ਚੰਡੀਗੜ੍ਹ:ਇੱਕ ਮਾਰਚ ਤੋਂ ਸ਼ੁਰੂ ਹੋਏ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਤੀਜਾ ਦਿਨ ਹੈ। ਅੱਜ ਵਿਧਾਨ ਸਭਾ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਸਰਕਾਰ ਦਾ ਬਜਟ ਪੇਸ਼ ਕੀਤਾ ਗਿਆ। ਬਜਟ ਵਿੱਚ ਪੰਜਾਬ ਦੇ ਲੋਕਾਂ ਲਈ ਵੱਖ ਵੱਖ ਸਹੁਲਤਾਂ ਦਾ ਐਲਾਨ ਕੀਤਾ ਗਿਆ ਹੈ।ਇਸ ਦੋਰਾਨ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਵਿਕਾਸ ਲਈ ਵੀ ਬਜਟ ਪੇਸ਼ ਕਰਦੇ ਹੋਏ ਸ਼ਹਿਰੀ ਵਿਕਾਸ ਲਈ 6289 ਕਰੋੜ ਰੁਪਏ ਅਤੇ ਪੇਂਡੂ ਵਿਕਾਸ ਲਈ 3154 ਕਰੋੜ ਰੁਪਏ ਦਾ ਬਜਟ ਜਾਰੀ ਕੀਤਾ ਗਿਆ ਹੈ।
ਸ਼ਹਿਰੀ ਵਿਕਾਸ ਲਈ ਬਜਟ:ਸਥਾਨਕ ਸਰਕਾਰਾਂ ਅਤੇ ਸ਼ਹਿਰੀ ਵਿਕਾਸ ਲਈ 6289 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਲੋੜਵੰਦ ਲੋਕਾਂ ਲਈ ਕੰਕਰੀਟ ਦੇ ਮਕਾਨ ਬਣਾਉਣ ਲਈ 510 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਜਲਦੀ ਹੀ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਈ-ਬੱਸਾਂ ਚੱਲਣਗੀਆਂ।
ਪੇਂਡੂ ਵਿਕਾਸ ਲਈ 3154 ਕਰੋੜ ਰੁਪਏ:ਪੇਂਡੂ ਵਿਕਾਸ ਲਈ 3154 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਹੁਣ ਤੱਕ 12 ਹਜ਼ਾਰ ਏਕੜ ਪੰਚਾਇਤੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਜਾ ਚੁੱਕਾ ਹੈ।
ਮਨਰੇਗਾ ਸਕੀਮ ਲਈ 655 ਕਰੋੜ ਰੁਪਏ:ਸਰਕਾਰ ਨੇ ਮਨਰੇਗਾ ਸਕੀਮ ਤਹਿਤ ਰੁਜ਼ਗਾਰ ਲਈ 655 ਕਰੋੜ ਰੁਪਏ ਰਾਖਵੇਂ ਰੱਖੇ ਹਨ। ਪ੍ਰਧਾਨ ਮੰਤਰੀ ਸਿੰਚਾਈ ਯੋਜਨਾ ਲਈ 20 ਕਰੋੜ ਰੁਪਏ ਰੱਖੇ ਗਏ ਹਨ।
ਸੈਰ ਸਪਾਟੇ ਲਈ 166 ਕਰੋੜ ਰੁਪਏ ਦਾ ਬਜਟ : ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਸੈਰ ਸਪਾਟਾ ਖੇਤਰ ਲਈ 166 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਇਸ ਦੌਰਾਨ ਵੱਖ-ਵੱਖ ਸਮਾਰਕਾਂ, ਪਾਰਕਾਂ 'ਤੇ 30 ਕਰੋੜ ਰੁਪਏ ਅਤੇ ਪਿਕਨਿਕਾਂ 'ਤੇ 30 ਕਰੋੜ ਰੁਪਏ ਖਰਚ ਕੀਤੇ ਜਾਣਗੇ। ਈਕੋ ਟੂਰਿਜ਼ਮ ਗਤੀਵਿਧੀਆਂ ਲਈ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ।
ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਲਈ ਬਜਟ: ਪੰਜਾਬ ਸਰਕਾਰ ਵੱਲੋਂ ਪਨਕੈਂਪਾ, ਗਰੀਨ ਪੰਜਾਬ ਮਿਸ਼ਨ ਅਤੇ ਗ੍ਰੀਨ ਇੰਡੀਆ ਮਿਸ਼ਨ ਤਹਿਤ ਚਾਲੂ ਸਾਲ ਦੌਰਾਨ ਲਗਭਗ 5,735 ਹੈਕਟੇਅਰ ਰਕਬੇ ਵਿੱਚ 46.20 ਲੱਖ ਬੂਟੇ ਲਗਾਏ ਗਏ ਹਨ। ਵਾਈਲਡਲਾਈਟ ਮਿਟੀਗੇਸ਼ਨ ਉਪਾਵਾਂ ਨੂੰ ਲਾਗੂ ਕਰਨ ਦੇ ਨਜ਼ਰੀਏ ਨਾਲ, ਵਿੱਤੀ ਸਾਲ 2024-25 ਵਿੱਚ ਇੱਕ ਨਵੇਂ ਪ੍ਰੋਜੈਕਟ ' ਹਿਊਮਨ ਵਾਈਲਡਲਾਈਫ ਕਾਨਫਲਿਕਟ ਮਿਟਿਗੇਸ਼ਨ ਸਕੀਮ ਨੂੰ ਸ਼ੁਰੂ ਕੀਤੇ ਜਾਣ ਦੀ ਤਜਵੀਜ਼ ਹੈ। ਵਿੱਤੀ ਸਾਲ 2024-25 ਵਿਚ ਜੰਗਲਾਤ ਸੁਰੱਖਿਆ ਯਤਨਾਂ ਦੀ ਸਪੋਰਟ ਲਈ 263 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ।