ਪੰਜਾਬ ਚ ਵਧਿਆ ਘੋੜੇ ਰੱਖਣ ਦਾ ਰੁਝਾਨ (ETV Bharat Bathinda) ਬਠਿੰਡਾ: ਪੰਜਾਬ ਵਿੱਚ ਇੰਨੀ ਦਿਨੀਂ ਘੋੜਿਆਂ ਦਾ ਕਾਰੋਬਾਰ ਬੜੀ ਤੇਜ਼ੀ ਨਾਲ ਪ੍ਰਫੁੱਲਤ ਹੋ ਰਿਹਾ ਹੈ। ਪੰਜਾਬ ਵਿੱਚ ਚੰਗੀ ਨਸਲ ਦੇ ਘੋੜੇ ਮਿਲਣ ਕਾਰਨ ਕਾਰਪੋਰੇਟ ਸੈਕਟਰ ਵੱਲੋਂ ਘੋੜਿਆਂ ਦੇ ਕਾਰੋਬਾਰ ਵਿੱਚ ਰੁਚੀ ਦਿਖਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਬਠਿੰਡਾ ਦੇ ਪਿੰਡ ਬਾਘਾ ਦੇ ਡਾਕਟਰ ਗੁਰਸੇਵਕ ਸਿੰਘ ਵੱਲੋਂ ਨੁਕਰਾ ਮੰਜੂ ਅਤੇ ਮਾਰਵਾੜੀ ਘੋੜਿਆਂ ਦੀ ਬਰੀਡ ਤਿਆਰ ਕੀਤੀ ਜਾ ਰਹੀ ਹੈ। ਚੰਗੀ ਨਸਲ ਦੇ ਘੋੜਿਆਂ ਦੀ ਬਰੀਡ ਤਿਆਰ ਕੀਤੇ ਜਾਣ ਕਾਰਨ ਹੁਣ ਡਾਕਟਰ ਗੁਰਸੇਵਕ ਸਿੰਘ ਤੋਂ ਰਿਲਾਇੰਸ ਗਰੁੱਪ ਵੱਲੋਂ ਘੋੜਾ ਖਰੀਦਿਆ ਗਿਆ ਹੈ।
ਡਾਕਟਰ ਗੁਰਸੇਵਕ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਘੋੜਿਆਂ ਦਾ ਸ਼ੌਂਕ ਹੈ ਕਿਉਂਕਿ ਉਹਨਾਂ ਦੇ ਪਿਤਾ ਜੀ ਵੱਲੋਂ ਉਹਨਾਂ ਦੀ ਭੂਆ ਨੂੰ ਘੋੜੀ ਅਤੇ ਜੋੜੀ ਦਿੱਤੀ ਸੀ। ਇਸ ਦੇ ਚਲਦਿਆਂ ਹੀ ਉਹਨਾਂ ਨੂੰ ਘੋੜਿਆਂ ਨਾਲ ਕਾਫ਼ੀ ਲਗਾਵ ਸੀ ਫਿਰ ਉਹਨਾਂ ਵੱਲੋਂ ਐਨੀਮਲ ਡਾਕਟਰ ਦੀ ਡਿਗਰੀ ਕਰਕੇ ਆਪਣਾ ਸਟੱਡ ਫਾਰਮ ਖੋਲਿਆ ਗਿਆ। ਉਹਨਾਂ ਵੱਲੋਂ ਹੁਣ ਨੁਕਰਾ ਮਜੂ ਅਤੇ ਮਾਰਵਾੜੀ ਘੋੜਿਆਂ ਦੀ ਬਰੀਡ ਤਿਆਰ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਉਹ ਪੰਜਾਬ ਤੋਂ ਇਲਾਵਾ ਰਾਜਸਥਾਨ ਹਰਿਆਣਾ ਮੱਧ ਪ੍ਰਦੇਸ਼ ਅਤੇ ਕੇਰਲ ਵਿੱਚ ਆਪਣਾ ਕਾਰੋਬਾਰ ਕਰ ਰਹੇ ਹਨ ਅਤੇ ਉਹਨਾਂ ਨੂੰ ਚੰਗਾ ਮੁਨਾਫਾ ਹੋ ਰਿਹਾ ਹੈ।
ਡਾਕਟਰ ਗੁਰਸੇਵ ਸਿੰਘ ਨੇ ਕਿਹਾ ਕਿ ਜਿਹੜੇ ਪੰਜਾਬ ਦੇ ਨੌਜਵਾਨ ਵਿਦੇਸ਼ ਦੀ ਧਰਤੀ ਤੇ ਰੁਜ਼ਗਾਰ ਦੀ ਤਲਾਸ਼ ਵਿੱਚ ਜਾ ਰਹੇ ਹਨ, ਉਹ ਪੰਜਾਬ ਵਿੱਚ ਰਹਿ ਕੇ ਘੋੜਿਆਂ ਦਾ ਕਾਰੋਬਾਰ ਕਰਨ, ਘੋੜਿਆਂ ਦੇ ਕਾਰੋਬਾਰ ਵਿੱਚ ਹਰ ਸੰਭਵ ਸਹਾਇਤਾ ਉਹਨਾਂ ਵੱਲੋਂ ਦਿੱਤੀ ਜਾਵੇਗੀ। ਘੋੜਿਆਂ ਦੇ ਰੱਖ ਰਖਾ ਅਤੇ ਦੇਖਭਾਲ ਸਬੰਧੀ ਮੁਫ਼ਤ ਵਿੱਚ ਉਹਨਾਂ ਵੱਲੋਂ ਟ੍ਰੇਨਿੰਗ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਤੇਜ਼ੀ ਨਾਲ ਘੋੜਿਆਂ ਦਾ ਕਾਰੋਬਾਰ ਪ੍ਰਫੁਲਿਤ ਹੋ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਇਸ ਕਿੱਤੇ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਇੱਕ ਘੋੜੇ ਉੱਤੇ ਮਾਤਰ ਇੱਕ ਮਹੀਨੇ ਦਾ ਛੇ ਕੁ ਹਜ਼ਾਰ ਰੁਪਆ ਖਰਚਾ ਆਉਂਦਾ ਹੈ ਪਰ ਇਹ ਕਮਾਈ ਲੱਖਾਂ ਦੇ ਰੂਪ ਵਿੱਚ ਦੇ ਕੇ ਜਾਂਦੇ ਹਨ।
ਉਹਨਾਂ ਕਿਹਾ ਕਿ ਪੰਜਾਬ ਦੀ ਆਪਣੀ ਨਸਲ ਨੁਕਰਾ ਘੋੜਾ ਹੈ ਪਰ ਇਸ ਦੇ ਨਾਲ ਹੀ ਪੰਜਾਬ ਵਿੱਚ ਹੁਣ ਮਜੂ ਅਤੇ ਮਾਰਵਾੜੀ ਘੋੜਿਆਂ ਦੀ ਬਰੀਡ ਵੀ ਤਿਆਰ ਕੀਤੀ ਜਾ ਰਹੀ ਹੈ, ਜਿਸ ਕਾਰਨ ਵੱਡੀ ਗਿਣਤੀ ਵਿੱਚ ਕਾਰਪੋਰੇਟ ਘਰਾਣਿਆਂ ਵੱਲੋਂ ਘੋੜਿਆਂ ਦੇ ਵਪਾਰ ਵਿੱਚ ਦਸਤਕ ਦਿੱਤੀ ਜਾ ਰਹੀ ਹੈ ਅਤੇ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਕਾਰਪੋਰੇਟ ਸੈਕਟਰ ਵੱਲੋਂ ਘੋੜੇ ਖਰੀਦੇ ਜਾ ਰਹੇ ਹਨ। ਉਹਨਾਂ ਕਿਹਾ ਕਿ ਘੋੜਿਆਂ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਹੁੰਦੀ, ਬਸ ਇਸ ਨੂੰ ਜੇਕਰ ਦਰਦ ਹੋਣ ਲੱਗ ਜਾਵੇ ਤਾਂ ਦਰਦ ਇਸ ਦੀ ਜਾਨ ਤੱਕ ਲੈ ਸਕਦਾ ਹੈ। ਇਸ ਲਈ ਘੋੜਿਆਂ ਦੀ ਦੇਖਭਾਲ ਲਈ ਇਸ ਦੇ ਇਲਾਜ ਦਾ ਵੀ ਪਾਲਕਾਂ ਨੂੰ ਪਤਾ ਹੋਣਾ ਚਾਹੀਦਾ ਹੈ। ਇਸ ਲਈ ਉਹਨਾਂ ਵੱਲੋਂ ਘੋੜਿਆਂ ਦੀ ਦੇਖਭਾਲ ਅਤੇ ਰੱਖ ਰਖਾ ਲਈ ਜਿੱਥੇ ਮੁਫ਼ਤ ਵਿੱਚ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਹਨਾਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਸ ਖਿੱਤੇ ਨਾਲ ਜੁੜਨ ਦੀ ਅਪੀਲ ਕੀਤੀ ਜਾ ਰਹੀ ਹੈ।