ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਪਿੰਡ ਭੋਤਨਾ ਦੇ ਮਜ਼ਦੂਰ ਦੀ ਧੀ ਪਰਿਵਾਰਕ ਤੰਗੀਆਂ ਤਰੁੱਟੀਆਂ ਦੇ ਬਾਵਜੂਦ ਸਖ਼ਤ ਮਿਹਨਤ ਸਦਕਾ ਰਾਸ਼ਟਰੀ ਮੁਕਾਬਲੇ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰੇਗੀ। 15 ਸਾਲ ਦੀ ਦਿਲਪ੍ਰੀਤ ਕੌਰ ਦੀ ਚੋਣ ਅੰਡਰ 17 ਸਬ ਕੌਮੀ ਜੂਨੀਅਨ ਹਾਕੀ ਚੈਂਪੀਅਨਸ਼ਿਪ ਲਈ ਹੋਈ ਹੈ।
ਵਧੀਆ ਪ੍ਰਦਰਸ਼ਨ ਸਦਕਾ ਚੋਣ
ਦਿਲਪ੍ਰੀਤ ਕੌਰ ਦੇ ਪਿਤਾ ਕੁਲਵਿੰਦਰ ਸਿੰਘ ਮਜ਼ਦੂਰੀ ਕਰਦੇ ਹਨ ਅਤੇ ਮਾਤਾ ਜਸਵੀਰ ਕੌਰ ਵੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣਾ ਜੀਵਨ ਬਸਰ ਕਰਦੀ ਹੈ। ਕੋਰੋਨਾ ਕਾਲ ਦੌਰਾਨ ਦਿਲਪ੍ਰੀਤ ਨੇ 6ਵੀਂ ਵਿੱਚ ਪੜ੍ਹਦਿਆਂ ਪਿੰਡ ਦੇ ਖੇਡ ਮੈਦਾਨ ਵਿੱਚ ਹਾਕੀ ਖੇਡਣੀ ਸ਼ੁਰੂ ਕੀਤੀ ਅਤੇ ਪ੍ਰਭਾਵਸ਼ਾਲੀ ਖੇਡ ਸਦਕਾ ਉਹ ਸੂਬਾ ਪੱਧਰ ’ਤੇ ਹਾਕੀ ਮੁਕਾਬਲਿਆਂ ਤੱਕ ਪਹੁੰਚੀ। ਜਿਸ ਤੋਂ ਬਾਅਦ ਉਸਦੀ ਪੀਆਈਐਫ਼ (ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ) ਵਲੋਂ ਨੈਸ਼ਨਲ ਸਪੋਰਟਸ ਅਕੈਡਮੀ ਬਾਦਲ ਲਈ ਚੋਣ ਹੋਈ। ਇੱਥੇ ਰਹਿ ਕੇ 10ਵੀਂ ਦੀ ਪੜ੍ਹਾਈ ਦੇ ਨਾਲ ਨਾਲ ਹਾਕੀ ਖੇਡ ਰਹੀ ਹੈ। ਉਸ ਦੀ ਬਿਹਤਰ ਖੇਡ ਸਦਕਾ ਹੁਣ ਉਹ ਪੰਜਾਬ ਦੀ ਟੀਮ ਲਈ ਕੌਮੀ ਮੁਕਾਬਲਿਆਂ ਲਈ ਚੁਣੀ ਗਈ ਹੈ।
ਚੰਗੇ ਪ੍ਰਦਰਸ਼ਨ ਦੀ ਉਮੀਦ
ਦਿਲਪ੍ਰੀਤ ਕੌਰ ਹਾਕੀ ਇੰਡੀਆ ਵੱਲੋਂ 26 ਨਵੰਬਰ ਤੋ 6 ਦਸੰਬਰ ਤੱਕ ਤੇਲੰਗਾਨਾ ਸਟੇਟ ਦੇ ਸਿਕੰਦਰਾਬਾਦ ਸ਼ਹਿਰ ’ਚ ਹੋਣ ਵਾਲੀ ਸਬ ਜੂਨੀਅਰ ਨੈਸ਼ਨਲ ਚੈਪੀਅਨਸ਼ਿਪ ਵਿੱਚ ਭਾਗ ਲਵੇਗੀ। ਉਹਨਾਂ ਦੀ ਟੀਮ ਦਾ ਮੁਕਾਬਲਾ ਗੁਜਰਾਤ, ਅਸਾਮ ਅਤੇ ਮਹਾਰਾਸ਼ਟਰ ਨਾਲ ਵੀ ਹੋਵੇਗਾ। ਭੋਤਨਾ ਦੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਪ੍ਰਧਾਨ ਮਾਸਟਰ ਗੁਰਪ੍ਰੀਤ ਸਿੰਘ ਭੋਤਨਾ ਨੇ ਦੱਸਿਆ ਕਿ ਦਿਲਪ੍ਰੀਤ ਤੋਂ ਇਲਾਵਾ ਇਸਦੇ ਦੋਵੇਂ ਛੋਟੇ ਭਰਾ ਧਰਮਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਵੀ ਸਟੇਟ ਪੱਧਰ ਦੇ ਹਾਕੀ ਮੁਕਾਬਲੇ ਖੇਡ ਚੁੱਕੇ ਹਨ। ਉਹਨਾਂ ਕਿਹਾ ਕਿ ਲਵਪ੍ਰੀਤ ਨੇ ਆਪਣੇ ਪਰਿਵਾਰਕ ਹਾਲਾਤਾਂ ਨੂੰ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ ਬਲਕਿ ਇਸਨੂੰ ਆਪਣੀ ਤਾਕਤ ਬਣਾ ਕੇ ਇੱਥੋਂ ਤੱਕ ਪੁੱਜੀ ਹੈ। ਉਹਨਾਂ ਦਿਲਪ੍ਰੀਤ ਦੇ ਇਸ ਟੂਰਨਾਮੈਂਟ ਤੋਂ ਇਲਾਵਾ ਹੋਰ ਅੱਗੇ ਵੀ ਹਾਕੀ ਵਿੱਚ ਚੰਗੇ ਪ੍ਰਦਰਸ਼ਨ ਦੀ ਕਾਮਨਾ ਕੀਤੀ।