ਕਪੂਰਥਲਾ: ਇਟਲੀ ਤੋਂ ਇੱਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸੂਬੇ ਕੰਪਾਨੀਆ ਦੇ ਸ਼ਹਿਰ ਬੱਤੀ ਪਾਲੀਆ (ਸਲੇਰਨੋ) ਨਜ਼ਦੀਕ ਪੈਂਦੇ ਇਲਾਕਾ ਇਬੋਲੀ ਦੇ ਕੰਪੋਲੌਗੋ ਵਿਖੇ ਟਰੈਕਟਰ ਦੇ ਪਿੱਛੇ ਜ਼ਮੀਨ ਨੂੰ ਪੱਧਰਾ ਕਰਦੇ ਸਮੇਂ ਰੂਟਾਵੀਟਰ ਮਸ਼ੀਨ ਨਾਲ ਖੇਤਾਂ ਵਿੱਚ ਕੰਮ ਕਰ ਰਹੇ ਇੱਕ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਮ੍ਰਿਤਕ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਬਲਾਕ ਸੁਲਤਾਨਪੁਰ ਲੋਧੀ ਦੇ ਤਾਸ਼ਪੁਰ ਪਿੰਡ ਦਾ ਨਿਵਾਸੀ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਪਰਿਵਾਰ ਸਮੇਤ ਇਟਲੀ 'ਚ ਰਹਿ ਰਿਹਾ ਹੈ।
ਸ਼ੱਕੀ ਹਲਾਤਾਂ ਵਿੱਚ ਮੌਤ
ਮ੍ਰਿਤਕ ਦੇ ਭਰਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਭਰੇ ਮਨ ਨਾਲ ਦੱਸਿਆ ਕਿ ਪਹਿਲਾਂ ਉਹਨਾਂ ਨੂੰ ਇਟਲੀ ਤੋਂ ਉਸਦੇ ਸਹਿਕਰਮੀਆਂ ਦਾ ਫੋਨ ਆਇਆ ਸੀ ਕਿ ਮਨਜਿੰਦਰ ਸਾਨੂੰ ਨਹੀਂ ਮਿਲ ਰਿਹਾ ਉਸਦਾ ਟਰੈਕਟਰ ਸਟਾਰਟ ਖੜਾ ਹੈ ਪਰ ਕੁਝ ਸਮਾਂ ਬਾਅਦ ਉਹਨਾਂ ਦਾ ਦੁਬਾਰਾ ਫੋਨ ਆਇਆ ਅਤੇ ਉਹਨਾਂ ਨੇ ਦੱਸਿਆ ਕਿ ਰੋਟਾਵੇਟਰ ਵਿੱਚ ਆਉਣ ਕਾਰਨ ਉਸਦੀ ਮੌਤ ਹੋ ਗਈ ਹੈ।