ਚੰਡੀਗੜ੍ਹ: ਪੰਜਾਬ ਵਿੱਚ ਮੀਂਹ ਨਾ ਪੈਣ ਕਰਕੇ ਤਾਪਮਾਨ ਮੁੜ ਤੋਂ ਵੱਧ ਰਿਹਾ ਹੈ ਜਿਸ ਨਾਲ ਮੌਸਮ ਖੁਸ਼ਕ ਹੋ ਰਿਹਾ ਹੈ। ਹਾਲਾਂਕਿ, ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੀ ਬੂੰਦਾ ਬਾਂਦੀ ਹੋਈ, ਪਰ ਇਸ ਤੋਂ ਬਾਅਦ ਲੋਕਾਂ ਨੂੰ ਚਿਪਚਿਪੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿੱਚ ਲੋਕਾਂ ਨੂੰ ਜਲਦ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। ਦੂਜੇ ਪਾਸੇ, ਮੌਸਮ ਵਿਭਾਗ ਵਲੋਂ ਫਿਲਹਾਲ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਜਿਸ ਦੀ ਚਾਂਸ ਵੀ ਬਹੁਤ ਘੱਟ ਹਨ।
ਮੀਂਹ ਪੈਣ ਦੀ ਕਿੱਥੇ, ਕਿੰਨੀ ਸੰਭਾਵਨਾ ?
ਮੌਸਮ ਵਿਗਿਆਨ ਕੇਂਦਰ (IMD) ਦੇ ਅਨੁਸਾਰ, ਬੀਤੇ ਕੱਲ੍ਹ ਤੋਂ ਹਿਮਾਚਲ ਪ੍ਰਦੇਸ਼ ਦੇ ਕੁਝ ਖੇਤਰਾਂ ਵਿੱਚ ਮੀਂਹ ਪੈ ਰਿਹਾ ਹੈ। ਇਹੀ ਕਾਰਨ ਹੈ ਕਿ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਇਲਾਕਿਆਂ ਤੋਂ ਇਲਾਵਾ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ, ਰੂਪਨਗਰ, ਐਸਏਐਸ ਨਗਰ, ਫਤਿਹਗੜ੍ਹ ਸਾਹਿਬ, ਬਰਨਾਲਾ, ਸੰਗਰੂਰ, ਪਟਿਆਲਾ ਅਤੇ ਮਾਨਸਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, ਪਰ ਇਹ ਸੰਭਾਵਨਾਵਾਂ ਵੀ ਸਿਰਫ 25 ਫੀਸਦੀ ਤੱਕ ਹੀ ਹਨ।