ਚੰਡੀਗੜ੍ਹ: ਭਾਰਤ ਦੇ ਪਹਿਲੇ ਕੱਦਾਵਰ ਸਿੱਖ ਲੀਡਰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਵੀਰਵਾਰ ਰਾਤ ਨੂੰ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਵਿੱਚ ਆਖਰੀ ਸਾਹ ਲਏ। ਆਪਣੀ ਨਿਮਰਤਾ ਅਤੇ ਤੀਖਣ ਬੁੱਧੀ ਲਈ ਜਾਣੇ ਜਾਂਦੇ ਡਾ. ਸਿੰਘ ਨੇ ਭਾਰਤ ਦੇ ਸਿਆਸੀ ਅਤੇ ਆਰਥਿਕ ਦ੍ਰਿਸ਼ਟੀਕੋਣ 'ਤੇ ਹਮੇਸ਼ਾ ਆਪਣੀ ਅਮਿੱਟ ਛਾਪ ਛੱਡੀ। ਡਾ. ਮਨਮੋਹਨ ਸਿੰਘ ਦਾ ਪੰਜਾਬ ਪਹਿਲਾ ਪਿਆਰ ਸੀ। ਉਹ ਪੰਜਾਬ ਵਿੱਚ ਜੰਮੇ ਅਤੇ ਪੰਜਾਬ ਦੀ ਧਰਤੀ ਉੱਤੇ ਹੀ ਉਨ੍ਹਾਂ ਸਿੱਖਿਆ ਲਈ। ਪੰਜਾਬ ਦੀ ਧਰਤੀ ਦੀ ਤਾਕਤ ਹੀ ਸੀ ਜੋ ਉਹ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਬਣੇ।
ਅੰਮ੍ਰਿਤਸਰ ਨਾਲ ਉਨ੍ਹਾਂ ਦਾ 'ਭਾਵਨਾਤਮਕ' ਰਿਸ਼ਤਾ
ਡਾ. ਮਨਮੋਹਨ ਸਿੰਘ ਦਾ ਪੰਜਾਬ ਖਾਸ ਕਰਕੇ ਅੰਮ੍ਰਿਤਸਰ ਨਾਲ ਵਿਸ਼ੇਸ਼ ਅਤੇ ਭਾਵਨਾਤਮਕ ਰਿਸ਼ਤਾ ਸੀ। ਉਨ੍ਹਾਂ ਦਾ ਜਨਮ 26 ਸਤੰਬਰ, 1932 ਨੂੰ ਗਾਹ ਪਿੰਡ, ਪੰਜਾਬ (ਹੁਣ ਪਾਕਿਸਤਾਨ ਵਿੱਚ) ਵਿੱਚ ਹੋਇਆ। ਜਦੋਂ ਉਹ ਮਹਿਜ਼ 14 ਸਾਲ ਦੇ ਸਨ ਤਾਂ ਦੇਸ਼ ਦਾ ਬਟਵਾਰਾ ਹੋ ਗਿਆ ਤੇ ਪੰਜਾਬ ਦੀ ਵੰਡ ਦਾ ਸਦਮਾ ਹਮੇਸ਼ਾ ਉਨ੍ਹਾਂ ਨੇ ਮਹਿਸੂਸ ਕੀਤਾ। ਛੋਟੇ ਹੁੰਦਿਆਂ ਹੀ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਅਤੇ ਉਨ੍ਹਾਂ ਨੂੰ ਦਾਦੀ ਨੇ ਹੀ ਪਾਲਿਆ।
ਬਟਵਾਰੇ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਛੱਡ ਕੇ ਅੰਮ੍ਰਿਤਸਰ ਵਿੱਚ ਵਸ ਗਿਆ ਸੀ। ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਵੀ ਅੰਮ੍ਰਿਤਸਰ ਸ਼ਹਿਰ ਤੋਂ ਹੀ ਹਨ। ਉਨ੍ਹਾਂ ਦੀ ਤਿੰਨ ਧੀਆਂ ਹਨ- ਉਪਿੰਦਰ ਕੌਰ, ਦਮਨ ਕੌਰ ਅਤੇ ਅੰਮ੍ਰਿਤ ਕੌਰ।
ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਅੰਮ੍ਰਿਤਸਰ ਵਿੱਚ ਹੀ ਪੂਰੀ ਕੀਤੀ। 1948 ਵਿੱਚ ਅੰਮ੍ਰਿਤਸਰ ਦੇ ਹਿੰਦੂ ਕਾਲਜ ਤੋਂ ਉਨ੍ਹਾਂ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਸੀ। ਅਰਥ ਸ਼ਾਸਤਰ ਵਿੱਚ ਬੀਏ ਕਰਦਿਆਂ ਉਨ੍ਹਾਂ ਯੂਨੀਵਰਸਿਟੀ ਵਿੱਚ ਟਾਪ ਕੀਤਾ ਸੀ। ਤਕਰੀਬਨ ਸੱਤ ਦਹਾਕੇ ਬਾਅਦ ਸਾਲ 2018 ਵਿੱਚ ਹਿੰਦੂ ਕਾਲਜ ਪਹੁੰਚ ਕੇ ਉਨ੍ਹਾਂ ਆਪਣੇ ਪੁਰਾਣੇ ਪਲ ਯਾਦ ਕਰਦਿਆਂ ਕਿਹਾ ਸੀ ਕਿ, "ਇਸ ਕਾਲਜ ਨੇ ਮੈਨੂੰ ਉਹ ਬਣਾਇਆ ਜੋ ਮੈਂ ਅੱਜ ਹਾਂ।"
ਅੰਮ੍ਰਿਤਸਰ ਵਿੱਚ ਉਨ੍ਹਾਂ ਦੇ ਰਿਸ਼ਤੇਦਾਰੀ ਵਿੱਚ ਲਗਦੇ ਕਈ ਭੈਣ ਭਰਾ ਹੁਣ ਵੀ ਵਸਦੇ ਹਨ ਜਿਨ੍ਹਾਂ ਵਿੱਚ ਛੇ ਭੈਣਾਂ ਅਤੇ ਤਿੰਨ ਭਰਾ ਸੁਰਿੰਦਰ ਸਿੰਘ ਕੋਹਲੀ, ਸੁਰਜੀਤ ਸਿੰਘ ਕੋਹਲੀ ਅਤੇ ਦਲਜੀਤ ਸਿੰਘ ਕੋਹਲੀ ਹਨ। ਸੁਰਜੀਤ ਅਤੇ ਦਲਜੀਤ ਦੋਵੇਂ ਅੰਮ੍ਰਿਤਸਰ ਵਿੱਚ ਕੱਪੜਿਆਂ ਦਾ ਕਾਰੋਬਾਰ ਕਰਦੇ ਹਨ। ਉਨ੍ਹਾਂ ਦੀ ਇੱਕ ਫੈਕਟਰੀ ਵੀ ਹੈ ਜੋ ਆਟੋ ਪਾਰਟਸ ਬਣਾਉਂਦੀ ਹੈ।
ਅੰਮ੍ਰਿਤਸਰ ਸ਼ਹਿਰ ਨਾਲ ਦਿਲੋਂ ਨੇੜਤਾ ਹੋਣ ਕਾਰਨ ਕਾਂਗਰਸ ਨੇ ਉਨ੍ਹਾਂ ਨੂੰ 2009 ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਤੋਂ ਟਿਕਟ ਦੇਣ ਦਾ ਮਨ ਬਣਾਇਆ ਸੀ ਪਰ ਉਨ੍ਹਾਂ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦਿਆਂ ਦੋਵੇਂ ਵਾਰ ਇਨਕਾਰ ਕਰ ਦਿੱਤਾ ਸੀ।
ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਡਾ. ਮਨਮੋਹਨ ਸਿੰਘ ਨੇ ਮਾਰਚ 2006 ਵਿੱਚ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਤੱਕ "ਪੰਜ-ਆਬ" ਬੱਸ ਸੇਵਾ ਨੂੰ ਹਰੀ ਝੰਡੀ ਦਿਖਾਈ ਸੀ, ਜੋ ਸਿੱਖਾਂ ਦੇ ਦੋ ਸਭ ਤੋਂ ਸਤਿਕਾਰਤ ਗੁਰਧਾਮਾਂ ਨੂੰ ਜੋੜਦੀ ਹੈ। ਦੋਵਾਂ ਦੇਸ਼ਾਂ ਵਿਚਾਲੇ ਤਣਾਅਪੂਰਨ ਰਿਸ਼ਤਿਆਂ ਕਾਰਨ ਇਸ ਬੱਸ ਸੇਵਾ ਨੂੰ ਬਾਅਦ ਵਿੱਚ ਬੰਦ ਕਰ ਦਿੱਤਾ ਗਿਆ ਸੀ।
ਡਾ. ਸਿੰਘ ਦੇ ਦਿਲ ਵਿੱਚ ਵਸਦੀ ਸੀ ਪੰਜਾਬ ਯੂਨੀਵਰਸਿਟੀ
ਡਾ. ਮਨਮੋਹਨ ਸਿੰਘ ਦਾ ਪੰਜਾਬ ਯੂਨੀਵਰਸਿਟੀ ਨਾਲ ਵੱਖਰਾ ਹੀ ਰਿਸ਼ਤਾ ਸੀ। ਇੰਝ ਕਹਿ ਲਓ ਕਿ ਪੰਜਾਬ ਯੂਨੀਵਰਸਿਟੀ ਡਾ. ਮਨਮੋਹਨ ਸਿੰਘ ਦੇ ਦਿਲ ਵਿੱਚ ਵਸਦੀ ਸੀ। ਡਾ. ਮਨਮੋਹਨ ਸਿੰਘ ਦੇ ਅਕਾਦਮਿਕ ਸਫ਼ਰ ਵਿੱਚ ਚੰਡੀਗੜ੍ਹ ਦੀ ਵੱਕਾਰੀ ਪੰਜਾਬ ਯੂਨੀਵਰਸਿਟੀ ਦਾ ਵਿਸ਼ੇਸ਼ ਸਥਾਨ ਹੈ ਜਿੱਥੇ ਉਹ ਪੜ੍ਹੇ ਵੀ ਅਤੇ ਉਨ੍ਹਾਂ ਨੇ ਇੱਕ ਪ੍ਰੋਫੈਸਰ ਵਜੋਂ ਵਿਦਿਆਰਥੀਆਂ ਦੀ ਅਗਵਾਈ ਵੀ ਕੀਤੀ।
ਸਾਲ 2018 ਵਿੱਚ ਪੰਜਾਬ ਯੂਨੀਵਰਸਿਟੀ ਦੌਰੇ ਮੌਕੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਜਦੋਂ ਉਹ ਯੂਨੀਵਰਸਿਟੀ ਵਿੱਚ ਪੜ੍ਹਦੇ ਅਤੇ ਪੜ੍ਹਾਉਦੇ ਸਨ ਤਾਂ ਇਹ ਸਮਾਂ, ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਖੁਸ਼ਨੁਮਾ ਸਮਾਂ ਸੀ। ਉਨ੍ਹਾਂ ਨੇ 1957 ਤੋਂ 1966 ਤੱਕ ਇੱਥੇ ਬਤੌਰ ਪ੍ਰੋਫੈਸਰ ਸਮਾਂ ਬਿਤਾਇਆ। ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦੁਰ ਰੀਡਿੰਗ ਹਾਲ ਲਈ ਡਾ. ਸਿੰਘ ਨੇ 3500 ਕਿਤਾਬਾਂ ਵੀ ਦਾਨ ਦਿੱਤੀਆਂ ਸਨ।