ਪੰਜਾਬ

punjab

ETV Bharat / state

ਨਿਘਾਰ 'ਤੇ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਲਈ ਹੋਂਦ ਦੀ ਲੜਾਈ ਹੋਣਗੀਆਂ ਜ਼ਿਮਨੀ ਚੋਣਾਂ, ਭਾਰੀ ਪੈ ਸਕਦਾ ਅੰਦਰੂਨੀ ਕਲੇਸ਼ - Conflict in Shiromani Akali Dal

Shiromani Akali Dal Crisis: ਇੱਕ ਪਾਸੇ ਸੂਬੇ 'ਚ ਜ਼ਿਮਨੀ ਚੋਣਾਂ ਤਾਂ ਦੂਜੇ ਪਾਸੇ ਹੋਂਦ ਦੀ ਲੜਾਈ ਲੜ ਰਹੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ 'ਚ ਅੰਦਰੂਨੀ ਕਲੇਸ਼ ਵੱਡਾ ਹੁੰਦਾ ਜਾ ਰਿਹਾ ਹੈ। ਜਿਸ ਦੇ ਚੱਲਦੇ ਹੁਣ ਇਸ ਦਾ ਅਸਰ ਪੰਜਾਬ ਵਿਚਲੀਆਂ ਜ਼ਿਮਨੀ ਚੋਣਾਂ 'ਚ ਵੀ ਦੇਖਣ ਨੂੰ ਮਿਲ ਸਕਦਾ ਹੈ।

ਜ਼ਿਮਣੀ ਚੋਣਾਂ 'ਤੇ ਕਲੇਸ਼ ਭਾਰੀ
ਜ਼ਿਮਣੀ ਚੋਣਾਂ 'ਤੇ ਕਲੇਸ਼ ਭਾਰੀ (ETV BHARAT)

By ETV Bharat Punjabi Team

Published : Jun 28, 2024, 12:50 PM IST

ਜ਼ਿਮਣੀ ਚੋਣਾਂ 'ਤੇ ਕਲੇਸ਼ ਭਾਰੀ (ETV BHARAT)

ਬਠਿੰਡਾ:ਪੰਜਾਬ ਦੀ ਸਿਆਸਤ ਵਿੱਚ ਇੰਨੀ ਦਿਨੀਂ ਸ਼੍ਰੋਮਣੀ ਅਕਾਲੀ ਦਲ ਦਾ ਅੰਦਰੂਨੀ ਕਲੇਸ਼ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਆਪਸੀ ਕਲੇਸ਼ ਉਸ ਸਮੇਂ ਛਿੜਿਆ ਹੈ, ਜਦੋਂ ਜਲੰਧਰ ਪੱਛਮੀ ਜ਼ਿਮਨੀ ਚੋਣ ਦਾ ਐਲਾਨ ਹੋ ਚੁੱਕਿਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲੰਧਰ ਪੱਛਮੀ ਸੀਟ ਤੋਂ ਸੁਰਜੀਤ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ ਪਰ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੀ ਹੋਈ ਮੀਟਿੰਗ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਲੰਧਰ ਪੱਛਮੀ ਸੀਟ ਤੋਂ ਉਮੀਦਵਾਰ ਸਰਜੀਤ ਕੌਰ ਤੋਂ ਸਮਰਥਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ।

ਸੂਬੇ ਦੇ ਪੰਜ ਹਲਕਿਆਂ 'ਚ ਜ਼ਿਮਨੀ ਚੋਣਾਂ:ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਸਪਾ ਦੇ ਉਮੀਦਵਾਰ ਬਿੰਦਰ ਲਾਖਾ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਕਿਆ ਹੈ, ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਅਤੇ ਵਰਕਰ ਦੁਚਿੱਤੀ ਵਿੱਚ ਨਜ਼ਰ ਆ ਰਹੇ ਹਨ। ਪੰਜਾਬ ਵਿੱਚ ਜਲੰਧਰ ਪੱਛਮੀ ਵਿਧਾਨ ਸਭਾ ਚੋਣਾਂ ਤੋਂ ਇਲਾਵਾ ਚਾਰ ਹੋਰ ਵਿਧਾਨ ਸਭਾ ਹਲਕਿਆਂ 'ਤੇ ਜ਼ਿਮਨੀ ਚੋਣਾਂ ਹੋਣੀਆਂ ਹਨ। ਜਿੰਨਾਂ ਵਿੱਚ ਗਿੱਦੜਵਾਹਾ, ਬਰਨਾਲਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਸਾਹਿਬ ਵਿਧਾਨ ਸਭਾ ਹਲਕੇ ਹਨ। ਉਥੇ ਹੀ ਹੁਣ ਪੰਜਾਬ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਛਿੜੇ ਆਪਸੀ ਕਲੇਸ਼ ਨੇ ਸਿਆਸੀ ਹਲਕਿਆਂ ਵਿੱਚ ਵੱਡੀ ਹਲਚਲ ਮਚਾਈ ਹੋਈ ਹੈ।

ਅਕਾਲੀ ਦਲ ਦੇ ਇਹ ਗਲਤ ਫੈਂਸਲੇ!:ਪਿਛਲੇ ਇੱਕ ਦਹਾਕੇ ਤੋਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸੱਤਾ ਤੋਂ ਬਾਹਰ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗਰਾਫ ਪੰਜਾਬ ਵਿੱਚ ਤੇਜ਼ੀ ਨਾਲ ਡਿੱਗਦਾ ਜਾ ਰਿਹਾ ਹੈ। ਜਿਸ ਦਾ ਵੱਡਾ ਕਾਰਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਲਏ ਗਏ ਗਲਤ ਫੈਸਲਿਆਂ ਨੂੰ ਜਿੰਮੇਵਾਰ ਦੱਸਿਆ ਜਾ ਰਿਹਾ ਹੈ। ਇਹਨਾਂ ਗਲਤ ਫੈਸਲਿਆਂ ਵਿੱਚ ਪ੍ਰਮੁੱਖ ਤੌਰ 'ਤੇ ਬੇਅਦਬੀਆਂ ਦਾ ਮੁੱਦਾ, ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਕਮੇਟੀ ਵਿੱਚ ਦਖ਼ਲ, ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਅਤੇ ਖੇਤੀਬਾੜੀ ਤਿੰਨ ਬਿੱਲਾਂ ਦੇ ਹੱਕ ਵਿੱਚ ਸਮਰਥਨ ਦੇਣ ਉਪਰੰਤ ਵਿਰੋਧਤਾ ਦੇ ਚੱਲਦਿਆਂ ਸਮਰਥਨ ਨੂੰ ਵਾਪਸ ਲੈਣ ਨੂੰ ਪ੍ਰਮੁੱਖ ਦੱਸਿਆ ਜਾ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲ 'ਚ ਅੰਦਰੂਨੀ ਖਾਨਾਜੰਗੀ: ਦੱਸ ਦਈਏ ਕਿ 2007 ਤੋਂ 2017 ਦੌਰਾਨ ਪੰਜਾਬ ਦੀ ਸੱਤਾ ਵਿੱਚ ਕਾਬਜ ਰਹੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਦੀ ਭਾਈਵਾਲੀ ਨਾਲ ਸਰਕਾਰ ਚਲਾਈ ਅਤੇ ਇਸ ਦੌਰਾਨ ਲੋਕ ਸਭਾ ਸੀਟਾਂ 'ਤੇ ਦੀ ਚੰਗਾ ਪ੍ਰਦਰਸ਼ਨ ਕੀਤਾ ਗਿਆ। ਉਥੇ ਹੀ ਹੁਣ 2017 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਜਿੱਥੇ ਅੰਦਰੂਨੀ ਖਾਨਾਜੰਗੀ ਦਾ ਮਾਹੌਲ ਪੈਦਾ ਹੋਇਆ ਹੈ ਤਾਂ ਉਥੇ ਹੀ ਕਈ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਗਏ। ਜਿਸ ਦਾ ਖਮਿਆਜਾ ਸ਼੍ਰੋਮਣੀ ਅਕਾਲੀ ਦਲ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿਚ ਭੁਗਤਣਾ ਪਿਆ।

ਨਿਘਾਰ 'ਤੇ ਜਾ ਰਿਹਾ ਅਕਾਲੀ ਦਲ: ਕਿਸਾਨ ਅੰਦੋਲਨ ਦੌਰਾਨ ਭਾਜਪਾ ਨਾਲੋਂ ਨਹੁੰ ਮਾਸ ਦਾ ਰਿਸ਼ਤਾ ਤੋੜਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਵਿਚਲੀ ਸਿਆਸਤ ਵਿੱਚ ਹਾਲਤ ਹੋਰ ਵੀ ਪਤਲੀ ਹੋ ਗਈ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀਆਂ 117 ਸੀਟਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਸਿਰਫ਼ ਤਿੰਨ ਸੀਟਾਂ ਹੀ ਜਿੱਤ ਸਕਿਆ। ਉਥੇ ਹੀ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ 13 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਸੀਟ 'ਤੇ ਹੀ ਬਹੁਮਤ ਮਿਲ ਸਕਿਆ। 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਅੰਦਰ ਖਿਲਾਰੇ ਨੂੰ ਜੇਕਰ ਸਮਾਂ ਰਹਿੰਦਿਆਂ ਨਾ ਸਮੇਟਿਆ ਗਿਆ ਤਾਂ ਜ਼ਿਮਨੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਹਾਰ ਦਾ ਮੂੰਹ ਵੇਖਣਾ ਪੈ ਸਕਦਾ ਹੈ।

ਪਰਿਵਾਰਾਂ ਦੀ ਹੋਂਦ ਲਈ ਬਾਗੀ ਹੋਈ ਲੀਡਰਸ਼ਿਪ: ਉਥੇ ਹੀ ਇਸ ਮਾਮਲੇ 'ਚ ਸੀਨੀਅਰ ਪੱਤਰਕਾਰ ਚੰਦਰ ਪ੍ਰਕਾਸ਼ ਦਾ ਕਹਿਣਾ ਹੈ ਕਿ ਪਾਰਟੀ ਵਿੱਚ ਜਿਹੜੇ ਅੰਦਰੂਨੀ ਕਲੇਸ਼ ਚੱਲ ਰਿਹਾ ਹੈ, ਉਸ ਦਾ ਅਸਰ ਪੰਜਾਬ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ 'ਤੇ ਵੇਖਣ ਨੂੰ ਜ਼ਰੂਰ ਮਿਲੇਗਾ। ਸੀਨੀਅਰ ਲੀਡਰਸ਼ਿਪ ਦੇ ਆਪਸੀ ਕਲੇਸ਼ ਦੇ ਚੱਲਦਿਆਂ ਵਰਕਰ ਅਤੇ ਅਹੁਦੇਦਾਰਾਂ ਨੂੰ ਵੱਡੀਆਂ ਨਮੋਸ਼ੀਆਂ ਦਾ ਸਾਹਮਣਾ ਕਰਨਾ ਪਵੇਗਾ। ਉਥੇ ਹੀ ਇੱਕ ਦੂਸਰੇ ਖਿਲਾਫ਼ ਕੀਤੀ ਜਾ ਰਹੀ ਦੂਸ਼ਣਬਾਜ਼ੀ ਕਾਰਨ ਵਿਰੋਧੀਆਂ ਨੂੰ ਤੰਜ਼ ਕੱਸਣ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਈ ਲੀਡਰਸ਼ਿਪ 'ਤੇ ਟਿੱਪਣੀ ਕਰਦੇ ਹੋਏ ਸੀਨੀਅਰ ਪੱਤਰਕਾਰ ਚੰਦਰ ਪ੍ਰਕਾਸ਼ ਨੇ ਕਿਹਾ ਕਿ ਇਹ ਲੜਾਈ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੀ ਨਹੀਂ ਹੈ। ਇਹ ਲੜਾਈ ਵਿਰੋਧਤਾ ਕਰਨ ਵਾਲੀ ਲੀਡਰਸ਼ਿਪ ਵੱਲੋਂ ਆਪਣੇ ਪਰਿਵਾਰ ਦੀ ਸਿਆਸੀ ਹੋਂਦ ਨੂੰ ਬਚਾਉਣ ਦੀ ਲੜਾਈ ਹੈ, ਕਿਉਂਕਿ ਬਗਾਵਤ ਕਰਨ ਵਾਲੇ ਬਹੁਤੇ ਲੀਡਰ ਸਾਹਿਬਾਨਾਂ ਵੱਲੋਂ ਆਪਣੇ ਪਰਿਵਾਰਿਕ ਮੈਂਬਰਾਂ ਲਈ ਵੀ ਟਿਕਟਾਂ ਦੀ ਮੰਗ ਸਮੇਂ-ਸਮੇਂ ਸਿਰ ਕੀਤੀ ਜਾਂਦੀ ਰਹੀ ਹੈ। ਸੀਨੀਅਰ ਪੱਤਰਕਾਰਨੇ ਕਿਹਾ ਕਿ ਉਹਨਾਂ ਦੀ ਇਹ ਮਨਸ਼ਾ ਪੂਰੀ ਨਾ ਹੋਣ ਕਾਰਨ ਹੁਣ ਉਹ ਬਗਾਵਤੀ ਸੁਰ ਅਪਣਾ ਰਹੇ ਹਨ।

ABOUT THE AUTHOR

...view details