ਅੰਮ੍ਰਿਤਸਰ: 26 ਜਨਵਰੀ ਨੂੰ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਡਾਕਟਰ ਭੀਮਰਾਓ ਅੰਬੇਡਕਰ ਦੀ ਮੂਰਤੀ ਨਾਲ ਭੰਨ੍ਹਤੋੜ ਕਰਨ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਭਾਜਪਾ ਨੇ ਕੇਂਦਰ ਦਾ ਇੱਕ 6 ਮੈਂਬਰੀ ਵਫ਼ਦ ਅੱਜ ਅੰਮ੍ਰਿਤਸਰ ਵਿੱਚ ਭੇਜਿਆ ਹੈ ਜਿਸ ਨੇ ਭਾਜਪਾ ਦੇ ਰਾਜ ਸਭਾ ਮੈਂਬਰ ਬ੍ਰਿਜ ਲਾਲ ਅਗਵਾਈ ਦੇ ਵਿੱਚ ਘਟਨਾ ਸਥਾਨ ਦਾ ਜਾਇਜ਼ਾ ਲਿਆ ਹੈ। ਇਹ ਵਫ਼ਦ ਹੁਣ ਕੇਂਦਰੀ ਮੰਤਰੀ ਜੇਪੀ ਨੱਢਾ ਨੂੰ ਇਸ ਸਬੰਧੀ ਰਿਪੋਰਟ ਸੌਂਪੇਗਾ।
‘ਘਟਨਾ ਸਥਾਨ ’ਤੇ ਨਹੀਂ ਪਹੁੰਚੇ ਮੁੱਖ ਮੰਤਰੀ ਮਾਨ’
ਰਾਜ ਸਭਾ ਮੈਂਬਰ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਡੀਜੀਪੀ ਬ੍ਰਿਜ ਲਾਲ ਨੇ ਕਿਹਾ ਕਿ "26 ਜਨਵਰੀ ਨੂੰ ਜੋ ਘਟਨਾ ਵਾਪਰੀ ਹੈ ਉਹ ਬਹੁਤ ਹੀ ਮੰਦਭਾਗੀ ਹੈ। ਇਸ ਘਟਨਾ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਇਸ ਦਾ ਵਿਰੋਧ ਵੀ ਹੋਇਆ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਇਸ ਘਟਨਾ ਸਥਾਨ ਉੱਤੇ ਨਹੀਂ ਪਹੁੰਚੇ। ਉਹ ਸਿਰਫ਼ ਦਿੱਲੀ ਵਿੱਚ ਸਿਆਸਤ ਕਰਨ ਲੱਗੇ ਹੋਏ ਹਨ।"
‘ਘਟਨਾ ਪਿੱਛੇ ‘ਆਪ’ ਦਾ ਹੱਥ’
ਭਾਜਪਾ ਆਗੂ ਨੇ ਕਿਹਾ ਕਿ "ਇਸ ਘਟਨਾ ਦੇ ਪਿੱਛੇ ਕੋਈ ਇੱਕ ਆਦਮੀ ਨਹੀਂ ਹੈ ਬਹੁਤ ਵੱਡੀ ਸਾਜ਼ਿਸ਼ ਹੈ ਅਤੇ ਇਸ ਸਾਜਿਸ਼ ਵਿੱਚ ਆਮ ਆਦਮੀ ਪਾਰਟੀ ਵੀ ਸ਼ਾਮਿਲ ਲੱਗਦੀ ਹੈ ਜਿਸ ਨੇ ਪੰਜਾਬ ਵਿੱਚ ਜੰਗਲ ਰਾਜ ਬਣਾਇਆ ਹੋਇਆ ਹੈ। ਇਹ ਘਟਨਾ ਕਦੀ ਵੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਤੇ ਅਸੀਂ ਇਸ ਦੀ ਡੂੰਘਾਈ ਤੱਕ ਜਾਂਚ ਕਰਾਂਗੇ।"
ਅੱਜ ਅਸੀਂ ਇਸ ਦੀ ਜਾਂਚ ਦੀ ਰਿਪੋਰਟ ਤਿਆਰ ਕਰਾਂਗੇ ਅਤੇ ਵਾਪਿਸ ਜਾ ਕੇ ਇਸ ਦੀ ਰਿਪੋਰਟ ਕੇਂਦਰੀ ਨੂੰ ਦੇਵਾਂਗੇ। ਅੰਮ੍ਰਿਤਸਰ ਦਾ ਪ੍ਰਸ਼ਾਸਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਵਿੱਚ ਸਹੀ ਜਾਂਚ ਕਰਵਾਉਣਗੇ ਇਸ ਦੀ ਸਾਨੂੰ ਕੋਈ ਵੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ। ਪੰਜਾਬ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਧਮਾਕੇ ਹੋ ਰਹੇ ਇਸ ਬਾਰੇ ਮੈਂ ਅੰਦਰੂਨੀ ਗੱਲ੍ਹਾਂ ਜਾਣਦਾ ਕਿਉਂਕਿ ਮੈਂ ਖੁਦ ਪੁਲਿਸ ਦਾ ਹਿੱਸਾ ਰਿਹਾ ਹਾਂ।- ਬ੍ਰਿਜ ਲਾਲ, ਰਾਜ ਸਭਾ ਮੈਂਬਰ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਡੀਜੀਪੀ