ਪੰਜਾਬ

punjab

ETV Bharat / state

ਪਿੰਡ ਧੌਲਾ 'ਚ ਬਿਜਲੀ ਮੁਲਾਜ਼ਮਾਂ ਨੇ ਰੇਡ ਕਰਕੇ ਫੜੀਆਂ ਕੁੰਡੀਆਂ, ਤਾਂ ਪੈ ਗਿਆ ਰੌਲਾ - Barnala Bijli Chori - BARNALA BIJLI CHORI

Protest of Electricity Employees: ਬਰਨਾਲਾ ਦੇ ਬਿਜਲੀ ਮੁਲਾਜ਼ਮ ਕੁੰਡੀ ਕੁਨੈਕਸ਼ਨ ਦੀ ਸ਼ਿਕਾਇਤ ’ਤੇ ਜ਼ਿਲ੍ਹੇ ਦੇ ਪਿੰਡ ਧੌਲਾ ਵਿੱਚ ਬਿਜਲੀ ਚੋਰੀ ਫੜਨ ਗਏ। ਪਿੰਡ ਦੇ ਲੋਕਾਂ ਅਤੇ ਕਿਸਾਨ ਯੂਨੀਅਨ ਨੇ ਉਲਟਾ ਬਿਜਲੀ ਮੁਲਾਜ਼ਮਾਂ ’ਤੇ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਾਏ ਗਏ ਹਨ। ਪੜ੍ਹੋ ਪੂਰੀ ਖ਼ਬਰ...

Protest of electricity employees
ਬਿਜਲੀ ਮੁਲਾਜ਼ਮਾਂ ਨੇ ਰੇਡ ਕਰਕੇ ਫੜੀਆਂ ਕੁੰਡੀਆਂ (ETV Bharat (ਪੱਤਰਕਾਰ, ਬਰਨਾਲਾ))

By ETV Bharat Punjabi Team

Published : Sep 25, 2024, 8:04 AM IST

ਬਰਨਾਲਾ:ਬਰਨਾਲਾ ਦੇ ਪਿੰਡ ਧੌਲਾ ਵਿੱਚ ਬਿਜਲੀ ਚੋਰੀ ਦੀਆਂ ਕੁੰਡੀਆਂ ਫੜਨ ਨੂੰ ਲੈ ਕੇ ਰੌਲਾ ਪੈ ਗਿਆ। ਕਿਸਾਨ ਧਿਰਾਂ ਅਤੇ ਬਿਜਲੀ ਮੁਲਾਜ਼ਮ ਆਹਮੋ ਸਾਹਮਣੇ ਹੋ ਗਏ। ਮੰਗਲਵਾਰ ਸਵੇਰੇ ਬਿਜਲੀ ਮੁਲਾਜ਼ਮ ਕੁੰਡੀ ਕੁਨੈਕਸ਼ਨ ਦੀ ਸ਼ਿਕਾਇਤ ’ਤੇ ਜ਼ਿਲ੍ਹੇ ਦੇ ਪਿੰਡ ਧੌਲਾ ਵਿੱਚ ਬਿਜਲੀ ਚੋਰੀ ਫੜਨ ਗਏ ਸਨ। ਇਸ ਦੌਰਾਨ ਦੋਹਾਂ ਧਿਰਾਂ ਵਲੋਂ ਜੰਮ ਕੇ ਹੰਗਾਮਾ ਕੀਤਾ ਗਿਆ।

ਬਿਜਲੀ ਮੁਲਾਜ਼ਮਾਂ ਨੇ ਰੇਡ ਕਰਕੇ ਫੜੀਆਂ ਕੁੰਡੀਆਂ (ETV Bharat (ਪੱਤਰਕਾਰ, ਬਰਨਾਲਾ))

ਬਿਜਲੀ ਮੁਲਾਜ਼ਮਾਂ ’ਤੇ ਪ੍ਰੇਸ਼ਾਨ ਕਰਨ ਦੇ ਇਲਜ਼ਾਮ

ਇਸ ਗੱਲ ਦਾ ਪਤਾ ਲੱਗਦਿਆਂ ਹੀ ਕਿਸਾਨ ਯੂਨੀਅਨ ਨੇ ਬਿਜਲੀ ਮੁਲਾਜ਼ਮਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ। ਇਸ ਦੇ ਵਿਰੋਧ ਵਿੱਚ ਕੁਝ ਲੋਕ ਪਿੰਡ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ। ਇਸ ਮੌਕੇ ’ਤੇ ਵੱਡੀ ਗਿਣਤੀ ’ਚ ਬਿਜਲੀ ਵਿਭਾਗ ਦੇ ਮੁਲਾਜ਼ਮ ਵੀ ਪਹੁੰਚੇ। ਪਿੰਡ ਦੇ ਲੋਕਾਂ ਅਤੇ ਕਿਸਾਨ ਯੂਨੀਅਨ ਨੇ ਬਿਜਲੀ ਮੁਲਾਜ਼ਮਾਂ ’ਤੇ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਾਏ, ਜਦਕਿ ਬਿਜਲੀ ਵਿਭਾਗ ਦੇ ਅਧਿਕਾਰੀ ਅਨੁਸਾਰ ਪੰਜ ਬਿਜਲੀ ਚੋਰੀ ਦੇ ਮਾਮਲੇ ਫੜੇ ਗਏ ਹਨ।

"ਰਾਤ ਦੇ ਹਨੇਰੇ ਵਿੱਚ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਗਿਆ"

ਇਸ ਮੌਕੇ ਗੱਲਬਾਤ ਕਰਦਿਆਂ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਲੋਕਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਪਿੰਡ ਧੌਲਾ 'ਚ ਬਿਜਲੀ ਕਰਮਚਾਰੀ ਸ਼ਾਮ 4 ਵਜੇ ਹਨੇਰੇ 'ਚ ਕੰਧਾਂ ਟੱਪ ਕੇ ਬਿਨਾਂ ਕੋਈ ਪਛਾਣ ਦੱਸੇ ਉਨ੍ਹਾਂ ਦੇ ਘਰਾਂ 'ਚ ਦਾਖਲ ਹੋ ਗਏ। ਕੁੰਡੀ ਫੜਨ ਬਹਾਨੇ ਲੋਕਾਂ ਦੇ ਘਰਾਂ 'ਚ ਬਿਜਲੀ ਮੁਲਾਜ਼ਮ ਆਏ ਸਨ, ਪਰ ਪੁੱਛਣ 'ਤੇ ਵੀ ਉਨ੍ਹਾਂ ਨੇ ਆਪਣੀ ਪਛਾਣ ਵੀ ਨਹੀਂ ਦੱਸੀ। ਇਸ ਕਾਰਵਾਈ ਦਾ ਉਨ੍ਹਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਤ ਦੇ ਹਨੇਰੇ ਵਿੱਚ ਉਨ੍ਹਾਂ ਨੂੰ ਪਰੇਸ਼ਾਨ ਕਰ ਰਿਹਾ ਹੈ।

ਬਿਜਲੀ ਸਬੰਧੀ ਕਈ ਮਸਲੇ ਲੰਬੇ ਸਮੇਂ ਤੋਂ ਲਟਕ ਰਹੇ

ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਬਿਜਲੀ ਸਬੰਧੀ ਕਈ ਮਸਲੇ ਲੰਬੇ ਸਮੇਂ ਤੋਂ ਲਟਕ ਰਹੇ ਹਨ, ਪਰ ਜਦੋਂ ਉਹ ਬਿਜਲੀ ਵਿਭਾਗ ਨਾਲ ਸੰਪਰਕ ਕਰਦੇ ਹਨ, ਤਾਂ ਮੁਲਾਜ਼ਮ ਸਮੇਂ ਦੀ ਘਾਟ ਅਤੇ ਕਈ ਹੋਰ ਬਹਾਨੇ ਦਿੰਦੇ ਹਨ। ਪਰ ਹੁਣ ਬਿਜਲੀ ਕੁੰਡੀ ਦੇ ਬਹਾਨੇ ਬਿਜਲੀ ਕਰਮਚਾਰੀ ਡਿਊਟੀ ਸਮੇਂ ਤੋਂ ਪਹਿਲਾਂ ਰਾਤ ਦੇ ਹਨੇਰੇ ਵਿੱਚ ਘਰਾਂ ਵਿੱਚ ਦਾਖ਼ਲ ਹੋ ਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਇਸ ਦੇ ਵਿਰੋਧ ਵਿੱਚ ਅੱਜ ਉਹ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ।

ਲੋਕਾਂ ਦੇ ਘਰਾਂ ਵਿੱਚ ਛਾਪੇਮਾਰੀ

ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਨੇ ਕਿਹਾ ਕਿ ਬਿਜਲੀ ਮੁਲਾਜ਼ਮਾਂ ਨੇ ਰਾਤ ਦੇ ਹਨੇਰੇ ਵਿੱਚ ਕੁੰਡੀਆਂ ਨੂੰ ਫੜਨ ਦੇ ਬਹਾਨੇ ਲੋਕਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਹੈ। ਲੋਕਾਂ ਲਈ ਕੰਧਾਂ ਅਤੇ ਦਰਵਾਜ਼ਿਆਂ ਤੋਂ ਛਾਲ ਮਾਰ ਕੇ ਘਰਾਂ ਵਿੱਚ ਵੜਨ ਕਿਸੇ ਕਾਨੂੰਨ ਅਧੀਨ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਕਿਸੇ ਵੀ ਘਰ ਵਿੱਚ ਬਿਜਲੀ ਦੀ ਕੁੰਡੀ ਨਹੀਂ ਲੱਗੀ ਸੀ ਪਰ ਬਿਜਲੀ ਵਿਭਾਗ ਦੇ ਮੁਲਾਜ਼ਮ ਲੋਕਾਂ ਨੂੰ ਧੱਕੇ ਨਾਲ ਜ਼ੁਰਮਾਨਾ ਕਰਨ ਲਈ ਅੜੇ ਹੋਏ ਹਨ। ਜੇਕਰ ਕਿਸੇ ਨੇ ਕੁਤਾਹੀ ਕੀਤੀ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇ।

ਲੋਕਾਂ ਦੀਆਂ ਸਮੱਸਿਆਵਾਂ

ਕਿਸਾਨ ਯੂਨੀਅਨ ਦੇ ਆਗੂ ਨੇ ਕਿਹਾ ਕਿ ਬਿਜਲੀ ਵਿਭਾਗ ਦੇ ਮੁਲਾਜ਼ਮ ਬਿਜਲੀ ਦੀਆਂ ਤਾਰਾਂ ਦੇ ਨੰਗੇ ਜੋੜਾਂ ਦੀ ਵੀਡੀਓ ਬਣਾ ਕੇ ਲੋਕਾਂ ਨੂੰ ਜੁਰਮਾਨਾ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਦਾ ਉਹ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਦੀਆਂ ਸਮੱਸਿਆਵਾਂ ਦੀ ਗੱਲ ਆਉਂਦੀ ਹੈ, ਤਾਂ ਬਿਜਲੀ ਮੁਲਾਜ਼ਮਾਂ ਕੋਲ ਸਮਾਂ ਹੀ ਨਹੀਂ ਹੈ। ਪਰ ਡਿਊਟੀ ਸਮੇਂ ਤੋਂ ਕਈ ਘੰਟੇ ਪਹਿਲਾਂ ਹੀ ਹਨੇਰੇ ਵਿੱਚ ਲੋਕਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਪਾਵਰਕੌਮ ਦੇ ਇਨਫੋਰਸਮੈਂਟ ਵਿੰਗ ਤੋਂ ਮਿਲੀ ਸੂਚਨਾ

ਇਸ ਸਬੰਧੀ ਬਰਨਾਲਾ ਦੇ ਐਸ.ਡੀ.ਓ ਦਿਹਾਤੀ ਪ੍ਰਵੇਸ਼ ਸ਼ਰਮਾ ਨੇ ਦੱਸਿਆ ਕਿ ਪਾਵਰਕੌਮ ਦੇ ਇਨਫੋਰਸਮੈਂਟ ਵਿੰਗ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਉਨ੍ਹਾਂ ਆਪਣੀ ਟੀਮ ਸਮੇਤ ਅੱਜ ਸਵੇਰੇ 6 ਵਜੇ ਤੋਂ ਬਾਅਦ ਪਿੰਡ ਧੌਲਾ ਵਿਖੇ ਛਾਪੇਮਾਰੀ ਕੀਤੀ ਤਾਂ ਕਈ ਬਿਜਲੀ ਚੋਰੀਆਂ ਕੇਸ ਫੜੇ। ਇਸ ਦੌਰਾਨ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ। ਜਦੋਂ ਉਹ ਆਪਣਾ ਕੰਮ ਨਿਪਟਾ ਕੇ ਜਾ ਰਿਹਾ ਸੀ ਤਾਂ ਕਿਸਾਨ ਯੂਨੀਅਨ ਦੇ ਲੋਕਾਂ ਵੱਲੋਂ ਬਿਨਾਂ ਕਿਸੇ ਕਾਰਨ ਘੇਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਅੱਜ ਪੰਜ ਘਰਾਂ ਵਿੱਚ ਬਿਜਲੀ ਚੋਰੀ ਦੇ ਕੇਸ ਫੜੇ ਹਨ, ਜਿਸ ਦੀ ਉਨ੍ਹਾਂ ਵੱਲੋਂ ਵੀਡੀਓਗ੍ਰਾਫੀ ਕੀਤੀ ਗਈ ਹੈ।

ਬਿਜਲੀ ਚੋਰਾਂ ਦੀ ਮਦਦ

ਐਸ.ਡੀ.ਓ ਨੇ ਕਿਹਾ ਕਿ ਕੋਈ ਵੀ ਕੰਧ ਤੋੜ ਕੇ ਕਿਸੇ ਵੀ ਘਰ ਵਿੱਚ ਨਹੀਂ ਵੜਿਆ, ਸਗੋਂ ਦਰਵਾਜ਼ੇ ਰਾਹੀਂ ਖੋਲ੍ਹ ਕੇ ਘਰਾਂ ਵਿੱਚ ਦਾਖ਼ਲ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਹੁਣ ਉਨ੍ਹਾਂ ’ਤੇ ਦਬਾਅ ਪਾ ਰਹੀ ਹੈ ਕਿ ਬਿਜਲੀ ਚੋਰੀ ਕਰਨ ਵਾਲੇ ਫੜੇ ਜਾਣ ਵਾਲਿਆਂ ਵਿੱਚੋਂ ਕਿਸੇ ਨੂੰ ਵੀ ਜੁਰਮਾਨਾ ਨਾ ਕੀਤਾ ਜਾਵੇ। ਜਦਕਿ ਉਹ ਇਸ ਕਾਰਵਾਈ ਵਿੱਚ ਇੱਕ ਕਦਮ ਵੀ ਪਿੱਛੇ ਨਹੀਂ ਹੱਟਣਗੇ ਅਤੇ ਵਿਭਾਗ ਦੇ ਨਿਯਮਾਂ ਅਨੁਸਾਰ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕਿਸਾਨ ਜਥੇਬੰਦੀਆਂ ਬਿਜਲੀ ਚੋਰੀ ਨੂੰ ਗਲਤ ਕਹਿ ਰਹੀਆਂ ਹਨ, ਪਰ ਦੂਜੇ ਪਾਸੇ ਬਿਜਲੀ ਚੋਰਾਂ ਦੀ ਮਦਦ ਕੀਤੀ ਜਾ ਰਹੀ ਹੈ।

ABOUT THE AUTHOR

...view details