ਲੁਧਿਆਣਾ: ਪੰਜਾਬ ਦਾ ਸਭ ਤੋਂ ਮਹਿੰਗਾ ਅਤੇ ਸਭ ਤੋਂ ਵੱਡਾ ਲਾਡੋਵਾਲ ਟੋਲ ਪਲਾਜ਼ਾ ਕਿਸਾਨਾਂ ਨੇ ਕੱਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। 30 ਜੂਨ ਨੂੰ ਸਵੇਰੇ 10 ਵਜੇ ਤਾਲਾ ਲਾ ਕੇ ਕਿਸਾਨ ਲਾਡੋਵਾਲ ਟੋਲ ਪਲਾਜ਼ਾ ਨੂੰ ਹਮੇਸ਼ਾ ਲਈ ਬੰਦ ਕਰ ਦੇਣਗੇ। ਦੱਸ ਦਈਏ ਕਿ ਲਗਾਤਾਰ ਪਿਛਲੇ ਦੋ ਹਫਤਿਆਂ ਤੋਂ ਕਿਸਾਨ ਟੋਲ ਪਲਾਜ਼ਾ ਤੇ ਧਰਨੇ 'ਤੇ ਬੈਠੇ ਹਨ ਅਤੇ ਕਿਸਾਨਾਂ ਦੀ ਮੰਗ ਹੈ ਕਿ ਟੋਲ ਪਲਾਜ਼ਾ ਦੀਆਂ ਵਧਾਈਆਂ ਕੀਮਤਾਂ ਵਾਪਸ ਲਈਆਂ ਜਾਣ ਕਿਉਂਕਿ ਇਹ ਟੋਲ ਪਲਾਜ਼ਾ ਪਹਿਲਾਂ ਹੀ ਬਹੁਤ ਮਹਿੰਗਾ ਹੈ ਅਤੇ ਸੁਵਿਧਾਵਾਂ ਦੇ ਨਾਂ 'ਤੇ ਇੱਥੇ ਕੁਝ ਨਹੀਂ ਮਿਲ ਰਿਹਾ, ਜਿਸ ਕਰਕੇ ਨਿਤਿਨ ਗੜਕਰੀ ਦੇ ਬਿਆਨਾਂ ਦੇ ਆਧਾਰ 'ਤੇ ਉਹਨਾਂ ਕਿਹਾ ਕਿ ਜਿਸ ਟੋਲ 'ਤੇ ਸੁਵਿਧਾਵਾਂ ਨਹੀਂ ਉਸ ਟੋਲ 'ਤੇ ਟੈਕਸ ਲੈਣ ਦਾ ਕੋਈ ਤੁੱਕ ਨਹੀਂ ਬਣਦਾ।
ਕੋਈ ਵੀ ਰਾਜਨੀਤਿਕ ਆਗੂ ਤਾਲਾ ਲੱਗਣ ਤੋਂ ਰੋਕ ਨਹੀਂ ਸਕਦਾ: ਭਾਰਤੀ ਕਿਸਾਨ ਮਜਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਨਾਲ ਟੈਕਸੀ ਯੂਨੀਅਨ ਵੱਲੋਂ ਵੀ ਇਸ ਟੋਲ ਪਲਾਜ਼ਾ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਤਿਆਰੀਆਂ ਹੁਣ ਜੋਰਾ ਸ਼ੋਰਾਂ ਨਾਲ ਚੱਲ ਰਹੀਆਂ ਹਨ। ਟੈਂਟ ਲੱਗ ਰਹੇ ਹਨ ਅਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਜਦੋਂ ਕਿ ਰਾਜਨੀਤੀ ਆਗੂਆਂ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਵੀ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਹੁਣ ਕਿਸੇ ਵੀ ਕੀਮਤ 'ਤੇ ਇਹ ਟੋਲ ਪਲਾਜ਼ਾ ਨੂੰ ਤਾਲਾ ਲੱਗਣ ਤੋਂ ਨਹੀਂ ਰੁਕ ਸਕੇਗਾ ਕਿਉਂਕਿ ਸਾਡੇ ਨਾਲ ਹਲੇ ਤੱਕ ਕਿਸੇ ਨੇ ਵੀ ਗੱਲ ਨਹੀਂ ਕੀਤੀ।