ਲੁਧਿਆਣਾ:ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਚੱਲ ਰਹੇ ਅੰਦੋਲਨ ਦੇ ਸਮਰਥਨ 'ਚ ਅੱਜ ਪੰਜਾਬ ਦੇ ਕਿਸਾਨਾਂ ਨੇ ਬੰਦ ਰੱਖਿਆ। ਕਿਸਾਨਾਂ ਨੇ ਪੰਜਾਬ ਦੇ ਸਾਰੇ ਰਾਸ਼ਟਰੀ ਰਾਜ ਮਾਰਗ ਅਤੇ ਰੇਲਵੇ ਟਰੈਕ ਬੰਦ ਕਰ ਦਿੱਤੇ ਹਨ। ਕਿਸਾਨ ਸਵੇਰੇ 7 ਵਜੇ ਤੋਂ ਹੀ ਹਾਈਵੇਅ ਅਤੇ ਰੇਲਵੇ ਪਟੜੀਆਂ ਦੇ ਉੱਪਰ 140 ਥਾਵਾਂ 'ਤੇ ਬੈਠੇ ਹਨ। ਇਸ ਕਾਰਨ ਅੰਮ੍ਰਿਤਸਰ-ਜਲੰਧਰ-ਪਾਣੀਪਤ-ਦਿੱਲੀ ਅਤੇ ਅੰਮ੍ਰਿਤਸਰ-ਜੰਮੂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ।
ਲੁਧਿਆਣਾ ਦਾ ਚੌੜਾ ਬਜ਼ਾਰ ਖੁੱਲ੍ਹਾ (Etv Bharat (ਪੱਤਰਕਾਰ, ਲੁਧਿਆਣਾ)) ਲੁਧਿਆਣਾ ਦਾ ਚੌੜਾ ਬਜ਼ਾਰ ਖੁੱਲ੍ਹਾ
ਪੰਜਾਬ ਬੰਦ ਦਾ ਅਸਰ ਜਿਥੇ ਪੂਰੇ ਸੂਬੇ ਵਿੱਚ ਦਿਖ ਰਿਹਾ ਹੈ, ਉਥੇ ਹੀ ਲੁਧਿਆਣਾ ਦਾ ਮਸ਼ਹੂਰ ਚੌੜਾ ਬਜ਼ਾਰ ਖੁੱਲ੍ਹਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਨੇ ਪ੍ਰਦਰਸ਼ਨ ਕਰਨਾ ਹੈ ਤਾਂ ਉਹ ਮੰਤਰੀਆਂ ਦੇ ਅਤੇ ਵਿਧਾਇਕਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨ। ਅਸੀਂ ਕਿਸਾਨਾਂ ਦੇ ਨਾਲ ਹਾਂ, ਪਰ ਅਸੀਂ ਵੀ ਰੋਜ਼ ਦੀ ਰੋਜ਼ ਕਮਾਉਣ ਵਾਲੇ ਤੇ ਰੋਜ਼ ਦੀ ਰੋਜ਼ ਖਾਣ ਵਾਲੇ ਹਾਂ। ਦੁਕਾਨਦਾਰਾਂ ਨੇ ਕਿਹਾ ਕਿ ਅਸੀਂ ਵਰਕਰਾਂ ਨੂੰ ਕਿੱਥੋ ਪੈਸੇ ਦੇਵਾਂਗੇ ਜੇਕਰ ਦੁਕਾਨਾਂ ਬੰਦ ਰੱਖਾਂਗੇ। ਅਸੀਂ ਕਿਸਾਨਾਂ ਦੇ ਨਾਲ ਪਰ ਸ਼ਹਿਰ ਬੰਦ ਕਰਕੇ ਜਾਂ ਫਿਰ ਦੁਕਾਨਾਂ ਬੰਦ ਕਰਕੇ ਇਹ ਮਸਲੇ ਦਾ ਹੱਲ ਨਹੀਂ ਹੋਣਾ ਹੈ। ਬੰਦ ਦੌਰਾਨ ਕਿਸਾਨਾਂ ਅਤੇ ਲੋਕਾਂ ਵਿਚਾਲੇ ਤਕਰਾਰ ਦੇ ਕੁਝ ਮਾਮਲੇ ਵੀ ਸਾਹਮਣੇ ਆਏ। ਇਨ੍ਹਾਂ ਵਿੱਚ ਲੁਧਿਆਣਾ ਦੇ ਬਸਤੀ ਜੋਧੇਵਾਲ ਚੌਕ ਅਤੇ ਖੰਨਾ ਵਿੱਚ ਜਾਮ ਲਾਉਣ ਨੂੰ ਲੈ ਕੇ ਕਿਸਾਨਾਂ ਅਤੇ ਲੋਕਾਂ ਵਿੱਚ ਤਕਰਾਰ ਹੋ ਗਈ।
ਕੀ ਖੁੱਲਾ ਹੈ ਅਤੇ ਕੀ ਬੰਦ ਹੈ
ਇਹ ਬੰਦ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਰਹੇਗਾ। ਇਸ ਦੌਰਾਨ ਮੈਡੀਕਲ ਦੇਖਭਾਲ ਸਮੇਤ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾ ਵਿਆਹ ਦੇ ਜਲੂਸ ਵੀ ਬਿਨਾਂ ਕਿਸੇ ਰੁਕਾਵਟ ਦੇ ਲੰਘ ਸਕਣਗੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਸੋਮਵਾਰ ਨੂੰ ਮੁਕੰਮਲ ਬੰਦ ਰਹੇਗਾ ਪਰ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰ ਕਿਸਾਨਾਂ ਦੀਆਂ ਮੰਗਾਂ ਸੁਣਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ, 'ਬੰਦ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਰਹੇਗਾ। ਹਾਲਾਂਕਿ, ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾ, ਫਲਾਈਟ ਲਈ ਹਵਾਈ ਅੱਡੇ 'ਤੇ ਜਾਣ ਵਾਲੇ ਜਾਂ ਨੌਕਰੀ ਲਈ ਇੰਟਰਵਿਊ ਦੇਣ ਜਾਂ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਸਾਰੇ ਲੋਕਾਂ ਨੂੰ ਬੰਦ ਦੇ ਸੱਦੇ ਤੋਂ ਬਾਹਰ ਰੱਖਿਆ ਗਿਆ ਹੈ।