ਰਣਜੀਤ ਕਤਲ ਕੇਸ 'ਚ ਕੋਰਟ ਨੇ ਰਾਮ ਰਹੀਮ ਨੂੰ ਕੀਤਾ ਬਰੀ (ਚੰਡੀਗੜ੍ਹ ਰਿਪੋਟਰ) ਚੰਡੀਗੜ੍ਹ: ਸਾਧਵੀਆਂ ਦੇ ਬਲਾਤਕਾਰ ਸਮੇਤ ਕਤਲ ਅਤੇ ਹੋਰ ਕਈ ਮਾਮਲਿਆਂ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਦਰਅਸਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਰਣਜੀਤ ਸਿੰਘ ਕਤਲ ਕੇਸ ਵਿੱਚ ਬਰੀ ਕਰ ਦਿੱਤਾ ਹੈ। ਅਦਾਲਤ ਨੇ ਮੰਗਲਵਾਰ ਨੂੰ ਆਪਣਾ ਫੈਸਲਾ ਸੁਣਾਇਆ ਹੈ।
ਗੋਲੀਆਂ ਮਾਰ ਕੇ ਕਤਲ:ਦੱਸ ਦਈਏ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ 18 ਅਕਤੂਬਰ 2021 ਨੂੰ ਇਸ ਮਾਮਲੇ ਵਿੱਚ ਰਾਹ ਰਹੀਮ ਨੂੰ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਰਣਜੀਤ ਸਿੰਘ ਦਾ 2002 ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਵਾਰਦਾਤ ਸਮੇਂ ਹੀ ਡੇਰੇ ਦੇ ਇੱਕ ਹੋਰ ਮੈਨੇਜਰ ਦਾ ਵੀ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਰਾਮ ਰਹੀਮ ਦੇ ਚੇਲਿਆਂ ਵਿੱਚ ਸ਼ੁਮਾਰ ਰਣਜੀਤ ਸਿੰਘ ਨੂੰ ਕੁਰੂਕਸ਼ੇਤਰ ਦੇ ਖਾਨਪੁਰ ਕੋਲੀਆਂ ਪਿੰਡ ਵਿੱਚ ਚਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕੀਤਾ ਸੀ ਮਾਮਲੇ ਵਿੱਚ ਦੋ ਹਮਲਾਵਰ ਹੁਣ ਤੱਕ ਵੀ ਅਣਪਛਾਤੇ ਹਨ।
ਗੁਮਨਾਮ ਚਿੱਠੀ ਦੱਸੀ ਗਈ ਸੀ ਕਤਲ ਦਾ ਕਾਰਣ:ਸੀਬੀਆਈ ਮੁਤਾਬਕ ਰਣਜੀਤ ਦੀ ਹੱਤਿਆ ਇਸ ਲਈ ਕੀਤੀ ਗਈ ਸੀ ਕਿਉਂਕਿ ਰਾਮ ਰਹੀਮ ਨੂੰ ਸ਼ੱਕ ਸੀ ਕਿ ਡੇਰੇ 'ਚ ਮਹਿਲਾ ਚੇਲਿਆਂ ਦੇ ਜਿਨਸੀ ਸ਼ੋਸ਼ਣ ਨੂੰ ਉਜਾਗਰ ਕਰਨ ਵਾਲੀ ਗੁਮਨਾਮ ਚਿੱਠੀ ਨੂੰ ਸਾਹਮਣੇ ਲਿਆਉਣ ਪਿੱਛੇ ਰਣਜੀਤ ਸਿੰਘ ਦਾ ਹੱਥ ਸੀ। ਸੀਬੀਆਈ ਨੇ ਕਿਹਾ ਸੀ ਕਿ ਮਹਿਲਾ ਪ੍ਰੇਮਣਾਂ ਦੇ ਜਿਨਸੀ ਸ਼ੋਸ਼ਣ ਬਾਰੇ ਚਿੱਠੀਆਂ ਵਿੱਚ ਰਣਜੀਤ ਸਿੰਘ ਅਤੇ ਉਸ ਦੀ ਇੱਕ ਭੈਣ ਦਾ ਹਵਾਲਾ ਸੀ ਅਤੇ ਜੂਨ 2002 ਵਿੱਚ ਜਦੋਂ ਪੱਤਰ ਦੀ ਸਮੱਗਰੀ ਸਾਹਮਣੇ ਆਈ ਤਾਂ ਉਸ ਨੂੰ ਡੇਰੇ ਵਿੱਚ ਬੁਲਾਇਆ ਗਿਆ ਸੀ। ਉਸ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ ਸੀ ਪਰ ਰਣਜੀਤ ਸਿੰਘ ਨੇ ਦੋਸ਼ੀਆਂ ਨੂੰ ਇਹ ਕਹਿ ਕੇ "ਮਾਫੀ ਮੰਗਣ" ਤੋਂ ਇਨਕਾਰ ਕਰ ਦਿੱਤਾ ਕਿ ਉਸ ਨੇ ਕੁਝ ਗਲਤ ਨਹੀਂ ਕੀਤਾ।
ਸੀਬੀਆਈ ਦੀ ਵਿਸ਼ੇਸ਼ ਅਦਾਲਤ ਦਾ ਹਾਈਕੋਰਟ ਨੇ ਪਲਟਿਆ ਫੈਸਲਾ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਿਰਸਾ ਡੇਰਾ ਮੁਖੀ ਰਾਮ ਰਹੀਮ ਸਮੇਤ ਸਾਰੇ 6 ਦੋਸ਼ੀਆਂ ਨੂੰ ਬਰੀ ਕੀਤਾ। ਹਾਈ ਕੋਰਟ ਨੇ ਪੰਚਕੂਲਾ ਸੀਬੀਆਈ ਕੋਰਟ ਵੱਲੋਂ 4 ਸਾਲ ਪਹਿਲਾਂ ਦਿੱਤੇ ਫੈਸਲੇ ਨੂੰ ਪਲਟ ਦਿੱਤਾ ਅਤੇ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਸੀਬੀਆਈ ਦੀ ਜਾਂਚ ਵਿੱਚ ਕਈ ਕਮੀਆਂ ਪਾਈਆਂ ਗਈਆਂ। ਸੀਬੀਆਈ ਕਤਲ ਵਿੱਚ ਵਰਤਿਆ ਹਥਿਆਰ ਅਤੇ ਕਾਰ ਬਰਾਮਦ ਨਹੀਂ ਕਰ ਸਕੀ। ਸੀਬੀਆਈ ਨੇ ਦਾਅਵਾ ਕੀਤਾ ਸੀ ਕਿ ਕਤਲ ਵਿੱਚ 455 ਬੋਰ ਪਿਸਤੌਲ ਦੀ ਵਰਤੋਂ ਕੀਤੀ ਗਈ ਸੀ। ਜਦੋਂ ਕਿ ਉਹ ਅਸਲਾ 1999 ਵਿੱਚ ਮੋਗਾ ਪੁਲੀਸ ਨੂੰ ਸੌਂਪਿਆ ਗਿਆ ਸੀ। ਕਤਲ ਦੇ ਦੋ ਗਵਾਹਾਂ ਸੁਖਦੇਵ ਸਿੰਘ ਅਤੇ ਜੋਗਿੰਦਰ ਸਿੰਘ ਦੇ ਬਿਆਨਾਂ ਵਿੱਚ ਵੀ ਕਾਫੀ ਫਰਕ ਪਾਇਆ ਗਿਆ। ਮ੍ਰਿਤਕ ਰਣਜੀਤ ਸਿੰਘ ਦੇ ਪਿਤਾ ਜੋਗਿੰਦਰ ਸਿੰਘ ਨੇ ਪਹਿਲਾਂ ਪਿੰਡ ਦੇ ਸਰਪੰਚ ’ਤੇ ਕਤਲ ਦਾ ਇਲਜ਼ਾਮ ਲਾਇਆ ਸੀ।
ਬਰੀ ਹੋਇਆ ਰਾਮ ਰਹੀਮ:ਡੇਰਾ ਮੁਖੀ ਰਾਮ ਰਹੀਮ ਸਿੰਘ ਆਪਣੀਆਂ ਦੋ ਵਿਦਿਆਰਥਣਾਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਡੇਰਾ ਮੁਖੀ ਅਤੇ ਤਿੰਨ ਹੋਰਾਂ ਨੂੰ 2019 ਵਿੱਚ 16 ਸਾਲ ਪਹਿਲਾਂ ਇੱਕ ਪੱਤਰਕਾਰ ਦੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ ਸੀ। ਇਸ ਤੋਂ ਇਲਾਵਾ 2021 ਵਿੱਚ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਵਿੱਚ ਡੇਰਾ ਮੁਖੀ ਨੂੰ ਚਾਰ ਹੋਰ ਮੁਲਜ਼ਮਾਂ ਸਮੇਤ ਦੋਸ਼ੀ ਠਹਿਰਾਇਆ ਗਿਆ ਸੀ ਪਰ ਹੁਣ ਪੰਜਾਬ ਹਰਿਆਣਾ ਹਾਈਕੋਰਟ ਨੇ ਇਸ ਕਤਲ ਦੇ ਮਾਮਲੇ ਵਿੱਚ ਰਾਮ ਰਹੀਮ ਨੂੰ ਬਰੀ ਕਰ ਦਿੱਤਾ ਹੈ।