ਕਪੂਰਥਲਾ:ਸੁਲਤਾਨਪੁਰ ਲੋਧੀ ਇਲਾਕੇ ਦੇ ਇੱਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵੱਲੋਂ ਦੋ ਨਾਬਾਲਗ ਭੈਣਾਂ ਨਾਲ ਵੱਖ-ਵੱਖ ਸਮੇਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਦੋਵੇਂ ਮਾਸੂਮ ਬੱਚੀਆਂ ਦੀਆਂ ਫੋਟੋਆਂ ਵਟਸਐਪ 'ਤੇ ਵਾਇਰਲ ਕਰ ਦਿੱਤੀਆਂ। ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਮੁਲਜ਼ਮ ਗ੍ਰੰਥੀ ਸਿੰਘ ਖਿਲਾਫ ਪੋਕਸੋ-ਆਈਟੀ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਸਾਬਕਾ ਗ੍ਰੰਥੀ ਸਿੰਘ ਨੇ ਕੀਤਾ ਵੱਡਾ ਕਾਰਾ, ਫੋਟੋਆਂ ਵਟਸਐਪ 'ਤੇ ਵਾਇਰਲ, ਹਰ ਕੋਈ ਪਾ ਰਿਹਾ ਲਾਹਨਤਾਂ - former Granthi Singh
ਕਪੂਰਥਲਾ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ 'ਚ ਰਿਸ਼ਤੇ, ਇਨਸਾਨੀਅਤ ਅਤੇ ਸਾਬਕਾ ਗ੍ਰੰਥੀ ਸਿੰਘ ਨੇ ਆਪਣੇ ਰੁਤਬੇ ਦੀਆਂ ਧੱਜੀਆਂ ਉੱਡਵਾ ਲਈਆਂ ਹਨ। ਕੀ ਹੈ ਪੂਰਾ ਮਾਮਲਾ ਪੜ੍ਹੋ ਪੂਰੀ ਖ਼ਬਰ...
Published : Jan 24, 2024, 12:50 PM IST
ਬਹਾਨੇ ਨਾਲ ਕੀਤਾ ਰੇਪ: ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਇਕ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਖੇਤੀ ਕਰਦਾ ਹੈ। ਉਸ ਦੀਆਂ 16 ਅਤੇ 14 ਸਾਲ ਦੀਆਂ ਦੋ ਧੀਆਂ ਅਤੇ 10 ਸਾਲ ਦਾ ਇੱਕ ਪੁੱਤਰ ਹੈ। ਪੀੜਤ ਨੇ ਦੱਸਿਆ ਕਿ ਸਾਡੇ ਘਰ ਗ੍ਰੰਥੀ ਸਿੰਘ ਆਇਆ ਤੇ ਉਸ ਨੇ ਕਿਹਾ ਕਿ ਹੜ੍ਹ ਕਾਰਨ ਪ੍ਰਭਾਵਿਤ ਹੋਈਆਂ ਲੜਕੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਮੁਆਵਜ਼ਾ ਦਿਵਾਉਣ ਦੇ ਬਹਾਨੇ ਉਹ ਸਾਡੀਆਂ ਲੜਕੀਆਂ ਨੂੰ ਸੁਲਤਾਨਪੁਰ ਲੋਧੀ ਦੇ ਕਿਸੇ ਕਮਰੇ ਵਿੱਚ ਲੈ ਜਾਂਦਾ ਸੀ ਅਤੇ ਉਥੇ ਕੁਝ ਫਾਰਮਾਂ 'ਤੇ ਦਸਤਖਤ ਕਰਵਾ ਲੈਂਦਾ ਸੀ। ਉਹਨਾਂ ਨੇ ਦੱਸਿਆ ਕਿ ਇਹ ਸਭ ਕੁਝ ਉਹਨਾਂ ਦੀਆਂ ਧੀਆਂ ਨੇ ਉਦੋਂ ਦੱਸਿਆ ਜਦੋਂ ਉਹ ਡਰਨ ਲੱਗੀਆਂ ਸਨ। ਔਰਤ ਨੇ ਦੱਸਿਆ ਕਿ ਉਸ ਦੀ 14 ਸਾਲਾ ਛੋਟੀ ਧੀ ਨੇ ਦੱਸਿਆ ਕਿ ਅਕਤੂਬਰ ਮਹੀਨੇ 'ਚ ਮੁਲਜ਼ਮ ਪ੍ਰਗਟ ਸਿੰਘ ਉਸ ਨੂੰ ਦਿਨ ਵੇਲੇ ਆਪਣੇ ਕਮਰੇ 'ਚ ਲੈ ਗਿਆ, ਕੋਲਡ ਡਰਿੰਕ 'ਚ ਨਸ਼ੀਲਾ ਪਦਾਰਥ ਮਿਲਾਕੇ ਉਸ ਨੂੰ ਪਿਆ ਦਿੱਤਾ ਤੇ ਉਸ ਦੀ ਮਰਜ਼ੀ ਦੇ ਖਿਲਾਫ ਉਸ ਨਾਲ ਬਲਾਤਕਾਰ ਕੀਤਾ, ਉਸਤੋਂ ਬਾਅਦ ਜਦੋਂ ਲੜਕੀ ਨੂੰ ਹੋਸ਼ ਆਈ ਤਾਂ ਮੁਲਜ਼ਮ ਨੇ ਪੀੜਤਾ ਨੂੰ ਧਮਕੀ ਦਿੱਤੀ ਕਿ ਜੇਕਰ ਉਸਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸਦੇ ਪੂਰੇ ਪਰਿਵਾਰ ਨੂੰ ਮਾਰ ਦੇਵੇਗਾ।
ਮੁਲਜ਼ਮ ਗ੍ਰਿਫ਼ਤਾਰ: ਨਵੰਬਰ ਮਹੀਨੇ 'ਚ ਪਰਗਟ ਸਿੰਘ ਫਿਰ ਉਸ ਦੀ ਛੋਟੀ ਧੀ ਨੂੰ ਸ਼ਹਿਰ ਦੇ ਇੱਕ ਕਮਰੇ 'ਚ ਲੈ ਗਿਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਫਿਰ ਪਹਿਲਾਂ ਵਾਲੀ ਧਮਕੀ ਨੂੰ ਦੁਹਰਾਇਆ। ਪੀੜਤਾ ਨੇ ਦੱਸਿਆ ਕਿ ਉਸ ਦੀ 16 ਸਾਲਾ ਵੱਡੀ ਧੀ ਨੇ ਡਰਦੇ ਮਾਰੇ ਦੱਸਿਆ ਕਿ ਜਨਵਰੀ ਮਹੀਨੇ ਵਿੱਚ ਪਰਗਟ ਸਿੰਘ ਉਸ ਨੂੰ ਸੁਲਤਾਨਪੁਰ ਲੋਧੀ ਸ਼ਹਿਰ ਦੇ ਗੁਰਦੁਆਰਾ ਸਾਹਿਬ ਨੇੜੇ ਇੱਕ ਕਮਰੇ ਵਿੱਚ ਲੈ ਗਿਆ ਸੀ, ਜਿੱਥੇ ਉਹ ਉਸ ਨੂੰ ਫਾਰਮਾਂ 'ਤੇ ਦਸਤਖਤ ਕਰਵਾਉਣ ਲਈ ਲੈ ਗਿਆ। ਜਿੱਥੇ ਉਸ ਨੇ ਪੀੜਤਾ ਨਾਲ ਛੇੜਛਾੜ ਕੀਤੀ ਅਤੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਕਿਸੇ ਤਰ੍ਹਾਂ ਉਥੋਂ ਭੱਜ ਗਈ। ਇਸ ’ਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਪੋਕਸੋ, ਆਈਟੀ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਗ੍ਰੰਥੀ ਪ੍ਰਗਟ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।