ਤਰਨ ਤਾਰਨ: ਇੱਕ ਪਾਸੇ ਜਿਥੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨਗੀ ਦੇ ਅਸਤੀਫ਼ੇ ਤੋਂ ਸੁਰਖੀਆਂ 'ਚ ਹੈ ਤਾਂ ਉਥੇ ਹੀ ਹੁਣ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ਤਰਨ ਤਾਰਨ ਤੋਂ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਵਲੋਂ ਦਿੱਤਾ ਗਿਆ ਹੈ। ਜਿੰਨ੍ਹਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ।
ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ (ETV BHARAT) ਸਾਬਕਾ ਅਕਾਲੀ ਵਿਧਾਇਕ ਦਾ ਅਸਤੀਫ਼ਾ
ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੂੰ ਭੇਜੇ ਅਸਤੀਫੇ ਪਿੱਛੇ ਪਾਰਟੀ ਛੱਡਣ ਦੇ ਨਿੱਜੀ ਕਾਰਨ ਦੱਸੇ ਹਨ। ਕਾਬਿਲੇਗੌਰ ਹੈ ਕਿ ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਹਰਮੀਤ ਸਿੰਘ ਸੰਧੂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿਚ ਜਿੰਮੇਵਾਰੀ ਨਿਭਾਅ ਰਹੇ ਸਨ। ਜਿੰਨ੍ਹਾਂ ਨੇ ਪਾਰਟੀ ਦੀ ਮੁੱਢਲੀ ਮੈਂਬਰ ਸਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।
ਤਿੰਨ ਵਾਰ ਦੇ ਵਿਧਾਇਕ ਨੇ ਛੱਡੀ ਪਾਰਟੀ
ਕਾਬਿਲੇਗੌਰ ਹੈ ਕਿ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਵਿਚ ਤਰਨਤਾਰਨ ਹਲਕੇ ਤੋਂ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਜਿੱਤੇ ਸਨ। ਇਸ ਤੋਂ ਬਾਅਦ 2007 ’ਚ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਅਤੇ ਉਹ ਕਾਂਗਰਸ ਦੇ ਮਨਜੀਤ ਸਿੰਘ ਘਸੀਟਪੁਰਾ ਤੋਂ ਜਿੱਤ ਕੇ ਉਸ ਵੇਲੇ ਸੱਤਾ ’ਚ ਆਈ ਪਾਰਟੀ ਦੇ ਵਿਧਾਇਕ ਬਣ ਗਏ। ਜਦੋਕਿ 2012 ’ਚ ਮੁੜ ਹਰਮੀਤ ਸਿੰਘ ਸੰਧੂ ਨੇ ਅਕਾਲੀ ਦਲ ਵੱਲੋਂ ਚੋਣ ਲੜੀ ਅਤੇ ਕਾਂਗਰਸ ਦੇ ਡਾ. ਧਰਮਬੀਰ ਅਗਨੀਹੋਤਰੀ ਨੂੰ ਹਰਾ ਕੇ ਵਿਧਾਨ ਸਭਾ ਪੁੱਜੇ। ਦੋ ਵਾਰ ਸੱਤਾ ’ਚ ਆਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹਰਮੀਤ ਸਿੰਘ ਸੰਧੂ ਨੂੰ ਦੋ ਵਾਰ ਮੁੱਖ ਪਾਰਲੀਮਾਨੀ ਸਕੱਤਰ ਵੀ ਬਣਾਇਆ ਗਿਆ ਅਤੇ ਇਕ ਵਾਰ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵੀ ਬਣਾਏ ਗਏ। ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਦੀ ਪਸੰਦੀਦਾ ਜਾਣੇ ਜਾਂਦੇ ਹਰਮੀਤ ਸਿੰਘ ਸੰਧੂ ਪਾਰਟੀ ਦੇ ਵੱਖ-ਵੱਖ ਅਹੁਦਿਆਂ ਦੀ ਵੀ ਜਿੰਮੇਵਾਰੀ ਨਿਭਾਉਂਦੇ ਰਹੇ ਹਨ।
ਕਾਰਜਕਾਰੀ ਪ੍ਰਧਾਨ ਨੂੰ ਭੇਜਿਆ ਅਸਤੀਫ਼ਾ
ਗੌਰਤਲਬ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਹਰਮੀਤ ਸਿੰਘ ਸੰਧੂ ਦੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਿਸੇ ਹੋਰ ਪਾਰਟੀ ਵਿਚ ਜਾਣ ਦੀਆਂ ਚਰਚਾਵਾਂ ਉੱਠਦੀਆਂ ਰਹੀਆਂ ਹਨ, ਪਰ ਇੰਨ੍ਹਾਂ ਚਰਚਾਵਾਂ ਸਬੰਧੀ ਉਨ੍ਹਾਂ ਦਾ ਕੋਈ ਬਿਆਨ ਜਾਂ ਜਵਾਬ ਹਾਲੇ ਤੱਕ ਨਹੀਂ ਆਇਆ। ਹੁਣ ਮੰਗਲਵਾਰ ਨੂੰ ਅਚਾਨਕ ਉਨ੍ਹਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿੱਪ ਸਮੇਤ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੂੰ ਉਨ੍ਹਾਂ ਨੇ ਬਹੁਤ ਹੀ ਸੰਖੇਪ ਵਿਚ ਅਸਤੀਫ਼ਾ ਲਿਖਿਆ ਤੇ ਅਸਤੀਫੇ ਪਿੱਛੇ ਨਿੱਜੀ ਕਾਰਨ ਦੱਸੇ ਹਨ। ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕੁਝ ਦਿਨਾਂ ਵਿਚ ਹੀ ਆਪਣੇ ਸਮਰਥਕਾਂ ਤੇ ਵਰਕਰਾਂ ਨਾਲ ਮੀਟਿੰਗ ਕਰਕੇ ਅੱਗੇ ਦੀ ਰਣਨੀਤੀ ਦਾ ਫੈਸਲਾ ਲੈਣਗੇ।
ਸੁਖਬੀਰ ਬਾਦਲ ਦੇ ਅਸਤੀਫ਼ੇ ਨੂੰ ਲੈਕੇ ਫੈਸਲਾ ਬਾਕੀ
ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਖਬੀਰ ਬਾਦਲ ਦੇ ਅਸਤੀਫ਼ੇ ਕਾਰਨ ਸ਼੍ਰੋਮਣੀ ਅਕਾਲੀ ਦਲ ਚਰਚਾ 'ਚ ਹੈ। ਜਦਕਿ ਕੋਰ ਕਮੇਟੀ ਨੇ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ, ਹਾਲਾਂਕਿ ਕੋਰ ਕਮੇਟੀ ਦੇ ਫੈਂਸਲੇ ਤੋਂ ਪਹਿਲਾਂ ਹੀ ਪਾਰਟੀ ਦੇ ਹੋਰ ਕਈ ਲੀਡਰਾਂ ਨੇ ਸੁਖਬੀਰ ਬਾਦਲ ਦੇ ਹੱਕ 'ਚ ਅਸਤੀਫ਼ਾ ਦੇਣ ਦੀ ਗੱਲ ਆਖੀ ਸੀ। ਜਿਸ ਤੋਂ ਬਾਅਦ ਕੋਰ ਕਮੇਟੀ ਨੇ ਸੁਖਬੀਰ ਬਾਦਲ ਦੇ ਅਸਤੀਫ਼ੇ ਨੂੰ ਲੈਕੇ ਜ਼ਿਲ੍ਹਾ ਪੱਧਰੀ ਟੀਮਾਂ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਫੈਂਸਲਾ ਲੈਣ ਦੀ ਗੱਲ ਆਖੀ ਹੈ।