ਪੰਜਾਬ

punjab

ETV Bharat / state

SGPC ਨੂੰ ਅੱਜ ਮਿਲੇਗਾ ਨਵਾਂ ਪ੍ਰਧਾਨ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਹੁਦੇ ਲਈ ਅੱਜ ਚੋਣ

ਅੱਜ ਹਰ ਸਿੱਖ ਪੰਥ ਦੀਆਂ ਨਜ਼ਰਾਂ ਐਸਜੀਪੀਸੀ ਦੇ ਨਵਾਂ ਪ੍ਰਧਾਨ 'ਤੇ ਹੋਣਗੀਆਂ ਕਿਉਂਕਿ ਅੱਜ ਨਵੇਂ ਪ੍ਰਧਾਨ ਦੇ ਅਹੁਦੇ ਲਈ ਚੋਣ ਹੈ।

ਐਸਜੀਪੀਸੀ ਦਾ ਨਵਾਂ ਪ੍ਰਧਾਨ  ਕੌਣ
ਐਸਜੀਪੀਸੀ ਦਾ ਨਵਾਂ ਪ੍ਰਧਾਨ ਕੌਣ (etv bharat)

By ETV Bharat Punjabi Team

Published : 6 hours ago

ਹੈਦਰਾਬਾਦ:ਐਸਜੀਪੀਸੀ ਨੂੰ ਅੱਜ ਨਵਾਂ ਪ੍ਰਧਾਨ ਮਿਲੇਗਾ ਕਿਉਂਕਿ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ। ਇਸ ਵਾਰ ਕਾਫ਼ੀ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਸਕਦ ਹੈ। ਇੱਕ ਪਾਸੇ ਤਾਂ ਅਕਾਲੀ ਦਲ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਚੋਣ ਮੈਦਾਨ 'ਚ ਨੇ ਤਾਂ ਦੂਜੇ ਪਾਸੇ ਬਾਗੀ ਧੜੇ ਵੱਲੋਂ ਬੀਜੀ ਜਗੀਰ ਕੌਰ।ਇਸ ਕਾਰਨ ਨਵੇਂ ਪ੍ਰਧਾਨ ਦੀ ਚੋਣ 'ਚ ਤਣਾਅ ਵੱਧਦਾ ਦਿਖਾਈ ਦੇ ਰਿਹਾ ਹੈ।

ਕੱਲ੍ਹ ਤੇਜਾ ਸਿੰਘ ਸਮੁੰਦਰੀ ਹਾਲ 'ਚ ਹੋਈ ਅਹਿਮ ਮੀਟਿੰਗ

ਤੁਹਾਨੂੰ ਦੱਸ ਦਈਏ ਕਿ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਸੋਮਵਾਰ ਨੂੰ ਹਰਿਮੰਦਰ ਸਾਹਿਬ ਦੀ ਹਦੂਦ ਵਿੱਚ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਪਹੁੰਚ ਕੇ ਅਕਾਲੀ ਦਲ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਗੱਲਬਾਤ ਕੀਤੀ। ਇਸ ਮੀਟਿੰਗ ਦਾ ਮਕਸਦ ਅੱਜ ਦੀਆਂ ਚੋਣਾਂ ਦੀ ਰੂਪ-ਰੇਖਾ ਤਿਆਰ ਕਰਨਾ ਸੀ। ਇਸ ਦੇ ਨਾਲ ਹੀ ਅਕਾਲੀ ਦਲ ਦੇ ਬਾਗੀ ਧੜੇ ਦਾ ਰਵੱਈਆ ਅਜੇ ਵੀ ਸਖ਼ਤ ਹੈ। ਬੀਬੀ ਜਗੀਰ ਕੌਰ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਆਪਣੀ ਲੀਡਰਸ਼ਿਪ ਦੇ ਹੱਕ ਵਿੱਚ ਵੋਟਾਂ ਹਾਸਲ ਕਰਨ ਦੇ ਉਦੇਸ਼ ਨਾਲ ਕਰੀਬ 125 ਮੈਂਬਰਾਂ ਦਾ ਸਮਰਥਨ ਹਾਸਲ ਕੀਤਾ ਹੈ।

ਪੰਜ ਤਖਤਾਂ ਦੇ ਸੁਤੰਤਰ ਅਧਿਕਾਰਾਂ ਦਾ ਵਾਅਦਾ

ਇੱਕ ਪਾਸੇ ਤਾਂ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਸਿੱਖ ਸੰਸਥਾਵਾਂ ਅਤੇ ਪੰਜ ਤਖ਼ਤਾਂ ਦੇ ਜਥੇਦਾਰਾਂ ਵਰਗੇ ਆਗੂਆਂ ਦੀ ਸੁਤੰਤਰ ਅਧਿਕਾਰ ਬਹਾਲ ਕਰਨ ਲਈ ਆਖਿਆ ਅਤੇ ਬਾਹਰੀ ਸਿਆਸੀ ਪ੍ਰਭਾਵ ਨੂੰ ਰੋਕਣ ਲਈ ਸੁਧਾਰਾਂ ਦਾ ਵਾਅਦਾ ਕੀਤਾ। ਇਸ ਦੇ ਨਾਲ ਹੀ, ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਸ਼ਰਧਾਲੂਆਂ ਲਈ ਸਹੂਲਤਾਂ ਵਧਾਉਣ ਅਤੇ ਜ਼ਮੀਨੀ ਰਿਕਾਰਡਾਂ ਦੇ ਡਿਜੀਟਲਾਈਜ਼ੇਸ਼ਨ ਅਤੇ ਧਰਮ ਪ੍ਰਚਾਰ ਲਹਿਰ ਵਰਗੀਆਂ ਪਹਿਲਕਦਮੀਆਂ ਰਾਹੀਂ ਸਿੱਖ ਧਾਰਮਿਕ ਪਹੁੰਚ ਲਈ ਨਵੇਂ ਯਤਨ ਸ਼ੁਰੂ ਕਰਨ ਦਾ ਵਾਅਦਾ ਵੀ ਕੀਤਾ ਗਿਆ।

ਧਾਮੀ ਨੇ ਗਿਣਵਾਈਆਂ ਆਪਣੀਆਂ ਪ੍ਰਾਪਤੀਆਂ

ਉਧਰ ਦੂਜੇ ਪਾਸੇ ਅਕਾਲੀ ਦਲ ਦੀ ਹਮਾਇਤ ਹਾਸਲ ਕਰ ਚੁੱਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਪਣੀਆਂ ਪਿਛਲੀਆਂ ਪ੍ਰਾਪਤੀਆਂ ਦੇ ਆਧਾਰ ’ਤੇ ਉਨ੍ਹਾਂ ਨੂੰ ਮੁੜ ਤੋਂ ਵੋਟਾਂ ਪਾਉਣ ਦੀ ਮੰਗ ਕਰ ਰਹੇ ਹਨ। ਜਿਸ ਵਿੱਚ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਲਗਾਉਣ ਵਰਗੀਆਂ ਪਹਿਲਕਦਮੀਆਂ ਵੀ ਸ਼ਾਮਲ ਹਨ। ਧਾਮੀ ਧੜੇ ਦਾ ਕਹਿਣਾ ਹੈ ਕਿ ਚੋਣਾਂ ਵਿੱਚ ਅਕਾਲੀ ਦਲ ਬਾਦਲ ਧੜੇ ਨੂੰ ਲੋੜੀਂਦਾ ਬਹੁਮਤ ਮਿਲੇਗਾ। ਉਨ੍ਹਾਂ ਇਲਜ਼ਾਮ ਲਾਇਆ ਕਿ ਭਾਜਪਾ ਅਤੇ ਆਰਐਸਐਸ ਸਮੇਤ ਪੰਥ ਵਿਰੋਧੀ ਤਾਕਤਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਪ੍ਰਭਾਵਿਤ ਕਰਨ ਅਤੇ ਸਿੱਖ ਸੰਸਥਾਵਾਂ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਭਾਵ ਨੂੰ ਕਮਜ਼ੋਰ ਕਰਨ ਲਈ ਵਿੱਤੀ ਲਾਲਚਾਂ ਦੀ ਵਰਤੋਂ ਕਰ ਰਹੀਆਂ ਹਨ।

ਮੈਂਬਰਾਂ ਦੀ ਗਿਣਤੀ ਕਿੰਨੀ

ਦੱਸ ਦਈਏ ਕਿ ਮੌਜੂਦਾ ਸਦਨ ​​ਵਿੱਚ 191 ਮੈਂਬਰ ਹਨ, ਜਿਨ੍ਹਾਂ ਵਿੱਚੋਂ 170 ਮੈਂਬਰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਸਮੇਤ ਵੱਖ-ਵੱਖ ਖੇਤਰਾਂ ਤੋਂ ਚੁਣੇ ਗਏ ਹਨ, 15 ਮੈਂਬਰ ਪੂਰੇ ਦੇਸ਼ ਵਿੱਚੋਂ ਨਾਮਜ਼ਦ ਕੀਤੇ ਗਏ ਹਨ, 6 ਮੈਂਬਰਾਂ ਵਿੱਚ ਤਖ਼ਤ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ 5 ਸਤਿਕਾਰਯੋਗ ਜਥੇਦਾਰ ਸ਼ਾਮਲ ਹਨ। ਮੁੱਖ ਗ੍ਰੰਥੀਆਂ ਸ਼ਾਮਲ ਹੁੰਦੀਆਂ ਹਨ। ਇਨ੍ਹਾਂ ਵਿੱਚੋਂ 30 ਸੀਟਾਂ ਔਰਤਾਂ ਲਈ ਰਾਖਵੀਆਂ ਹਨ। ਇਨ੍ਹਾਂ ਵਿੱਚੋਂ ਕਈ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਅਸਤੀਫ਼ਾ ਦੇ ਚੁੱਕੇ ਹਨ। ਜਿਸ ਤੋਂ ਬਾਅਦ ਹੁਣ ਮੈਂਬਰਾਂ ਦੀ ਗਿਣਤੀ ਲਗਭਗ 151 ਹੋ ਗਈ ਹੈ।

ਐਡਵੋਕੇਟ ਧਾਮੀ ਨੂੰ 2002 ਚ 104 ਵੋਟਾਂ ਮਿਲੀਆਂ

ਇਸ ਤੋਂ ਪਹਿਲਾਂ ਐਡਵੋਕੇਟ ਧਾਮੀ ਅਤੇ ਬੀਬੀ ਜਗੀਰ ਕੌਰ 2002 ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਵੀ ਆਹਮੋ-ਸਾਹਮਣੇ ਸਨ। ਇਸ ਦੌਰਾਨ ਧਾਮੀ ਨੂੰ 104 ਵੋਟਾਂ ਮਿਲੀਆਂ ਸਨ। ਜਦਕਿ ਬੀਬੀ ਜਗੀਰ ਕੌਰ ਨੂੰ 45 ਵੋਟਾਂ ਮਿਲੀਆਂ। ਜਦੋਂ ਕਿ ਪਿਛਲੇ ਸਾਲ ਸ਼੍ਰੋਮਣੀ ਕਮੇਟੀ ਦੇ ਕੁੱਲ 151 ਮੈਂਬਰਾਂ ਵਿੱਚੋਂ 136 ਨੇ ਆਪਣੀ ਵੋਟ ਪਾਈ ਸੀ। ਜਿਸ ਵਿੱਚ ਐਡਵੋਕੇਟ ਧਾਮੀ ਨੂੰ 118 ਅਤੇ ਉਨ੍ਹਾਂ ਦੇ ਵਿਰੋਧੀ ਬਾਬਾ ਬਲਬੀਰ ਸਿੰਘ ਘੁੰਨਸ ਨੂੰ ਸਿਰਫ਼ 17 ਵੋਟਾਂ ਮਿਲੀਆਂ। ਹੁਣ ਵੇਖਣਾ ਅਹਿਮ ਹੋਵੇਗਾ ਕਿ ਅੱਜ ਕੌਣ ਐਸਜੀਪੀਸੀ ਦਾ ਨਵਾਂ ਪ੍ਰਧਾਨ ਬਣੇਗਾ ਅਤੇ ਕਿਸ ਨੂੰ ਕਿੰਨੀਆਂ ਵੋਟਾਂ ਮਿਲਣਗੀਆਂ।

ABOUT THE AUTHOR

...view details