ਬਠਿੰਡਾ:ਦੇਸ਼ ਨੂੰ ਆਜ਼ਾਦ ਹੋਏ ਕਰੀਬ 75 ਸਾਲ ਦਾ ਸਮਾਂ ਹੋ ਚੁੱਕਿਆ ਹੈ ਪਰ ਪੰਜਾਬ ਦਾ ਇੱਕ ਅਜਿਹਾ ਪਿੰਡ ਜੋ ਮੁਢਲੀਆਂ ਸਹੂਲਤਾਂ ਤੋਂ ਵਾਂਝਾ ਹੈ ਅਤੇ ਅੱਜ ਵੀ ਵਿਕਾਸ ਕਾਰਜਾਂ ਨੂੰ ਲੈ ਕੇ ਸੰਘਰਸ਼ ਦੇ ਰਾਹ ਪਿਆ ਹੋਇਆ। ਬਠਿੰਡੇ ਜ਼ਿਲ੍ਹੇ ਦਾ ਪਿੰਡ ਰਾਮਗੜ੍ਹ ਭੂੰਦੜ ਦੇ ਵਾਸੀਆਂ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਸਬੰਧੀ ਬਕਾਇਦਾ ਪਿੰਡ ਵਿੱਚ ਵੱਡੀਆਂ ਵੱਡੀਆਂ ਫਲੈਕਸਾਂ ਲਗਾ ਕੇ ਸਿਆਸੀ ਲੋਕਾਂ ਦੇ ਨਾਲ-ਨਾਲ ਆਜ਼ਾਦ ਉਮੀਦਵਾਰਾਂ ਅਤੇ 2024 ਦੇ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦਾ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ।
ਨਰਕ ਭਰੀ ਜੀਅ ਰਹੇ ਜ਼ਿੰਦਗੀ: ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਭਾਵੇਂ ਦੇਸ਼ ਆਜ਼ਾਦ ਹੋਏ ਨੂੰ 75 ਸਾਲ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ ਹੈ ਪਰ ਅੱਜ ਵੀ ਉਹ ਨਰਕ ਭਰੀ ਜ਼ਿੰਦਗੀ ਬਿਤਾਉਣ ਲਈ ਮਜਬੂਰ ਹਨ, ਕਿਉਂਕਿ ਉਹਨਾਂ ਦੇ ਪਿੰਡ ਵਿਚਕਾਰ ਬਣੇ ਗੰਦੇ ਟੋਬੇ ਨੇ ਸਾਰੇ ਪਿੰਡ ਦਾ ਜੀਣਾ ਮੁਹਾਲ ਕੀਤਾ ਹੋਇਆ ਅਤੇ ਇਸ ਟੋਬੇ ਵਿੱਚੋਂ ਆਉਣ ਵਾਲੀ ਗੰਦੀ ਬਦਬੋ ਕਾਰਨ ਸਾਰੇ ਪਿੰਡ ਵਾਸੀ ਪਰੇਸ਼ਾਨ ਹਨ। ਇਸ ਦੇ ਨਾਲ ਹੀ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਪੀਣ ਦੇ ਸਾਫ ਪਾਣੀ ਦਾ ਵੀ ਪ੍ਰਬੰਧ ਦੂਰੋਂ ਨੇੜਿਓ ਕਰਨਾ ਪੈਂਦਾ ਹੈ। ਪਿੰਡ ਵਿੱਚ ਵੱਡੀ ਪੱਧਰ 'ਤੇ ਨਸ਼ਾ ਫੈਲਿਆ ਹੋਇਆ ਹੈ।