ਸੀਐੱਮ ਦੀ ਕੋਠੀ ਅੱਗੇ ਅਧਿਆਪਕਾਂ 'ਤੇ ਅਧਿਆਪਕ ਦਿਹਾੜੇ 'ਤੇ ਹੀ ਵਰੀਆਂ ਡਾਂਗਾਂ (ETV BHARAT (ਪੱਤਰਕਾਰ, ਸੰਗਰੂਰ)) ਸੰਗਰੂਰ :ਅਧਿਆਪਕ ਸਾਡੀ ਜ਼ਿੰਦਗੀ ਦਾ ਸਭ ਤੋਂ ਅਨਮੋਲ ਤੋਹਫ਼ਾ ਅਤੇ ਸਭ ਤੋਂ ਵੱਡਾ ਗੁਰੂ ਹੁੰਦੇ ਹਨ। ਇਸੇ ਲਈ ਅਧਿਆਪਕਾਂ ਨੂੰ ਚਾਨਣ-ਮੁਨਾਰਾ ਅਖਿਆ ਜਾਂਦਾ ਹੈ ਪਰ ਜੇਕਰ ਅਧਿਆਪਕਾਂ ਦਾ ਹੀ ਭਵਿੱਖ ਹਨ੍ਹੇਰੇ 'ਚ ਹੋਵੇ ਤਾਂ ਤੁਸੀਂ ਕੀ ਆਖੋਗੇ। ਇੱਕ ਪਾਸੇ ਤਾਂ ਅਧਿਆਪਕਾਂ ਦਾ ਸਨਮਾਨ ਖੁਦ ਸੀਐੱਮ ਕਰ ਰਹੇ ਨੇ ਤਾਂ ਦੂਜੇ ਪਾਸੇ ਸੀਐੱਮ ਦੇ ਘਰ ਅੱਗੇ ਉਨ੍ਹਾਂ ਹੀ ਅਧਿਆਪਕਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਡਾਂਗਾਂ ਚਲਾਈਆਂ ਜਾ ਰਹੀਆਂ ਹਨ।
ਅਧਿਆਪਕਾਂ 'ਤੇ ਤਸ਼ੱਦਦ
ਇਹ ਤਸਵੀਰਾਂ ਸੀਐੱਮ ਸੀਟੀ ਸੰਗਰੂਰ ਦੀਆਂ ਨੇ ਜਿੱਥੇ ਮੁੱਖ ਮੰਤਰੀ ਮਾਨ ਦੀ ਕੋਠੀ ਅੱਗੇ ਕੰਪਿਊਟਰ ਟੀਚਰ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇਣੇ ਪਹੁੰਚੇ ਪਰ ਉਨ੍ਹਾਂ ਦੀ ਗੱਲ ਸੁਣਨੀ ਤਾਂ ਦੂਰ ਉਨ੍ਹਾਂ 'ਤੇ ਤਸ਼ੱਦਦ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲ ਕਰਦੇ ਟੀਚਰ ਆਗੂਆਂ ਨੇ ਦੱਸਿਆ ਕਿ ਸਾਡੀਆਂ ਮੰਗਾਂ ਕਈ ਸਾਲ਼ਾਂ ਤੋਂ ਲਟਕਦੀਆਂ ਆ ਰਹੀਆਂ ਹਨ। ਸਰਕਾਰਾਂ ਆਉਂਦੀਆਂ ਨੇ ਅਤੇ ਜਾਂਦੀਆਂ ਨੇ ਪਰ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੰਦਾ। ਉਨ੍ਹਾਂ ਆਖਿਆ ਕਿ ਸਾਨੂੰ ਮੀਟਿੰਗ ਦਾ ਸੱਦਾ ਦਾ ਜਰੂਰ ਦਿੱਤਾ ਜਾਂਦਾ ਹੈ ਪਰ ਮੀਟਿੰਗਾਂ ਦਾ ਕੋਈ ਵੀ ਸਿੱਟਾ ਨਹੀਂ ਨਿਕਲ ਰਿਹਾ। ਇਸ ਤੋਂ ਦੁਖੀ ਹੋ ਕੇ ਅੱਜ ਅਸੀਂ ਸੀਐਮ ਦੀ ਕੋਠੀ ਮੂਹਰੇ ਧਰਨਾ ਦੇਣ ਲਈ ਮਜ਼ਬੂਰ ਹੋਏ ਹਾਂ।
'ਸੱਤਾ ਚ ਆਉਣ ਤੋਂ ਪਹਿਲਾਂ ਕੀਤੇ ਸੀ ਵੱਡੇ-ਵੱਡੇ ਵਾਅਦੇ'
ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਆਖਿਆ ਕਿ ਜਦੋਂ ਆਮ ਆਦਮੀ ਪਾਰਟੀ ਸੱਤਾ ਨਹੀਂ ਆਈ ਸੀ ਤਾਂ ਉਦੋਂ ਸਾਡੇ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਕਿ ਅਸੀਂ ਅਧਿਆਪਕਾਂ ਦਾ ਬਣਦਾ ਮਾਣ-ਸਨਮਾਣ ਕਰਾਂਗੇ। ਕਿਸੇ ਦੀ ਪੱਗ ਨਹੀਂ ਲੱਥੇਗੀ ਅਤੇ ਧੀਆਂ-ਭੈਣਾਂ ਦੀਆਂ ਇੱਜ਼ਤਾਂ ਸੜਕਾਂ 'ਤੇ ਨਹੀਂ ਰੁਲਣਗੀਆਂ। ਉਨਾਂ ਆਖਿਆ ਕਿ ਸਰਕਾਰ ਭਾਵੇਂ ਬਦਲ ਗਈ ਪਰ ਸਾਡੇ ਹਾਲਾਤ ਨਹੀਂ ਬਦਲੇ ਅੱਜ ਵੀ ਸਾਡੀਆਂ ਚੰਨੀਆਂ ਅਤੇ ਪੱਗਾਂ ਸੜਕਾਂ 'ਤੇ ਹੀ ਰੁਲ ਰਹੀਆਂ ਹਨ। ਅੱਜ ਵੀ ਅਧਿਆਪਕ ਸੜਕਾਂ 'ਤੇ ਹੀ ਬੈਠਣ ਨੂੰ ਮਜ਼ਬੂਰ ਹਨ।
'ਸਾਡੇ ਬਾਰੇ ਕਹਿ ਦਿੰਦੇ ਨੇ ਸਾਡੇ ਕੋਲ ਫੰਡ ਨਹੀਂ'
ਪੱਤਰਕਾਰ ਨਾਲ ਗੱਲ ਕਰਦੇ ਹੋਏ ਅਧਿਆਪਕ ਆਗੂ ਨੇ ਦੱਸਿਆ ਕਿ ਸਰਕਾਰ ਤੋਂ ਸਾਡੀਆਂ ਸਿਰਫ ਆ ਹੀ ਮੰਗਾਂ ਹਨ ਕਿ ਜੋ ਸਰਕਾਰੀ ਮੁਲਾਜ਼ਮਾਂ ਨੂੰ ਭੱਤਾ ਮਿਲਦਾ ਹੈ, ਉਹੀ ਸਾਨੂੰ ਕੰਪਿਊਟਰ ਟੀਚਰਾਂ ਨੂੰ ਵੀ ਮਿਲਣਾ ਚਾਹੀਦਾ ਪਰ ਜਦੋਂ ਸਰਕਾਰ ਦੇ ਨੁਮਾਇੰਦੇ ਨਾਲ ਗੱਲ ਹੁੰਦੀ ਹੈ ਤਾਂ ਉਹ ਆਖ ਦਿੰਦੇ ਹਨ ਕਿ ਸਾਡੇ ਕੋਲ ਫੰਡ ਨਹੀਂ। ਅਧਿਆਪਕਾਂ ਨੇ ਸਰਕਾਰ ਨੂੰ ਸਵਾਲ ਕਰਦੇ ਪੁੱਛਿਆ ਕੀ ਸਿਰਫ ਕੰਪਿਊਟਰ ਟੀਚਰਾਂ ਲਈ ਹੀ ਸਰਕਾਰ ਕੋਲ ਫੰਡ ਨਹੀਂ। ਜਿਸ ਦਾ ੳੇਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਜਾਂਦਾ। ਹੁਣ ਵੇਖਣਾ ਹੋਵੇਗਾ ਕਿ ਕੀ ਅਗਲੇ ਅਧਿਆਪਕ ਦਿਹਾੜੇ ਤੱਕ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਦੇ ਹਾਲਤਾਂ 'ਚ ਕੋਈ ਸੁਧਾਰ ਆਵੇਗਾ ਜਾਂ ਨਹੀਂ।