ਬਰਨਾਲਾ:ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵਲੋਂ ਅੱਜ ਬਰਨਾਲਾ ਸਰਕਲ ਵਿੱਚ ਬਿਜਲੀ ਚੋਰੀ ਨੂੰ ਰੋਕਣ ਲਈ ਇੱਕ ਤਿੱਖੀ ਮੁਹਿੰਮ ਚਲਾਈ ਗਈ, ਜਿਸ ਵਿੱਚ 20 ਚੋਰੀ ਦੇ ਕੇਸ ਪਾਏ ਗਏ ਅਤੇ ਡਿਫਾਲਟਰਾਂ ਨੂੰ ਵੱਡਾ ਜ਼ੁਰਮਾਨਾ ਕੀਤਾ ਗਿਆ ਹੈ। ਉਪ ਮੁੱਖ ਇੰਜਨੀਅਰ ਇੰਜ: ਤੇਜ ਬਾਂਸਲ ਅਨੁਸਾਰ ਇਸ ਮੁਹਿੰਮ ਦੌਰਾਨ ਵੱਖ-ਵੱਖ ਟੀਮਾਂ ਵੱਲੋਂ ਕੁੱਲ 1,273 ਬਿਜਲੀ ਕੁਨੈਕਸ਼ਨਾਂ ਦੀ ਚੈਕਿੰਗ ਕੀਤੀ ਗਈ। ਇਨ੍ਹਾਂ ਵਿੱਚੋਂ ਮਲੇਰਕੋਟਲਾ ਵਿੱਚ 915, ਸਿਟੀ ਬਰਨਾਲਾ ਵਿੱਚ 278 ਅਤੇ ਸਬਅਰਬਨ ਬਰਨਾਲਾ ਵਿੱਚ 80 ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ।
20 ਚੋਰੀ ਦੇ ਮਾਮਲੇ ਫੜ੍ਹੇ
ਇਸ ਕਾਰਵਾਈ ਦੌਰਾਨ ਚੋਰੀ ਦੇ 20 ਮਾਮਲਿਆਂ ਦਾ ਪਤਾ ਲਗਾਇਆ ਗਿਆ, ਜਿਸ ਵਿੱਚ ਡਿਫਾਲਟਰਾਂ ਤੋਂ ਕੁੱਲ 6.58 ਲੱਖ ਰੁਪਏ ਵਸੂਲੇ ਗਏ। ਇਸ ਤੋਂ ਇਲਾਵਾ, ਅਣਅਧਿਕਾਰਤ ਬਿਜਲੀ (ਯੂਈ ) ਦੀ ਵਰਤੋਂ ਦੇ ਇੱਕ ਮਾਮਲੇ ਦੀ ਪਛਾਣ ਕੀਤੀ ਗਈ ਸੀ, ਜਿਸ ਦੇ ਨਤੀਜੇ ਵਜੋਂ 40,000 ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ, ਜਦੋਂ ਕਿ ਬਿਜਲੀ ਦੀ ਅਣਅਧਿਕਾਰਤ ਵਰਤੋਂ (UUI) ਦੇ 41 ਮਾਮਲੇ ਪਾਏ ਗਏ ਸਨ, ਜਿਸ ਦੇ ਨਤੀਜੇ ਵਜੋਂ 95,000 ਰੁਪਏ ਦੀ ਰਕਮ ਵਸੂਲੀ ਗਈ।