ਅੰਮ੍ਰਿਤਸਰ:ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਜਿਵੇਂ ਹੀ ਕਾਂਗਰਸ ਦਾ ਹੱਥ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਏ, ਉਸ ਤੋਂ ਬਾਅਦ ਗੁਰਜੀਤ ਸਿੰਘ ਔਜਲਾ ਦੀਆਂ ਵੀ ਪੋਸਟਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਆਈਆਂ ਸਨ। ਜਿਸ ਵਿੱਚ ਗੁਰਜੀਤ ਸਿੰਘ ਔਜਲਾ ਦੇ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋਣ ਨੂੰ ਲੈ ਕੇ ਕਾਫੀ ਚਰਚਾਵਾਂ ਹੁੰਦੀਆਂ ਹੋਈਆਂ ਨਜ਼ਰ ਆਈਆਂ। ਜਿਸ ਤੋਂ ਬਾਅਦ ਹੁਣ ਖੁਦ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਕਿ ਉਹ ਕਦੀ ਵੀ ਕਾਂਗਰਸ ਪਾਰਟੀ ਨੂੰ ਅਲਵਿਦਾ ਨਹੀਂ ਕਹਿਣਗੇ। ਉਹਨਾਂ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੇ ਜਦੋਂ ਕਾਂਗਰਸ ਦਾ ਹੱਥ ਛੱਡਿਆ ਸੀ, ਉਸ ਵੇਲੇ ਉਹਨਾਂ ਨੂੰ ਕਾਫੀ ਦੁੱਖ ਹੋਇਆ ਸੀ ਕਿਉਂਕਿ ਉਹਨਾਂ ਦਾ ਬਿੱਟੂ ਦੇ ਨਾਲ ਕਾਫੀ ਵਧੀਆ ਸੰਬੰਧ ਸਨ।
ਬਿੱਟੂ ਦਾ ਭਾਜਪਾ 'ਚ ਜਾਣ ਦਾ ਦੁੱਖ: ਕਾਬਿਲੇਗੌਰ ਹੈ ਕਿ ਪੰਜਾਬ ਵਿੱਚ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਘਮਾਸਾਨ ਜਾਰੀ ਹੈ ਅਤੇ ਇਸ ਘਮਸਾਨ ਦੇ ਦੌਰਾਨ ਕਈ ਵੱਡੇ ਚਿਹਰੇ ਇੱਕ ਪਾਰਟੀਆਂ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਸ਼ਾਮਿਲ ਹੋ ਰਹੇ ਹਨ। ਉਥੇ ਹੀ ਬੀਤੇ ਦਿਨ ਲੁਧਿਆਣੇ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੱਲੋਂ ਜਿਵੇਂ ਹੀ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਫੁੱਲ ਹੱਥ ਵਿੱਚ ਫੜਿਆ ਤਾਂ ਸਭ ਤੋਂ ਜਿਆਦਾ ਦੁੱਖ ਗੁਰਜੀਤ ਸਿੰਘ ਔਜਲਾ ਨੂੰ ਹੋਇਆ, ਇਹ ਖੁਦ ਗੁਰਜੀਤ ਸਿੰਘ ਔਜਲਾ ਦਾ ਕਹਿਣਾ ਹੈ।
ਕਾਂਗਰਸ ਪਾਰਟੀ ਦਾ ਹੀ ਰਹਾਂਗਾ ਸਿਪਾਹੀ: ਗੁਰਜੀਤ ਸਿੰਘ ਔਜਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਾਫੀ ਦਿਨਾਂ ਤੋਂ ਚਰਚਾਵਾਂ ਚੱਲ ਰਹੀਆਂ ਸਨ ਕਿ ਉਹ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਸਕਦੇ ਹਨ। ਉਹਨਾਂ ਨੇ ਕਿਹਾ ਕਿ ਇਹ ਸਿਰਫ ਅਤੇ ਸਿਰਫ ਅਫਵਾਵਾਂ ਹਨ ਅਤੇ ਇਸ ਉੱਤੇ ਕੋਈ ਵੀ ਸਚਾਈ ਨਹੀਂ ਹੈ। ਉਹਨਾਂ ਨੇ ਕਿਹਾ ਕਿ ਉਹ ਹਮੇਸ਼ਾ ਹੀ ਕਾਂਗਰਸ ਪਾਰਟੀ ਦੇ ਸਿਪਾਹੀ ਹਨ ਅਤੇ ਕਾਂਗਰਸ ਪਾਰਟੀ ਦੇ ਹੀ ਸਿਪਾਹੀ ਰਹਿਣਗੇ।
ਪਾਰਟੀ ਕਿਸੇ ਨੂੰ ਵੀ ਟਿਕਟ ਦੇਵੇ, ਮੈਂ ਨਾਲ ਖੜਾਂਗਾ:ਇਸ ਤੋਂ ਅੱਗੇ ਬੋਲਦਿਆਂ ਗੁਰਜੀਤ ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਕਿਸੇ ਵੀ ਕਾਂਗਰਸੀ ਨੇਤਾ ਨੂੰ ਜਦੋਂ ਟਿਕਟ ਮੈਂਬਰ ਪਾਰਲੀਮੈਂਟ ਦੀ ਦਿੱਤੀ ਜਾਵੇਗੀ, ਉਹ ਉਸ ਨਾਲ ਮੋਢੇ ਨਾਲ ਮੋਢਾ ਲਾ ਕੇ ਜ਼ਰੂਰ ਖੜੇ ਹੁੰਦੇ ਤੁਹਾਨੂੰ ਨਜ਼ਰ ਆਉਣਗੇ। ਉਥੇ ਹੀ ਰਵਨੀਤ ਸਿੰਘ ਬਿੱਟੂ ਉੱਤੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕਾਫੀ ਵਧੀਆ ਸੰਬੰਧ ਰਵਨੀਤ ਸਿੰਘ ਬਿੱਟੂ ਦੇ ਨਾਲ ਸਨ, ਜਦੋਂ ਉਹ ਕਾਂਗਰਸ ਨੂੰ ਛੱਡ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਤਾਂ ਇਸ ਦਾ ਸਭ ਤੋਂ ਜਿਆਦਾ ਦੁੱਖ ਉਹਨਾਂ ਨੂੰ ਹੈ, ਕਿਉਂਕਿ ਸਭ ਤੋਂ ਜਿਆਦਾ ਸਮਾਂ ਉਹਨਾਂ ਵੱਲੋਂ ਰਵਨੀਤ ਸਿੰਘ ਬਿੱਟੂ ਅਤੇ ਹੋਰ ਮੈਂਬਰ ਪਾਰਲੀਮੈਂਟ ਵੱਲੋਂ ਦਿੱਲੀ ਵਿੱਚ ਬਹਿ ਕੇ ਪ੍ਰਦਰਸ਼ਨ ਕੀਤਾ ਗਿਆ ਸੀ। ਉਥੇ ਹੀ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਉਹ ਜ਼ਿੰਦਗੀ ਭਰ ਕਾਂਗਰਸ ਵਿੱਚ ਹੀ ਆਪਣਾ ਸਮਾਂ ਬਿਤਾਉਣਗੇ।
ਔਜਲਾ ਨੇ ਦੂਰ ਕੀਤੀਆਂ ਅਟਕਲਾਂ:ਗੌਰਤਲਬ ਹੈ ਕਿ ਬੀਤੇ ਕੁਝ ਦਿਨਾਂ ਤੋਂ ਗੁਰਜੀਤ ਸਿੰਘ ਔਜਲਾ ਦੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਸਨ ਅਤੇ ਇਸ ਕਿਆਸਰਾਈਆਂ ਨੂੰ ਲੈ ਕੇ ਹੁਣ ਗੁਰਜੀਤ ਸਿੰਘ ਔਜਲਾ ਵਲੋਂ ਖੁਦ ਹੀ ਸੱਪਸ਼ਟੀਕਰਨ ਦਿੱਤਾ ਗਿਆ ਹੈ ਅਤੇ ਉਹਨਾਂ ਵੱਲੋਂ ਸਿਰਫ ਕਾਂਗਰਸ ਦਾ ਸਿਪਾਹੀ ਹੋਣ ਦੀ ਗੱਲ ਕਹੀ ਗਈ ਹੈ। ਗੁਰਜੀਤ ਸਿੰਘ ਔਜਲਾ ਨੇ ਆਪਣੀ ਪ੍ਰੈਸ ਕਾਨਫਰੰਸ ਤੋਂ ਬਾਅਦ ਇਹਨਾਂ ਸਾਰੀਆਂ ਅਟਕਲਾਵਾਂ ਨੂੰ ਦੂਰ ਕਰ ਦਿੱਤਾ ਹੈ।