇਸ ਕੇਸ ਵਿੱਚ ਸਰਾਸਰ ਨਜਾਇਜ਼ ਫਸਾਏ ਗਏ ਕਿਸਾਨ ਆਗੂ ਜਗਤਾਰ ਸਿੰਘ ਲੱਡੀ ਨੂੰ ਬਾਹਰ ਕੱਢਣ ਦਾ ਲਿਖਤੀ ਸਬੂਤ ਦਿੱਤਾ ਗਿਆ ਅਤੇ ਇਸ ਧੱਕੇਸ਼ਾਹੀ ਦੇ ਦੋਸ਼ੀ ਥਾਣੇਦਾਰ ਨੂੰ ਲਾਈਨ ਹਾਜ਼ਰ ਕਰਕੇ ਵਿਭਾਗੀ ਕਾਰਵਾਈ ਸ਼ੁਰੂ ਕਰਨ ਤੋਂ ਇਲਾਵਾ ਨਜਾਇਜ਼ ਲਾਈ ਗਈ ਐੱਸਸੀ/ਐੱਸਟੀ ਐਕਟ ਦੀ ਧਾਰਾ ਹਟਾਉਣ ਬਾਰੇ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ 15 ਜੁਲਾਈ ਨੂੰ ਦੁਬਾਰਾ ਹੋ ਰਹੀ ਸੁਣਵਾਈ ਦੌਰਾਨ ਇਨਸਾਫ਼ ਦਿਵਾਉਣ ਲਈ ਪੈਰਵੀ ਕਰਨ ਦਾ ਭਰੋਸਾ ਦਿੱਤਾ ਗਿਆ। ਜਿਸ ਕਰਕੇ 11 ਜੁਲਾਈ ਤੋਂ ਆਪ ਸਰਕਾਰ ਦੇ ਚਾਰ ਮੰਤਰੀਆਂ ਅਤੇ ਇੱਕ ਐਮਪੀ ਵਿਰੁੱਧ ਸ਼ੁਰੂ ਕੀਤੇ ਜਾਣ ਵਾਲੇ ਪੱਕੇ ਮੋਰਚੇ ਮੁਲਤਵੀ ਕੀਤੇ ਗਏ ਸਨ। ਮੀਟਿੰਗ ਵਿੱਚ ਹੋਰ ਸੂਬਾਈ ਆਗੂਆਂ ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ, ਰੂਪ ਸਿੰਘ ਛੰਨਾਂ,ਜਨਕ ਸਿੰਘ ਭੁਟਾਲ ਅਤੇ ਹਰਿੰਦਰ ਕੌਰ ਬਿੰਦੂ ਤੋਂ ਇਲਾਵਾ 15 ਜ਼ਿਲ੍ਹਿਆਂ ਦੇ ਪ੍ਰਧਾਨ ਸਕੱਤਰ ਅਤੇ ਤਿੰਨ ਜ਼ਿਲ੍ਹਿਆਂ ਦੀਆਂ ਔਰਤ ਆਗੂ ਵੀ ਸ਼ਾਮਲ ਸਨ।

ABOUT THE AUTHOR

...view details