ਚੰਡੀਗੜ੍ਹ: ਪੰਜਾਬ ਦੇ ਕਵਿਤਾ ਜਗਤ ਵਿੱਚ ਆਪਣੀ ਕਲਾ ਨਾਲ ਵੱਖਰੇ ਮੁਕਾਮ ਹਾਸਿਲ ਕਰਨ ਵਾਲੇ ਮਹਾਨ ਕਵੀ ਸੁਰਜੀਤ ਪਾਤਰ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਨਿਵਾਸ ਸਥਾਨ ਲੁਧਿਆਣਾ ਵਿਖੇ ਹੀ ਆਖਰੀ ਸਾਹ ਲਏ ਹਨ। ਉੱਘੇ ਕਵੀ ਸੁਰਜੀਤ ਪਾਤਰ ਦਾ ਜਨਮ ਅਜ਼ਾਦੀ ਤੋਂ ਪਹਿਲਾਂ 1945 ਵਿੱਚ ਹੋਇਆ ਸੀ। 2012 ਵਿੱਚ ਉਨ੍ਹਾ ਨੂੰ ਪਦਮ ਸ਼੍ਰੀ ਐਵਾਰਡ ਮਿਲਿਆ ਸੀ ਅਤੇ ਪੰਜਾਬੀ ਸਾਹਿਤ ਅਕੈਡਮੀ ਵਰਗੇ ਕਈ ਸਨਮਾਨ ਉਨ੍ਹਾਂ ਨੇ ਹਾਸਿਲ ਕੀਤੇ ਹਨ ।
ਦਿਲ ਦਾ ਦੌਰਾ ਪੈਣ ਕਾਰਣ ਹੋਈ ਮੌਤ:ਦੱਸਿਆ ਜਾ ਰਿਹਾ ਹੈ ਕਿ ਸੁਰਜੀਤ ਪਾਤਰ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਉਹਨਾਂ ਦੀ ਉਮਰ ਲਗਭਗ 79 ਸਾਲ ਦੀ ਸੀ ਉਹਨਾਂ ਨੇ ਆਖਰੀ ਸਾਹ ਲੁਧਿਆਣਾ ਸਥਿਤ ਆਪਣੀ ਰਿਹਾਇਸ਼ ਦੇ ਵਿੱਚ ਹੀ ਲਏ। ਇਸ ਸਬੰਧੀ ਲੁਧਿਆਣਾ ਤੋਂ ਹੀ ਪੰਜਾਬੀ ਦੇ ਲੇਖਕ ਗੁਰਭਜਨ ਗਿੱਲ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਪੁਸ਼ਟੀ ਕੀਤੀ ਹੈ। ਉਹਨਾਂ ਨੇ ਦੱਸਿਆ ਹੈ ਕਿ ਬੀਤੀ ਦੇਰ ਰਾਤ ਉਹਨਾਂ ਨੇ ਅੰਤਿਮ ਸਾਹ ਲਏ ਅਤੇ ਉਹ ਸੁੱਤੇ ਪਏ ਹੀ ਰਹਿ ਗਏ। ਪੰਜਾਬੀ ਸਾਹਿਤ ਅਤੇ ਕਲਾ ਜਗਤ ਨੂੰ ਸੁਰਜੀਤ ਪਾਤਰ ਦੇ ਜਾਣ ਦਾ ਇੱਕ ਵੱਡਾ ਘਾਟਾ ਹੈ। ਗੁਰਭਜਨ ਗਿੱਲ ਬਹੁਤੀ ਗੱਲਬਾਤ ਤਾਂ ਨਹੀਂ ਕਰ ਸਕੇ ਪਰ ਉਹਨਾਂ ਨੇ ਇਹ ਜਰੂਰ ਕਿਹਾ ਕਿ ਉਹ ਠੀਕ ਨਹੀਂ ਹਨ ਪਾਤਰ ਚਲਾ ਗਿਆ..।