ਪੰਜਾਬ

punjab

ETV Bharat / state

ਗਿਆਸਪੁਰਾ ਸਕੂਲ 'ਚ ਵਿਦਿਆਰਥੀਆਂ ਦੀ ਗਿਣਤੀ ਨੂੰ ਲੈਕੇ ਵੱਡਾ ਵਿਵਾਦ, ਸਕੂਲ ਪ੍ਰਿੰਸੀਪਲ ਸਸਪੈਂਡ; ਪ੍ਰਿੰਸੀਪਲ ਨੇ ਕਿਹਾ ਮੈਨੂੰ ਫਸਾਉਣ ਦੀ ਕੋਸ਼ਿਸ਼

ਲੁਧਿਆਣਾ ਦੇ ਗਿਆਸਪੁਰਾ ਪ੍ਰਾਇਮਰੀ ਸਕੂਲ 'ਚ ਵਿਦਿਆਰਥੀਆਂ ਦੀ ਗਿਣਤੀ ਨੂੰ ਲੈਕੇ ਸਕੂਲ ਪ੍ਰਿੰਸੀਪਲ ਨੂੰ ਸਸਪੈਂਡ ਕੀਤਾ ਗਿਆ ਹੈ।

ਗਿਆਸਪੁਰਾ ਪ੍ਰਾਇਮਰੀ ਸਕੂਲ ਪ੍ਰਿੰਸੀਪਲ ਸਸਪੈਂਡ
ਗਿਆਸਪੁਰਾ ਪ੍ਰਾਇਮਰੀ ਸਕੂਲ ਪ੍ਰਿੰਸੀਪਲ ਸਸਪੈਂਡ (ETV BHARAT)

By ETV Bharat Punjabi Team

Published : 10 hours ago

ਲੁਧਿਆਣਾ:ਜ਼ਿਲ੍ਹੇ ਦੇ ਗਿਆਸਪੁਰਾ ਦੇ ਪ੍ਰਾਇਮਰੀ ਸਰਕਾਰੀ ਸਕੂਲ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਨੂੰ ਲੈ ਕੇ ਵੱਡਾ ਵਿਵਾਦ ਪੈਦਾ ਹੋ ਗਿਆ ਹੈ। ਇੱਕ ਪਾਸੇ ਜਿੱਥੇ ਅਧਿਕਾਰਿਕ ਤੌਰ 'ਤੇ ਸਕੂਲ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ 5700 ਦੇ ਕਰੀਬ ਹੈ। ਉਥੇ ਹੀ ਦੂਜੇ ਪਾਸੇ ਸਕੂਲ ਦੇ ਵਿੱਚ ਚੈਕਿੰਗ ਕਰਨ ਉਪਰੰਤ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਵੱਡਾ ਫੇਰਬਦਲ ਵੇਖਣ ਨੂੰ ਮਿਲਿਆ ਹੈ।

ਗਿਆਸਪੁਰਾ ਪ੍ਰਾਇਮਰੀ ਸਕੂਲ ਪ੍ਰਿੰਸੀਪਲ ਸਸਪੈਂਡ (ETV BHARAT)

ਜਾਂਚ ਦੌਰਾਨ ਵਿਦਿਆਰਥੀਆਂ ਦੀ ਗਿਣਤੀ ਘੱਟ

ਇਸ ਦੌਰਾਨ ਸਕੂਲ ਦੀ ਮੌਜੂਦਾ ਪ੍ਰਿੰਸੀਪਲ ਨਿਸ਼ਾ ਰਾਣੀ 'ਤੇ ਇਲਜ਼ਾਮ ਵੀ ਲੱਗੇ ਹਨ ਕਿ ਉਹਨਾਂ ਵੱਲੋਂ ਸਕੂਲ ਦੇ ਵਿੱਚ ਜਿੰਨੀਆਂ ਵਰਦੀਆਂ ਅਤੇ ਮਿਡ ਡੇ ਮੀਲ ਦਾ ਰਾਸ਼ਨ ਮੰਗਾਇਆ ਜਾ ਰਿਹਾ ਹੈ, ਉਹ 5700 ਵਿਦਿਆਰਥੀਆਂ ਦੇ ਮੁਤਾਬਿਕ ਮੰਗਾਇਆ ਜਾ ਰਿਹਾ ਹੈ। ਇਲਜ਼ਾਮ ਹੈ ਕਿ ਵਿਭਾਗ ਵਲੋਂ ਕੀਤੀ ਗਈ ਜਾਂਚ ਤੇ ਚੈਕਿੰਗ ਦੌਰਾਨ ਬੱਚਿਆਂ ਦੀ ਗਿਣਤੀ ਕਾਫੀ ਘੱਟ ਹੈ।

ਅਧਿਕਾਰੀਆਂ ਵਲੋਂ ਸਕੂਲ 'ਚ ਘੁਟਾਲਾ ਹੋਣ ਦੇ ਦੋਸ਼

ਇਸ ਸਬੰਧੀ ਪ੍ਰਾਇਮਰੀ ਲੁਧਿਆਣਾ ਦੀ ਜ਼ਿਲ੍ਹਾ ਸਿੱਖਿਆ ਅਫਸਰ ਰਵਿੰਦਰ ਕੌਰ ਨੇ ਕਿਹਾ ਹੈ ਕਿ ਇਸ ਸਬੰਧੀ ਕਾਰਵਾਈ ਕਰਦੇ ਹੋਏ ਸਕੂਲ ਦੀ ਪ੍ਰਿੰਸੀਪਲ ਨੂੰ ਸਸਪੈਂਡ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਅੱਗੇ ਵਿਭਾਗੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਇਸ ਦੀ ਵਿਜੀਲੈਂਸ ਜਾਂਚ ਵੀ ਕਰਵਾਈ ਜਾਵੇਗੀ, ਕਿਉਂਕਿ ਘਪਲਾ ਕਾਫੀ ਵੱਡਾ ਨਜ਼ਰ ਆ ਰਿਹਾ ਹੈ। ਜ਼ਿਲ੍ਹਾ ਸਿੱਖਿਆ ਅਫਸਰ ਦਾ ਕਹਿਣਾ ਕਿ ਫਿਲਹਾਲ ਅਸੀਂ ਟੀਮ ਦਾ ਗਠਨ ਕੀਤਾ ਹੈ ਜੋ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਉਹਨਾਂ ਕਿਹਾ ਕਿ ਕਈ ਵਾਰ ਸਕੂਲ ਜਾਣ ਦੇ ਬਾਵਜੂਦ ਸਾਨੂੰ ਲੋੜੀਂਦੀ ਗਿਣਤੀ ਦੇ ਵਿੱਚ ਵਿਦਿਆਰਥੀ ਨਹੀਂ ਮਿਲੇ ਹਨ।

ਸਕੂਲ ਦੀ ਪ੍ਰਿੰਸੀਪਲ ਨੂੰ ਕੀਤਾ ਗਿਆ ਸਸਪੈਂਡ

ਇਸ ਤੋ ਪਹਿਲਾਂ ਸਕੂਲ ਦੀ ਪ੍ਰਿੰਸਪਲ ਨਿਸ਼ਾ ਰਾਣੀ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਉਨ੍ਹਾਂ ਨੂੰ ਤੰਗ ਕਰ ਰਹੀ ਹੈ। ਉਨ੍ਹਾਂ 'ਤੇ ਬੇਬੁਨਿਆਦ ਇਲਜ਼ਾਮ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੇ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਤੇ ਜਦੋਂ ਉਨ੍ਹਾਂ ਇਨਕਾਰ ਕਰ ਦਿੱਤਾ ਤਾਂ ਇਹ ਸਭ ਕੁਝ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਕੂਲ ਦੀ ਭਲਾਈ ਲਈ ਉਨ੍ਹਾਂ ਦਿਨ ਰਾਤ ਮਿਹਨਤ ਕੀਤੀ ਹੈ ਤੇ ਵਿਦਿਆਰਥੀਆਂ ਦੀ ਗਿਣਤੀ 'ਚ ਵੀ ਵਾਧਾ ਹੋਇਆ ਹੈ। ਇਸ ਦੌਰਾਨ ਉਨ੍ਹਾਂ ਨੂੰ ਕਈ ਐਵਾਰਡ ਵੀ ਮਿਲ ਚੁੱਕੇ ਹਨ। ਕਾਬਿਲੇਗੌਰ ਹੈ ਕਿ ਸਕੂਲ ਦੀ ਪ੍ਰਿੰਸੀਪਲ ਦੀ ਪੁੱਛਗਿਛ ਦੇ ਲਈ ਟੀਮ ਪੁੱਜੀ ਤਾਂ ਮੈਡਮ ਬੇਹੋਸ਼ ਹੋ ਗਈ। ਜਿਸ ਤੋਂ ਬਾਅਦ ਪ੍ਰਿੰਸੀਪਲ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ABOUT THE AUTHOR

...view details