ਬਰਨਾਲਾ:ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀਆ ਜ਼ਿਮਨੀ ਚੋਣਾਂ ਵਿੱਚ ਅੱਜ (20 ਅਕਤੂਬਰ) ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਬਰਨਾਲਾ ਵਿੱਚ ਪਾਰਟੀ ਨੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਕਰੀਬੀ ਸਾਥੀ ਹਰਿੰਦਰ ਸਿੰਘ ਧਾਲੀਵਾਲ ਨੂੰ ਉਮੀਦਵਾਰ ਬਣਾਇਆ ਹੈ। ਜਿਸਦਾ ਪਾਰਟੀ ਅੰਦਰ ਵਿਰੋਧ ਸ਼ੁਰੂ ਹੋ ਗਿਆ ਹੈ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਇਸ ਸੰਬੰਧੀ ਇੱਕ ਵੀਡੀਓ ਆਪਣੇ ਫ਼ੇਸਬੁੱਕ ਅਕਾਊਂਟ 'ਤੇ ਸ਼ੇਅਰ ਕਰਕੇ ਇਸਦਾ ਵਿਰੋਧ ਕੀਤਾ ਹੈ।
ਪੁਰਾਣੇ ਪਾਰਟੀ ਦੇ ਵਰਕਰਾਂ ਨੂੰ ਕੀਤਾ ਜਾ ਰਿਹਾ ਹੈ ਅਣਗੌਲੇ
ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਪਾਰਟੀ ਵੱਲੋਂ ਅੱਜ ਪਾਰਟੀ ਨੇ ਅੱਠ ਦਸ ਸਾਲ ਪੁਰਾਣੇ ਪਾਰਟੀ ਦੇ ਵਰਕਰਾਂ ਨੂੰ ਅਣਗੌਲਿਆਂ ਕਰਕੇ ਪਰਿਵਾਰਵਾਦ ਸ਼ੁਰੂ ਕਰ ਲਿਆ ਹੈ। ਚੱਬੇਵਾਲ ਵਿਖੇ ਮੈਂਬਰ ਪਾਰਲੀਮੈਂਟ ਦੇ ਪੁੱਤਰ ਨੂੰ ਟਿਕਟ ਦਿੱਤੀ ਗਈ ਹੈ। ਜਦਕਿ ਬਰਨਾਲਾ ਵਿਖੇ ਸੰਸਦ ਮੈਂਬਰ ਦੇ ਮਾਸੀ ਦੇ ਮੁੰਡੇ ਨੂੰ ਟਿਕਟ ਦਿੱਤੀ ਗਈ ਹੈ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਉਹ ਜਲਦ ਇਸ ਸੰਬੰਧੀ ਕੋਈ ਵੱਡਾ ਫ਼ੈਸਲਾ ਲੈਣਗੇ। ਉਨ੍ਹਾਂ ਨੇ ਬਰਨਾਲਾ ਹਲਕੇ ਦੇ ਵੋਟਰਾਂ ਅਤੇ ਪਾਰਟੀ ਨਾਲ ਜੁੜੇ ਸਾਥੀਆਂ ਨੂੰ ਜਲਦ ਇਕਜੁੱਟ ਹੋ ਕੇ ਜਲਦ ਫ਼ੈਸਲਾ ਲੈਣ ਦਾ ਐਲਾਨ ਕੀਤਾ ਅਤੇ ਸਭ ਨੂੰ ਤਕੜਾ ਰਹਿਣ ਲਈ ਵੀ ਕਿਹਾ।
ਦੋ ਧੜਿਆਂ ਵਿੱਚ ਵੰਡੀ ਗਈ 'ਆਪ' ਪਾਰਟੀ (ETV Bharat (ਪੱਤਰਕਾਰ, ਬਰਨਾਲਾ)) ਟਿਕਟ ਦਾ ਵੱਡਾ ਦਾਅਵੇਦਾਰ ਸੀ ਗੁਰਦੀਪ ਸਿੰਘ ਬਾਠ
ਜ਼ਿਕਰਯੋਗ ਹੈ ਕਿ ਬਰਨਾਲਾ ਵਿਧਾਨ ਸਭਾ ਸੀਟ ਤੋਂ ਗੁਰਦੀਪ ਸਿੰਘ ਬਾਠ ਟਿਕਟ ਦਾ ਵੱਡਾ ਦਾਅਵੇਦਾਰ ਸੀ। ਪਾਰਟੀ ਦੇ ਟਕਸਾਲੀ ਦੇ ਵਰਕਰਾਂ ਵਲੋਂ ਵੀ ਗੁਰਦੀਪ ਸਿੰਘ ਬਾਠ ਨੂੰ ਉਮੀਦਵਾਰ ਬਣਾਏ ਜਾਣ ਦੀ ਮੰਗ ਕੀਤੀ ਜਾ ਰਹੀ ਸੀ। ਗੁਰਦੀਪ ਸਿੰਘ ਬਾਠ ਵਲੋਂ ਸੰਗਰੂਰ ਲੋਕ ਸਭਾ ਚੋਣ ਮੌਕੇ ਵੀ ਟਿਕਟ ਲਈ ਦਾਅਵੇਦਾਰੀ ਜਤਾਈ ਗਈ ਸੀ। ਪਰ ਉਸ ਵੇਲੇ ਬਰਨਾਲਾ ਦੇ ਵਿਧਾਇਕ ਮੀਤ ਹੇਅਰ ਨੂੰ ਟਿਕਟ ਦੇ ਦਿੱਤੀ ਗਈ, ਜੋ ਚੋਣ ਜਿੱਤ ਕੇ ਸੰਸਦ ਮੈਂਬਰ ਬਣ ਗਏ। ਇਸ ਤੋਂ ਬਾਅਦ ਬਰਨਾਲਾ ਵਿਧਾਨ ਸਭਾ ਦੀ ਸੀਟ ਖਾਲੀ ਹੋ ਗਈ ਸੀ। ਜਿਸ ਕਰਕੇ ਇਹ ਅੰਦਾਜ਼ਾਂ ਲਗਾਇਆ ਜਾ ਰਿਹਾ ਸੀ ਕਿ ਜ਼ਿਮਨੀ ਚੋਣਾਂ ਵਿੱਚ ਗੁਰਦੀਪ ਸਿੰਘ ਬਾਠ ਨੂੰ ਪਾਰਟੀ ਉਮੀਦਵਾਰ ਬਣਾਵੇਗੀ। ਗੁਰਦੀਪ ਬਾਠ ਵਲੋਂ ਸ਼ਰੇਆਮ ਟਿਕਟ ਦਾ ਵਿਰੋਧ ਕੀਤੇ ਜਾਣ ਨਾਲ ਆਮ ਆਦਮੀ ਪਾਰਟੀ ਹਲਕੇ ਵਿੱਚ ਦੋ ਧੜਿਆਂ ਵਿੱਚ ਵੰਡੀ ਗਈ ਹੈ। ਜਿਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਵਿੱਚ ਵੱਡਾ ਖਿਲਾਰਾ ਪੈਣ ਦਾ ਆਸਾਰ ਬਣ ਗਏ ਹਨ।