ਪਠਾਨਕੋਟ: ਲਗਾਤਾਰ ਵੱਧ ਰਹੀ ਮਹਿੰਗਾਈ ਦਾ ਅਸਰ ਹੁਣ ਤਿਉਹਾਰਾਂ 'ਤੇ ਵੀ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ। ਇੱਕ ਸਮਾਂ ਉਹ ਵੀ ਸੀ ਜਦੋਂ ਰਾਮਲੀਲਾ ਕਰਨ ਵਾਲੀਆਂ ਸੰਸਥਾਵਾਂ ਵੱਲੋਂ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਇਸ ਤਿਉਹਾਰ ਮੌਕੇ ਫੂਕੇ ਜਾਂਦੇ ਸਨ, ਹੁਣ ਜਿਵੇਂ-ਜਿਵੇਂ ਮਹਿੰਗਾਈ ਵਧਦੀ ਗਈ ਤਾਂ 3 ਪੁਤਲਿਆਂ ਦੀ ਥਾਂ 'ਤੇ ਹੁਣ ਸੰਸਥਾਵਾਂ ਵੱਲੋਂ ਇਕੱਲੇ ਰਾਵਣ ਦਾ ਪੁਤਲਾ ਫੂਕਣਾ ਸ਼ੁਰੂ ਕਰ ਦਿੱਤਾ ਗਿਆ ਹੈ।
ਰਾਵਣ ਦੇ ਪੁਤਲੇ 'ਤੇ ਮਹਿੰਗਾਈ ਦੀ ਮਾਰ (ETV Bharat (ਪੱਤਰਕਾਰ , ਪਠਾਨਕੋਟ)) ਰਾਮਲੀਲਾ ਕਰਨ ਵਾਲੀਆਂ ਸੰਸਥਾਵਾਂ ਦਾ ਬਜਟ ਵੀ ਵਿਗੜਿਆ
ਦੱਸ ਦੇਈਏ ਕਿ ਪੂਰੇ ਭਾਰਤ ਵਿੱਚ ਜਿਹੜਾ ਰਾਵਣ ਦਾ ਪੁਤਲਾ 25 ਫੁੱਟ ਦਾ ਫੂਕਿਆ ਜਾਂਦਾ ਸੀ, ਹੁਣ ਮਹਿੰਗਾਈ ਵਧਣਕਾਰਨ ਉਹ 12 ਤੋਂ 15 ਫੁੱਟ ਦਾ ਹੀ ਰਹਿ ਗਿਆ ਹੈ ਜਿਸ ਨਾਲ ਕਾਰੀਗਰਾਂ ਦਾ ਤਾਂ ਨੁਕਸਾਨ ਹੋ ਹੀ ਰਿਹਾ ਹੈ। ਉੱਥੇ ਪਠਾਨਕੋਟ ਵਿੱਚ ਇਸ ਮਹਿੰਗਾਈ ਨੇ ਰਾਮਲੀਲਾ ਕਰਨ ਵਾਲੀਆਂ ਸੰਸਥਾਵਾਂ ਦਾ ਬਜਟ ਵੀ ਵਿਗਾੜ ਕੇ ਰੱਖ ਦਿੱਤਾ ਹੈ। ਇੰਨਾ ਹੀ ਨਹੀਂ, ਸਗੋਂ ਰਾਮਲੀਲਾ ਵਿੱਚ ਇਸਤੇਮਾਲ ਹੋਣ ਵਾਲਾ ਹੋਰ ਵੀ ਸਾਮਾਨ ਮਹਿੰਗਾ ਹੋ ਗਿਆ ਹੈ ਜਿਸ ਕਾਰਨ ਰਾਮਲੀਲਾ ਕਰਨ ਵਾਲਿਆਂ ਨੂੰ ਵੀ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਬੁੱਤ ਬਣਾਉਣ ਦੀ ਗਿਣਤੀ ਲਗਾਤਾਰ ਘੱਟਦੀ ਜਾ ਰਹੀ
ਇਸ ਸਬੰਧੀ ਜਦੋਂ ਇਸ ਕੰਮ ਨਾਲ ਜੁੜੇ ਕਾਰੀਗਰਾਂ ਦੇ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਹੈ। ਹਰ ਸਾਲ ਜਿਵੇ-ਜਿਵੇਂ ਮਹਿੰਗਾਈ ਵੱਧ ਰਹੀ ਹੈ, ਉਨ੍ਹਾਂ ਦਾ ਕੰਮ ਘੱਟ ਰਿਹਾ ਹੈ। ਉਨ੍ਹਾਂ ਨੇ ਕਿਹਾ ਇਸ ਕੰਮ ਵਿਚ ਬੁੱਤ ਬਣਾਉਣ ਦੀ ਗਿਣਤੀ ਲਗਾਤਾਰ ਘੱਟਦੀ ਜਾ ਰਹੀ ਹੈ। ਪਹਿਲਾਂ ਲੋਕ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਬੁੱਤ ਬਣਵਾਉਂਦੇ ਸਨ, ਪਰ ਹੁਣ ਜਿਆਦਾਤਰ ਸੰਸਥਾਵਾਂ ਵਲੋਂ ਇਕੱਲੇ ਰਾਵਣ ਦਾ ਬੁੱਤ ਬਣਵਾਇਆ ਜਾਂਦਾ ਹੈ, ਜੋ ਰਾਵਣ ਦਾ ਬੁੱਤ ਉਸ ਵਿੱਚ ਇਨ੍ਹਾਂ ਦਿਨੀ ਵੱਡੀ ਕਟੌਤੀ ਵੇਖਣ ਨੂੰ ਮਿਲੀ ਹੈ। ਜਿੱਥੇ ਲੋਕ ਪਹਿਲਾਂ 25 ਫੁੱਟ ਦਾ ਬੁੱਤ ਬਣਵਾਉਂਦੇ ਸਨ, ਉੱਥੇ ਹੀ ਹੁਣ ਉਹ ਬੁੱਤ 12 ਤੋਂ 15 ਫੁੱਟ ਦਾ ਰਹਿ ਗਿਆ ਹੈ।
ਤਿਉਹਾਰਾਂ 'ਤੇ ਪਈ ਮਹਿੰਗਾਈ ਦੀ ਮਾਰ
ਦੂਜੇ ਪਾਸੇ, ਜਦ ਰਾਮਲੀਲਾ ਕਰਨ ਵਾਲੀਆਂ ਸੰਸਥਾਵਾਂ ਦੇ ਸੰਚਾਲਕਾਂ ਦੇ ਨਾਲ ਜਦੋ ਗੱਲ ਕੀਤੀ ਗਈ, ਤਾਂ ਉਨ੍ਹਾਂ ਨੇ ਕਿਹਾ ਕਿ ਪਹਿਲੇ ਅਤੇ ਹੁਣ ਦੇ ਸਮੇਂ ਵਿੱਚ ਬਹੁਤ ਫ਼ਰਕ ਹੈ। ਹੁਣ ਮਹਿੰਗਾਈ ਬਹੁਤ ਵਧ ਗਈ ਹੈ।ਪਹਿਲਾਂ ਵਾਲੇ ਸਮੇਂ ਵਿੱਚ ਜੋ ਬਜਟ ਸੀ, ਉਸ ਸਮੇਂ ਵਿੱਚ 25 ਫੁੱਟ ਦਾ ਬੁੱਤ ਆ ਜਾਂਦਾ ਸੀ, ਪਰ ਹੁਣ ਉਸ ਬਜਟ ਵਿੱਚ 12 ਤੋਂ 15 ਫੁੱਟ ਦਾ ਬੁੱਤ ਹੀ ਮਿਲਦਾ ਹੈ। ਰਾਮਲੀਲਾ ਕਰਨ ਵਾਲੀਆਂ ਸੰਸਥਾਵਾਂ ਦੇ ਸੰਚਾਲਕਾਂ ਨੇ ਕਿਹਾ ਕਿ ਇਸ ਤਿਉਹਾਰ ਨੂੰ ਮਨਾਉਣ ਲਈ ਇਕੱਲੇ ਦੁਸ਼ਹਿਰੇ 'ਤੇ ਹੀ ਪੁਤਲਾ ਨਹੀਂ ਫੂਕਿਆ ਜਾਂਦਾ,ਸਗੋਂ ਉਸ ਤੋਂ ਪਹਿਲਾਂ ਰਾਮਲੀਲਾ ਦਾ ਵੀ ਮੰਚਨ ਕੀਤਾ ਜਾਂਦਾ ਹੈ। ਉਸ ਸਮੇਂ ਰਾਮਲੀਲਾ ਲਈ ਜੋ ਸਮਾਨ ਲਿਆਂਦਾ ਜਾਂਦਾ ਹੈ, ਉਹ ਬਹੁਤ ਮਹਿੰਗਾ ਆਉਂਦਾ ਹੈ।ਇਸ ਕਾਰਨ ਸਮਾਨ ਲਿਆਉਣ ਵਿੱਚ ਉਨ੍ਹਾਂ ਦਾ ਵੱਡੇ ਬਜਟ ਖਰਚ ਹੋ ਜਾਂਦਾ ਹੈ। ਇਹੀ ਵਜ੍ਹਾਂ ਹੈ ਕਿ ਅੱਜ ਮਹਿੰਗਾਈ ਦੀ ਮਾਰ ਆਮ ਲੋਕਾਂ ਦੇ ਨਾਲ-ਨਾਲ ਤਿਉਹਾਰਾਂ 'ਤੇ ਵੀ ਪੈਂਦੀ ਹੋਈ ਦਿਖਾਈ ਦੇ ਰਹੀ ਹੈ। ਇਸ ਕਾਰਨ ਹੁਣ ਉਨ੍ਹਾਂ ਨੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਦੀ ਜਗ੍ਹਾ ਸਿਰਫ ਰਾਵਣ ਦਾ ਹੀ ਪੁਤਲਾ ਫੂਕਿਆ ਜਾਂਦਾ ਹੈ।