ਲੁਧਿਆਣਾ:ਬਰਸਾਤਾਂ ਦਾ ਮੌਸਮ ਆਉਂਦਿਆ ਹੀ ਡੇਂਗੂ ਅਤੇ ਮਲੇਰੀਏ ਦਾ ਖਤਰਾ ਵੀ ਵਧਣ ਲੱਗਦਾ ਹੈ, ਪਰ ਇਸ ਸਾਲ ਸਿਹਤ ਮਹਿਕਮਾ ਡੇਂਗੂ 'ਤੇ ਠੱਲ ਪਾਉਣ 'ਚ ਕਾਫੀ ਹੱਦ ਤੱਕ ਕਾਮਯਾਬ ਹੁੰਦਾ ਵਿਖਾਈ ਦੇ ਰਿਹਾ ਹੈ। ਲੁਧਿਆਣਾ 'ਚ ਹੁਣ ਤੱਕ ਡੇਂਗੂ ਦੇ 34 ਮਾਮਲੇ ਹੀ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਦੋ ਮਰੀਜ਼ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ, ਜਿਨ੍ਹਾਂ ਦੀ ਹਾਲਤ ਠੀਕ ਹੈ ਅਤੇ ਜ਼ਿਆਦਾਤਰ ਪੋਜੀਟਿਵ ਡੇਂਗੂ ਦੇ ਮਰੀਜ਼ਾਂ ਦੇ ਵਿੱਚ ਬਾਹਰਲੇ ਜ਼ਿਲ੍ਹਿਆਂ ਦੇ ਮਰੀਜ਼ ਜਿਆਦਾ ਹਨ। ਲੁਧਿਆਣਾ ਦੇ ਸਿਵਲ ਸਰਜਨ ਡਾਕਟਰ ਜਸਬੀਰ ਸਿੰਘ ਔਲਖ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਡੇਂਗੂ ਸਬੰਧੀ ਲੋਕਾਂ ਨੂੰ ਜਾਗਰੂਕਤਾ : ਡਾਕਟਰ ਜਸਬੀਰ ਸਿੰਘ ਔਲਖ ਨੇ ਦੱਸਿਆ ਹੈ ਕਿ ਅੱਜ ਇੱਕ ਗੀਤ ਵੀ ਵਿਸ਼ੇਸ਼ ਤੌਰ 'ਤੇ ਪੰਜਾਬ ਸਿਹਤ ਮਹਿਕਮੇ ਵੱਲੋਂ ਡੇਂਗੂ ਨੂੰ ਲੈ ਕੇ ਜਾਰੀ ਕੀਤਾ ਜਾ ਰਿਹਾ ਹੈ। ਜਿਸ ਵਿੱਚ ਡੇਂਗੂ ਸਬੰਧੀ ਲੋਕਾਂ ਨੂੰ ਜਾਗਰੂਕਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। 34 ਮਾਮਲੇ ਡੇਂਗੂ ਦੇ ਹੁਣ ਤੱਕ ਜੋ ਸਾਹਮਣੇ ਆਏ ਹਨ, ਉਹ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਆਏ ਹਨ। ਜ਼ਿਆਦਾਤਰ ਬਾਹਰਲੇ ਜ਼ਿਲਿਆਂ ਨਾਲ ਸੰਬੰਧਿਤ ਹਨ। ਉਨ੍ਹਾਂ ਕਿਹਾ ਕਿ ਕੋਈ ਖਾਸ ਇਲਾਕੇ ਤੋਂ ਅਜਿਹੇ ਕੇਸ ਸਾਹਮਣੇ ਨਹੀਂ ਆਏ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਾਰਪਰੇਸ਼ਨ ਵੱਲੋਂ ਫੋਗਿੰਗ ਵੀ ਕਰਵਾਈ ਜਾ ਰਹੀ ਹੈ ਅਤੇ ਨਾਲ ਹੀ ਜਿੱਥੇ ਡੇਂਗੂ ਦਾ ਲਾਰਵਾ ਮਿਲਦਾ ਹੈ। ਉਨ੍ਹਾਂ ਲੋਕਾਂ ਨੇ ਚਲਾਨ ਵੀ ਕੱਟੇ ਜਾ ਰਹੇ ਹਨ।