ਬਠਿੰਡਾ: ਦਿਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ 1 ਨਵੰਬਰ ਦੀ ਥਾਂ 30 ਅਕਤੂਬਰ ਨੂੰ ਤਨਖਾਹ ਦੇਣ ਦਾ ਐਲਾਨ ਕੀਤਾ ਗਿਆ ਸੀ ਤਾਂ ਜੋ ਉਹ ਦਿਵਾਲੀ ਦਾ ਤਿਉਹਾਰ ਧੂਮ ਧਾਮ ਨਾਲ ਮਨਾ ਸਕਣ। ਪੰਜਾਬ ਸਰਕਾਰ ਸਰਕਾਰੀ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਦੇਣ ਵਿੱਚ ਤਾਂ ਕਾਮਯਾਬ ਹੋ ਗਈ ਪਰ ਠੇਕਾ ਮੁਲਾਜ਼ਮ ਹਾਲੇ ਵੀ ਤਨਖਾਹ ਦੀ ਉਡੀਕ ਵਿੱਚ ਹਨ।
ਅਨੇਕਾਂ ਸੂਬਿਆਂ ਦੇ ਮੁਲਾਜ਼ਮਾਂ ਤੋਂ ਤਨਖਾਹ ਮਿਲ ਰਹੀ ਘੱਟ (ETV Bharat (ਪੱਤਰਕਾਰ , ਬਠਿੰਡਾ)) 3 ਫੀਸਦੀ ਮਹਿੰਗਾਈ ਭੱਤੇ
ਪੱਕੇ ਸਰਕਾਰੀ ਕਰਮਚਾਰੀਆਂ ਵੱਲੋਂ ਸਰਕਾਰ ਦੇ 30 ਅਕਤੂਬਰ ਨੂੰ ਤਨਖਾਹ ਦੇਣ ਦੇ ਐਲਾਨ ਨੂੰ ਸ਼ਗੂਫਾ ਦੱਸਦੇ ਹੋਏ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਤਨਖਾਹ ਇੱਕ ਤਰੀਕ ਨੂੰ ਮਿਲਦੀ ਸੀ ਇੱਕ ਦਿਨ ਨਾਲ ਮੁਲਾਜ਼ਮਾਂ ਨੂੰ ਬਹੁਤਾ ਫਰਕ ਨਹੀਂ ਪੈਣ ਲੱਗਿਆ। ਡੀਟੀਐਫ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਸਿੰਘ ਮੰਗੀ ਦਾ ਕਹਿਣਾ ਹੈ ਕਿ ਕਿਸੇ ਸਮੇਂ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਪੰਜਾਬ ਦੇ ਮੁਲਾਜ਼ਮਾਂ ਨੂੰ ਕੇਂਦਰ ਦੇ ਮੁਲਾਜ਼ਮਾਂ ਅਤੇ ਅਨੇਕਾਂ ਸੂਬਿਆਂ ਦੇ ਮੁਲਾਜ਼ਮਾਂ ਤੋਂ ਘੱਟ ਤਨਖਾਹ ਤੇ ਗੁਜ਼ਾਰਾ ਕਰਨਾ ਪੈ ਰਿਹਾ ਹੈ। ਕਿਉਂਕਿ ਕੇਂਦਰ ਸਰਕਾਰ ਨੇ ਪਿਛਲੇ ਦਿਨੀਂ ਕੇਂਦਰ ਦੇ ਮੁਲਾਜ਼ਮਾਂ ਲਈ 3 ਫੀਸਦੀ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਕਰ ਦਿੱਤੀ ਹੈ। ਹੁਣ ਜਿੱਥੇ ਪੰਜਾਬ ਦੇ ਮੁਲਾਜ਼ਮ 38 ਫੀਸਦੀ ਮਹਿੰਗਾਈ ਭੱਤਾ ਲੈ ਰਹੇ ਹਨ, ਉੱਥੇ ਕੇਂਦਰ ਦੇ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 53 ਫੀਸਦੀ ਹੋ ਗਿਆ । ਜਿਸ ਨਾਲ ਇਹ ਪਾੜਾ 15 ਫੀਸਦੀ ਦਾ ਹੋ ਗਿਆ ਹੈ। ਉਨਾਂ ਕਿਹਾ ਕਿ ਮੁਲਾਜ਼ਮਾਂ ਨੂੰ ਮਹਿੰਗਾਈ ਨਾਲ ਨਜਿੱਠਣ ਲਈ ਮਹਿੰਗਾਈ ਭੱਤਾ ਦਿੱਤਾ ਜਾਂਦਾ ਹੈ। ਪਰ ਪੰਜਾਬ ਸਰਕਾਰ ਵੱਲੋਂ 15 ਫੀਸਦੀ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਨੂੰ ਪਛਾੜ ਦੇਣਾ ਮੁਲਾਜ਼ਮਾਂ ਨੂੰ ਰਾਸ ਨਹੀਂ ਆ ਰਿਹਾ ਹੈ ਜਿਸ ਕਾਰਨ ਉਹ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਨਾਲ ਨਜਿੱਠਣ ਤੋਂ ਅਸਮਰੱਥ ਹੋ ਰਹੇ ਹਨ।
ਪੰਜਾਬ ਦੇ ਮੁਲਾਜ਼ਮ ਕੇਂਦਰ ਦੇ ਮੁਲਾਜ਼ਮਾਂ ਤੋਂ 15 ਫੀਸਦੀ ਪੱਛੜ ਗਏ
ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਹਰ ਵਾਅਦੇ ਤੋਂ ਮੁੱਕਰਣ ਦਾ ਇਲਜ਼ਾਮ ਲਾਇਆ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚੋਂ ਸਰਕਾਰ ਚਲਾਉਣ ਦੇ ਦਾਅਵੇ ਕਰਨ ਵਾਲੀ ਸਰਕਾਰ ਨੇ ਜਿੱਥੇ ਮੁਲਾਜ਼ਮਾਂ ਦਾ ਪੇਂਡੂ ਭੱਤਾ ਰੋਕਿਆ ਹੋਇਆ ਹੈ। ਉੱਥੇ ਹੀ ਅਨੇਕਾਂ ਮੁਲਾਜ਼ਮਾਂ ਦੇ 37 ਪ੍ਰਕਾਰ ਦੇ ਭੱਤੇ ਰੋਕੇ ਹੋਏ ਹਨ, ਨਾ ਹੀ ਪੰਜਾਬ ਸਰਕਾਰ ਵੱਲੋਂ ਤਨਖਾਹ ਕਮਿਸ਼ਨ ਦਾ ਬਕਾਇਆ ਜਾਰੀ ਕੀਤਾ ਗਿਆ ਹੈ, ਹੁਣ ਮਹਿੰਗਾਈ ਭੱਤੇ ਵਿੱਚ ਵੀ ਪੰਜਾਬ ਦੇ ਮੁਲਾਜ਼ਮ ਕੇਂਦਰ ਦੇ ਮੁਲਾਜ਼ਮਾਂ ਤੋਂ 15 ਫੀਸਦੀ ਪੱਛੜ ਗਏ ਹਨ ਜਿਸ ਕਾਰਨ ਉਹ ਕੇਂਦਰ ਦੇ ਮੁਲਾਜ਼ਮਾਂ ਨਾਲੋਂ ਤਨਖਾਹ ਵਿਚਲੇ ਵਧ ਰਹੇ ਪਾੜੇ ਤੋਂ ਬਹੁਤ ਨਿਰਾਸ਼ ਹਨ। ਡੀਟੀਐਫ ਸੰਗਤ ਬਲਾਕ ਦੇ ਪ੍ਰਧਾਨ ਗੁਰਪਾਲ ਸਿੰਘ ਦੱਸਿਆ ਕਿ ਪੰਜਾਬ ਦੀਆਂ ਆਰਥਿਕ ਅਤੇ ਭੂਗੋਲਿਕ ਹਾਲਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਮੁਲਾਜ਼ਮ ਦੇਸ਼ ਭਰ ਵਿੱਚੋਂ ਸਭ ਤੋਂ ਵੱਧ ਤਨਖਾਹ ਲੈਂਦੇ ਰਹੇ ਹਨ, ਪਰ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਮੁਲਾਜ਼ਮਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤੇ ਜਾਣ ਕਰਕੇ ਉਹ ਖੁਦ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ।
ਕਰਮਚਾਰੀਆਂ ਨੂੰ ਵਿਭਾਗ ਅਧੀਨ ਭਰਤੀ ਕਰਨ ਦੀ ਮੰਗ
ਉਧਰ ਦੂਸਰੇ ਪਾਸੇ ਭਾਵੇਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਅੱਜ 30 ਅਕਤੂਬਰ ਨੂੰ ਤਨਖਾਹ ਦੇ ਦਿੱਤੀ ਗਈ ਪਰ ਪੰਜਾਬ ਵਿੱਚ ਠੇਕੇ ਦੇ ਅਧਾਰ ਤੇ ਕੰਮ ਕਰ ਰਹੇ ਸਰਕਾਰੀ ਕਰਮਚਾਰੀ ਹਾਲੇ ਵੀ ਤਨਖਾਹ ਦੀ ਉਡੀਕ ਵਿੱਚ ਹਨ ਭਾਵੇਂ ਪੰਜਾਬ ਸਰਕਾਰ ਵੱਲੋਂ ਦਿਵਾਲੀ ਦੇ ਤਿਉਹਰ ਦੇ ਮੱਦੇ ਨਜ਼ਰ ਇੱਕ ਦੀ ਥਾਂ 30 ਤਰੀਕ ਨੂੰ ਤਨਖਾਹ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਪੀਆਰਟੀਸੀ ਅਤੇ ਪਨਬਸ ਦੇ ਠੇਕਾ ਮੁਲਾਜ਼ਮਾਂ 30 ਅਕਤੂਬਰ ਨੂੰ ਸ਼ਾਮ 5 ਵਜੇ ਤੱਕ ਤਨਖਾਹ ਨਹੀਂ ਮਿਲੀ ਸੀ। ਪੀਆਰਟੀਸੀ ਅਤੇ ਪਨ ਬੱਸ ਕੰਟਰੈਕਟ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬਾਦਲ ਦਾ ਕਹਿਣਾ ਹੈ ਕਿ ਉਨਾਂ ਦੀ ਐਸੋਸੀਏਸ਼ਨ ਵੱਲੋਂ ਲਗਾਤਾਰ ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਪੀਆਰਟੀਸੀ ਅਤੇ ਪਨਬਸ ਦੇ ਕਰਮਚਾਰੀਆਂ ਨੂੰ ਵਿਭਾਗ ਅਧੀਨ ਭਰਤੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਖਾਤਿਆਂ ਵਿੱਚ ਇੱਕ ਰੁਪਇਆ ਵੀ ਨਹੀਂ ਆਇਆ
ਠੇਕੇ 'ਤੇ ਕੰਮ ਕਰਦੇ ਇਨ੍ਹਾਂ ਕਰਮਚਾਰੀਆਂ ਨੂੰ 10 ਤੋਂ 12 ਤਰੀਕ ਦੇ ਵਿਚਕਾਰ ਤਨਖਾਹ ਦਿੱਤੀ ਜਾਂਦੀ ਸੀ ਪਰ ਇਸ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 30 ਅਕਤੂਬਰ ਨੂੰ ਤਨਖਾਹ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਸ਼ਾਮ 5 ਵਜੇ ਤੱਕ ਉਨ੍ਹਾਂ ਦੇ ਖਾਤਿਆਂ ਵਿੱਚ ਇੱਕ ਰੁਪਇਆ ਵੀ ਨਹੀਂ ਆਇਆ। ਮੁੱਖ ਮੰਤਰੀ ਪੰਜਾਬ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ, ਘੱਟ ਤਨਖਾਹ ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ ਕਰਨ ਸਬੰਧੀ, ਮੁਲਾਜ਼ਮਾਂ ਤੇ ਮਾਰੂ ਕੰਡੀਸ਼ਨਾ ਨੂੰ ਖਤਮ ਕਰਕੇ ਸਰਵਿਸ ਰੂਲ ਲਾਗੂ ਕਰਨ, ਠੇਕੇਦਾਰ ਬਾਹਰ ਕੱਢਣ, ਟਰਾਂਸਪੋਰਟ ਮਾਫੀਆ ਖਤਮ ਕਰਨ, ਕਿਲੋਮੀਟਰ ਬੱਸਾ ਬੰਦ ਕਰਨ, ਸਰਕਾਰੀ ਬੱਸਾਂ ਦੀ ਗਿਣਤੀ 10 ਹਜ਼ਾਰ ਕਰਨ ਆਦਿ ਮੰਗਾਂ ਦਾ ਹੱਲ ਕਰਨ ਲਈ ਕਮੇਟੀ ਗਠਿਤ ਕੀਤੀ ਗਈ ਸੀ। ਜਿਸ ਵਿੱਚ ਜਥੇਬੰਦੀ ਦੇ 2 ਆਗੂ ਕਮੇਟੀ ਵਿੱਚ ਸ਼ਾਮਲ ਕੀਤੇ ਗਏ ਸੀ 25/11 ਯੂਨੀਅਨ ਵੱਲੋਂ ਆਪਣੇ ਸਾਰੇ ਪੱਖ ਉਸ ਕਮੇਟੀ ਵਿੱਚ ਰੱਖੇ ਗਏ ਸੀ।
ਕਿਲੋਮੀਟਰ ਸਕੀਮ ਬੱਸਾ ਬੰਦ ਕਰਨ ਸਬੰਧੀ ਕੋਈ ਫੈਸਲਾ ਨਹੀਂ ਕੀਤਾ
2 ਅਦਾਰਿਆਂ ਦੇ ਡਾਇਰੈਕਟਰਾਂ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਪਾਲਸੀ ਬਣਾ ਕੇ ਟਰਾਂਸਪੋਰਟ ਮੰਤਰੀ ਸਾਹਿਬ ਨੂੰ ਭੇਜ ਦਿੱਤੀ ਹੈ ਪ੍ਰੰਤੂ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਪਾਲਸੀ ਨੂੰ ਲੰਮਕਾ ਕੇ ਟਾਇਮ ਟਪਾਉਣ ਚਹੁੰਦੀ ਹੈ। ਪਨਬਸ ਅਤੇ ਪੀਆਰਟੀਸੀ ਵਿਭਾਗਾਂ ਦੀ ਮਨੇਜਮੈਂਟ ਵੱਲੋਂ ਲਗਭਗ 2 ਸਾਲਾ ਦਾ ਸਮਾਂ ਬੀਤਣ ਦੇ ਬਾਵਜੂਦ ਵੀ 5% ਦਾ ਏਰੀਅਲ ਨਹੀਂ ਪਾਇਆ ਗਿਆ। ਜੇਕਰ ਮਨੇਜਮੈਂਟ ਨੇ ਸਮੂਹ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਪਾਲਸੀ ਸਬੰਧੀ ਜਲਦੀ ਫੈਸਲਾ ਨਾ ਕੀਤਾ ਗਿਆ ਅਤੇ ਘੱਟ ਤਨਖਾਹ ਵਿੱਚ ਇਕਸਾਰਤਾ ਕਰਨ ਸਬੰਧੀ, ਮਾਰੂ ਕੰਡੀਸ਼ਨਾ ਨੂੰ ਰੱਦ ਕਰਨ ਸਰਵਿਸ ਰੂਲ ਲਾਗੂ ਕਰਨ, ਕਿਲੋਮੀਟਰ ਸਕੀਮ ਬੱਸਾ ਬੰਦ ਕਰਨ ਸਬੰਧੀ ਕੋਈ ਫੈਸਲਾ ਨਹੀਂ ਕੀਤਾ ਜਾ ਰਿਹਾ ਹੈ। ਜਿਸ ਕਾਰਨ ਲਗਾਤਾਰ ਠੇਕਾ ਮੁਲਾਜ਼ਮ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਦਿਵਾਲੀ ਦਾ ਤਿਉਹਾਰ ਹੈ ਪਰ ਪੰਜਾਬ ਸਰਕਾਰ ਕੱਚੇ ਕਾਮਿਆਂ ਪ੍ਰਤੀ ਗੰਭੀਰ ਨਜ਼ਰ ਨਹੀਂ ਆ ਰਹੇ ਅਤੇ ਅੱਜ ਵੀ ਕੱਚੇ ਕਾਮੇ ਖਾਲੀ ਜੇਬਾਂ ਨਾਲ ਆਪਣੇ ਘਰਾਂ ਵਿੱਚ ਪਰਤਣ ਨੂੰ ਮਜਬੂਰ ਹਨ।